ਅੰਟਾਰਕਟਿਕਾ: ਕੋਰੋਨਾ ਵਾਇਰਸ ਨੇ ਦੁਨੀਆ ਦੇ ਆਖ਼ਰੀ ਬਚੇ ਹਿੱਸੇ ਅੰਟਾਰਕਟਿਕਾ ਵਿੱਚ ਵੀ ਦਸਤਕ ਦੇ ਦਿੱਤੀ ਹੈ। ਹੁਣ ਤੱਕ ਅੰਟਾਰਕਟਿਕਾ ਸਿਰਫ਼ ਅਜਿਹਾ ਮਹਾਂਦੀਪ ਸੀ ਜਿੱਥੇ ਘਾਤਕ ਕੋਰੋਨਾ ਵਾਇਰਸ ਦੀ ਪਹੁੰਚ ਨਹੀਂ ਹੋ ਸਕੀ ਸੀ। ਇੱਥੇ ਲੈਟਿਨੀ ਅਮਰੀਕੀ ਦੇਸ਼ ਚਿਲੀ ਦੇ ਰਿਸਰਚ ਸੈਂਟਰ ਵਿੱਚ ਕੋਵਿਡ-19 ਦੇ 36 ਮਾਮਲੇ ਸਾਹਮਣੇ ਆਏ ਹਨ। ਇਸ ਦਾ ਮਤਲਬ ਹੈ ਕਿ ਹੁਣ ਦੁਨੀਆਂ ਦਾ ਕੋਈ ਅਜਿਹਾ ਮਹਾਂਦੀਪ ਨਹੀਂ ਬਚਿਆ ਜੋ ਕੋਰੋਨਾ ਵਾਇਰਸ ਦੀ ਮਾਰ ਤੋਂ ਬਚਿਆ ਹੋਵੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਚਿਲੀ ਦੀ ਫੌਜ ਨੇ ਕਿਹਾ ਕਿ ਅੰਟਾਰਕਟਿਕਾ ਵਿੱਚ ਸਥਿਤ ਰਿਸਰਚ ਬੇਸ ਜਨਰਲ ਬਰਨਾਰਡੋ ਓ’ਹਿੱਗਿੰਸ ਰਿਕੈਲਮੇ ਦੀ ਨਿਗਰਾਨੀ ਕਰ ਰਹੇ ਕੰਪਨੀ ਦੇ 10 ਕਰਮਚਾਰੀ ਅਤੇ 26 ਫੌਜ ਦੇ ਜਵਾਨ ਕੋਰੋਨਾ ਵਾਇਰਸ ਨਾਲ ਸੰਕਰਮਿਤ ਪਾਏ ਗਏ ਹਨ ਅਤੇ ਇਹਨਾਂ ਨੂੰ ਚਿਲੀ ਵਿੱਚ ਕੁੰਆਰਟੀਨ ਕੀਤਾ ਗਿਆ ਹੈ। ਫੌਜ ਨੇ ਕਿਹਾ ਸਭ ਦੀ ਦੇਖਭਾਲ ਕੀਤੀ ਜਾ ਰਹੀ ਹੈ ਅਤੇ ਕਿਸੇ ਦੀ ਸਥਿਤੀ ਗੰਭੀਰ ਨਹੀਂ ਹੈ। ਬਰਨਾਰਡੋ ਓ’ਹਿੱਗਿੰਸ ਰਿਸਰਚ ਸਟੇਸ਼ਨ ਨੂੰ ਚਿਲੀ ਦੀ ਸੈਨਾ ਚਲਾਉਂਦੀ ਹੈ ਅਤੇ ਇਹ ਚਿਲੀ ਦੇ ਚਾਰ ਸਥਾਈ ਠਿਕਾਣਿਆਂ ‘ਚੋਂ ਇਕ ਹੈ।
ਇਹ ਮੰਨਿਆ ਜਾਂਦਾ ਹੈ ਕਿ 27 ਨਵੰਬਰ ਨੂੰ ਕੁਝ ਮਾਲ ਚਿਲੀ ਤੋਂ ਅੰਟਾਰਕਟਿਕਾ ਆਇਆ ਸੀ ਅਤੇ ਲੋਕ ਇਸ ਨਾਲ ਸੰਕਰਮਿਤ ਹੋ ਗਏ, ਪਰ ਚਿਲੀ ਸੈਨਾ ਦਾ ਦਾਅਵਾ ਹੈ ਕਿ ਉਹ ਲੋਕ ਜਿਹੜੇ ਅੰਟਾਰਕਟਿਕ ਗਏ ਸਨ ਉਨ੍ਹਾਂ ਦਾ ਪੀਸੀਆਰ ਟੈਸਟ ਕੀਤਾ ਗਿਆ ਹੈ ਅਤੇ ਸਾਰੇ ਨਕਾਰਾਤਮਕ ਪਾਏ ਗਏ ਹਨ।