ਚੰਡੀਗੜ੍ਹ ( ਦਰਸ਼ਨ ਸਿੰਘ ਖੋਖਰ): ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਹੱਥ ਠੋਕੇ ਬਣਕੇ ਕੰਮ ਕਰ ਰਹੇ ਹਨ।
ਚੰਡੀਗੜ੍ਹ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਧਵਾਂ ਨੇ ਕਿਹਾ ਕਿ ਜਿਸ ਤਰ੍ਹਾਂ ਸੰਗਰੂਰ ਦੇ ਐਸਡੀਐਮ ਨੇ 2 ਦਸੰਬਰ ਨੂੰ ਟੈਂਟ ਮਾਲਕਾਂ ਇਹ ਆਦੇਸ਼ ਦਿੱਤੇ ਹਨ ਕਿ ਕਿਸੇ ਨੂੰ ਵੀ ਟੈਂਟ ਦਾ ਸਮਾਨ ਨਾ ਦਿੱਤਾ ਜਾਵੇ। ਇਨ੍ਹਾਂ ਆਦੇਸ਼ਾਂ ਤੋਂ ਬਾਅਦ 6 ਦਸੰਬਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲ ਕੇ ਆਏ ਹਨ। ਜਿੱਥੇ ਉਨ੍ਹਾਂ ਅਮਿਤ ਸ਼ਾਹ ਨੂੰ ਕਿਹਾ ਕਿ ਕਿਸਾਨਾਂ ਦੇ ਸੰਘਰਸ਼ ਦੇ ਮਾਮਲੇ ਵਿੱਚ ਉਹ ਵੀ ਕੇਂਦਰ ਸਰਕਾਰ ਦੇ ਨਾਲ ਹਨ ਅਤੇ ਐਸ ਡੀ ਐਮ ਵੱਲੋਂ ਜਾਰੀ ਪੱਤਰ ਉਨ੍ਹਾਂ ਅਮਿਤ ਸ਼ਾਹ ਨੂੰ ਵਿਖਾਇਆ ਸੀ।
ਸੰਧਵਾਂ ਨੇ ਕਿਹਾ ਕਿ ਇਹ ਪੱਤਰ ਰੱਦ ਹੋਣਾ ਚਾਹੀਦਾ ਹੈ ਕਿਉਂਕਿ ਇਸ ਮਹੀਨੇ ਸ਼ਹੀਦੀ ਦਿਹਾੜੇ ਚੱਲ ਰਹੇ ਹਨ ਅਤੇ ਕਿਸਾਨ ਟੈਂਟ ਦਿੱਲੀ ਵੀ ਲਿਜਾ ਰਹੇ ਰਹੇ ਹਨ।
ਸੰਧਵਾਂ ਨੇ ਕਿਹਾ ਕਿ ਕਿਸਾਨਾਂ ਦੇ ਸੰਘਰਸ਼ ਨੂੰ ਕੇਂਦਰ ਸਰਕਾਰ ਦੀਆਂ ਏਜੰਸੀਆਂ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਕਿਹਾ ਇਹ ਜਾ ਰਿਹਾ ਹੈ ਕਿ ਕਿਸਾਨ ਅੰਦੋਲਨ ਪਿੱਛੇ ਕੁਝ ਹੋਰ ਤਾਕਤਾਂ ਕੰਮ ਕਰਦੀਆਂ ਹਨ ਪਰ ਸਚਾਈ ਇਹ ਹੈ ਕਿ ਇਹ ਸੰਘਰਸ਼ ਪੰਜਾਬੀਆਂ ਦੇ ਜਜ਼ਬੇ ਕਾਰਨ ਚੱਲ ਰਿਹਾ ਹੈ। ਇਸੇ ਜਜ਼ਬੇ ਕਾਰਨ ਹੋਰਨਾਂ ਸੂਬਿਆਂ ਦੇ ਕਿਸਾਨ ਵੀ ਦਿੱਲੀ ਸੰਘਰਸ਼ ਵਿੱਚ ਸ਼ਮੂਲੀਅਤ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂ ਤੇ ਵਿਧਾਇਕ ਸੇਵਾਦਾਰ ਬਣਕੇ ਕਿਸਾਨ ਸੰਘਰਸ਼ ਦੀ ਹਮਾਇਤ ਕਰ ਰਹੇ ਹਨ। ਇਹ ਸੰਘਰਸ਼ ਪੰਜਾਬ ਦੀ ਤੇ ਦੇਸ਼ ਦੀ ਸਿਆਸਤ ਵੀ ਬਦਲੇਗਾ ਅਤੇ ਸੰਘਰਸ਼ ਦੀ ਜਿੱਤ ਤੋਂ ਬਾਅਦ ਲੋਕਾਂ ਦਾ ਜੀਵਨ ਪੱਧਰ ਵੀ ਉੱਚਾ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਫਾਰਮ ਹਾਊਸ ਵਿੱਚੋਂ ਨਿਕਲਣ ਅਤੇ ਇਸ ਇਮਤਿਹਾਨ ਦੀ ਘੜੀ ਵਿੱਚ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਕਰਨ ਤਾਂ ਕਿ ਕਿਸਾਨਾਂ ਵੱਲੋਂ ਕੀਤੀ ਜਾ ਰਹੀ ਤਿੰਨੋਂ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਪੂਰੀ ਕਰਵਾਈ ਜਾ ਸਕੇ।
ਸੰਧਵਾਂ ਨੇ ਕਿਹਾ ਕਿ ਕਿਸਾਨ ਸੰਘਰਸ਼ ਵਿੱਚ ਮਾੜੇ ਅਨਸਰ ਵੀ ਭੇਜੇ ਜਾ ਰਹੇ ਹਨ ਪਰ ਕਿਸਾਨ ਆਪਣੀ ਮੰਗ ਪੂਰੀ ਕਰਕੇ ਹੀ ਦਿੱਲੀ ਤੋਂ ਵਾਪਸ ਆਉਣਗੇ।