ਚੰਡੀਗੜ੍ਹ : ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਚੱਲ ਰਹੇ ਅੰਦੋਲਨ ਵਿਚਾਲੇ ਬੀਜੇਪੀ ਨੂੰ ਵੱਡਾ ਝਟਕਾ ਲੱਗਾ ਹੈ। ਕਿਸਾਨਾਂ ਦੇ ਰੋਸ ਅੱਗੇ ਪੰਜਾਬ ਬੀਜੇਪੀ ਲੀਗਲ ਸੈੱਲ ਮੈਂਬਰ ਐਡਵੋਕੇਟ ਸੰਦੀਪ ਕਪੂਰ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਐਡਵੋਕੇਟ ਸੰਦੀਪ ਕਪੂਰ ਨੇ ਕਿਹਾ ਕਿ ਪੂਰਾ ਦੇਸ਼ ਕਿਸਾਨ ‘ਤੇ ਨਿਰਭਰ ਹੁੰਦਾ ਹੈ ਪਰ ਕੇਂਦਰ ਸਰਕਾਰ ਵੱਲੋਂ ਇਸ ਸੱਚਾਈ ਤੋਂ ਜਾਣਬੁੱਝ ਕੇ ਅੱਖਾਂ ਮੀਟ ਲੈਣਾ ਬਹੁਤ ਹੀ ਮੰਦਭਾਗਾ ਹੈ। ਅੱਜ ਸਮਾਂ ਹੈ ਕੇਂਦਰ ਸਰਕਾਰ ਨੂੰ ਕਿਸਾਨਾਂ ਦੀ ਗੱਲ ਸੁਣ ਲੈਣੀ ਚਾਹੀਦੀ ਹੈ। ਕੇਂਦਰ ਸਰਕਾਰ ਦੇ ਇਸ ਰਵੱਈਏ ਕਾਰਨ ਮੈਂ ਆਪਣਾ ਅਹੁਦਾ ਛੱਡ ਰਿਹਾ ਹਾਂ।
ਐਡਵੋਕੇਟ ਸੰਦੀਪ ਕਪੂਰ ਤੋਂ ਇਲਾਵਾ ਵੀ ਕਈ ਬੀਜੇਪੀ ਦੇ ਲੀਡਰ ਅਤੇ ਵਰਕਰ ਪਾਰਟੀ ਨੂੰ ਅਲਵਿਦਾ ਕਹਿ ਗਏ ਹਨ। ਇਨ੍ਹਾਂ ਵਿੱਚੋਂ ਵੱਡੀ ਗਿਣਤੀ ਦੇ ਅੰਦਰ ਅਕਾਲੀ ਦਲ ਜਾਂ ਹੋਰ ਪਾਰਟੀਆਂ ਵਿੱਚ ਵੀ ਬੀਜੇਪੀ ਦੇ ਲੀਡਰ ਸ਼ਾਮਲ ਹੋ ਗਏ ਹਨ।
ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਦਾ ਪੂਰੇ ਦੇਸ਼ ਭਰ ਵਿੱਚ ਵਿਰੋਧ ਹੋ ਰਿਹਾ ਹੈ। ਕਿਸਾਨ ਮੰਗ ਕਰ ਰਹੇ ਹਨ ਕਿ ਇਹ ਕਾਨੂੰਨ ਰੱਦ ਕੀਤੇ ਜਾਣ, ਪਰ ਕੇਂਦਰ ਸਰਕਾਰ ਸਿਰਫ਼ ਸੋਧਾਂ ਕਰਨ ਦੇ ਲਈ ਹੀ ਤਿਆਰ ਹੈ। ਜਿਸ ਕਾਰਨ ਦਿੱਲੀ ਦੀਆਂ ਬਰੂਹਾਂ ‘ਤੇ ਕਿਸਾਨ ਦਾ ਅੰਦੋਲਨ ਚੱਲ ਰਿਹਾ ਹੈ।