ਬ੍ਰਮ ਸ਼ੰਕਰ ਜਿੰਪਾ ਵੱਲੋਂ ਮੱਧ ਪ੍ਰਦੇਸ਼ ਦੀ ਨਾਗਦਾ ਜਲ ਸਪਲਾਈ ਸਕੀਮ ਦਾ ਦੌਰਾ

Prabhjot Kaur
3 Min Read

ਚੰਡੀਗੜ੍ਹ: ਪੰਜਾਬ ਦੇ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਦਰਿਆਈ ਪਾਣੀ ‘ਤੇ ਆਧਾਰਤ ਬਹੁ ਪਿੰਡਾਂ ਵਾਲੀ ਜਲ ਸਪਲਾਈ ਸਕੀਮ ਨਾਗਦਾ ਦਾ ਵਫਦ ਸਮੇਤ ਦੌਰਾ ਕੀਤਾ। ਇਸ ਸਕੀਮ ਰਾਹੀਂ 22 ਪਿੰਡਾਂ ਨੂੰ ਜਲ ਸਪਲਾਈ ਕੀਤਾ ਜਾ ਰਿਹਾ ਹੈ। ਇਸ ਦੌਰੇ ਦਾ ਉਦੇਸ਼ ਪੰਜਾਬ ਦੇ ਮੈਗਾ ਪ੍ਰੋਜੈਕਟਾਂ ਦੀ ਵਿੱਤੀ ਅਤੇ ਤਕਨੀਕੀ ਸਥਿਰਤਾ ਸਬੰਧੀ ਗਿਆਨ ਹਾਸਲ ਕਰਨਾ ਸੀ ਤਾਂ ਜੋ ਲੰਬੇ ਸਮੇਂ ਤੱਕ ਪਾਣੀ ਦੀ ਗੁਣਵੱਤਾ ਨਾਲ ਪ੍ਰਭਾਵਿਤ ਪੰਜਾਬ ਦੇ ਪਿੰਡਾਂ ਨੂੰ ਸਾਫ ਤੇ ਸੁਰੱਖਿਅਤ ਪਾਣੀ ਮਹੁੱਈਆ ਕਰਵਾਇਆ ਜਾ ਸਕੇ।

ਇਸ ਦੌਰੇ ਦੌਰਾਨ ਜਿੰਪਾ ਨੂੰ ਦੱਸਿਆ ਗਿਆ ਕਿ ਮੱਧ ਪ੍ਰਦੇਸ਼ ਦੇ ਨਾਗਦਾ ਵਿਖੇੇ ਚੰਬਲ ਦਰਿਆ ਉੱਪਰ ਬੰਨ੍ਹ ਲਗਾ ਕੇ ਪਾਣੀ ਨੂੰ ਇੱਕਠਾ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਵਾਟਰ ਟ੍ਰੀਟਮੈਟ ਪਲਾਂਟ ਵਿਚ ਇਸਦਾ ਸ਼ੁੱਧੀਕਰਨ ਅਤੇ ਕੀਟਾਣੂ ਮੁਕਤ ਕਰਨ ਤੋਂ ਬਾਅਦ ਪਲਾਂਟ ਦੀ ਟੈਂਕੀ ਰਾਹੀਂ 22 ਪਿੰਡਾਂ ਦੀਆਂ ਟੈਂਕੀਆ ਵਿੱਚ ਭੇਜਿਆ ਜਾਂਦਾ ਹੈ। ਸਬੰਧਤ ਗ੍ਰਾਮ ਪੰਚਾਇਤਾਂ ਅਤੇ ਜਲ ਤੇ ਸੈਨੀਟੇਸ਼ਨ ਕਮੇਟੀਆਂ ਵੱਲੋਂ ਖਪਤਕਾਰਾਂ ਕੋਲੋਂ 80 ਰੁਪਏ ਪ੍ਰਤੀ ਮਹੀਨਾ ਪ੍ਰਤੀ ਘਰ ਦੇ ਹਿਸਾਬ ਨਾਲ ਮਹੀਨਾਵਾਰ ਬਿੱਲ ਵਸੂਲਿਆ ਜਾਂਦਾ ਹੈ। ਸਾਰੇ 22 ਪਿੰਡਾਂ ਦੇ ਹਰੇਕ ਘਰ ਨੂੰ ਇਸ ਸਕੀਮ ਰਾਹੀਂ ਪਾਣੀ ਸਪਲਾਈ ਕੀਤਾ ਜਾਂਦਾ ਹੈ।

ਇਸ ਪ੍ਰੋਜੈਕਟ ਦੀ ਖਾਸੀਅਤ ਇਹ ਹੈ ਕਿ ਸਾਰੇ 22 ਪਿੰਡਾਂ ਦੀਆਂ ਕਮੇਟੀਆਂ ਕੋਲ ਪਿਛਲੇ ਇੱਕ ਸਾਲ ਦੌਰਾਨ ਸਾਰੇ ਖਰਚੇ ਕਰਨ ਤੋਂ ਬਾਅਦ ਲਗਭਗ 8 ਤੋਂ 10 ਹਜ਼ਾਰ ਰੁਪਏ ਬੱਚਤ ਰਕਮ ਪਈ ਹੈ ਅਤੇ ਸਾਰੇ ਪਿੰਡ ਵਿੱਤੀ, ਤਕਨੀਕੀ ਤੇ ਸੰਸਥਾਗਤ ਢਾਂਚੇ ਦੀ ਸਥਿਰਤਾ ਨਾਲ ਚੱਲ ਰਹੇ ਹਨ। ਜਿੰਪਾ ਨੇ ਇਸ ਪ੍ਰੋਜੈਕਟ ਨਾਲੇ ਜੁੜੇ ਵੱਖ-ਵੱਖ ਪਿੰਡਾਂ ਦੇ ਪੰਚਾਂ-ਸਰਪੰਚਾਂ ਅਤੇ ਹੋਰ ਲੋਕਾਂ ਤੋਂ ਉਨ੍ਹਾਂ ਦੇ ਤਜ਼ਰਬੇ ਪੁੱਛੇ। ਜਿੰਪਾ ਨੂੰ ਦੱਸਿਆ ਗਿਆ ਕਿ ਪਹਿਲਾਂ-ਪਹਿਲਾਂ ਪਾਣੀ ਦੇ ਬਿੱਲ ਇਕੱਠਾ ਕਰਨ ਵਿਚ ਕਾਫੀ ਮੁਸ਼ਕਿਲ ਆੳਂਦੀ ਸੀ ਪਰ ਮੱਧ ਪ੍ਰਦੇਸ਼ ਦੇ ਜਲ ਨਿਗਮ ਅਤੇ ਕਮੇਟੀਆ ਦੇ ਆਪਸੀ ਸਹਿਯੋਗ ਤੇ ਸੂਚਨਾ, ਸਿੱਖਿਆ ਤੇ ਸੰਚਾਰ ਗਤੀਵਿਧੀਆਂ ਸਦਕਾ ਹੁਣ ਇਹ ਸਮੱਸਿਆ ਖਤਮ ਹੋ ਗਈ ਹੈ। ਹੁਣ ਸਾਰੇ ਪਿੰਡ ਵਾਸੀ ਸੁਰੱਖਿਅਤ ਤੇ ਸਾਫ ਪਾਣੀ ਦੀ ਅਹਿਮੀਅਤ ਨੂੰ ਸਮਝਦਿਆਂ ਹਰ ਮਹੀਨੇ ਸਮੇਂ ਸਿਰ ਬਿੱਲ ਦਿੰਦੇ ਹਨ।

ਜਿੰਪਾ ਨੇ ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਪੰਜਾਬ ‘ਚ ਚੱਲ ਰਹੀਆਂ ਨਹਿਰੀ ਅਤੇ ਦਰਿਆਈ ਪਾਣੀ ‘ਤੇ ਆਧਾਰਤ ਉਸਾਰੇ ਜਾ ਰਹੇ ਪ੍ਰੋਜੈਕਟਾਂ ਬਾਰੇ ਵਿਸਤਾਰ ਵਿਚ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਪੰਜਾਬ ਦੇਸ਼ ਦੇ ਉਨ੍ਹਾਂ ਮੋਹਰੀ ਸੂਬਿਆਂ ਵਿਚ ਸ਼ੁਮਾਰ ਹੈ ਜਿੱਥੇ ਪੰਜਾਬ ਦੇ ਸਾਰੇ ਪੇਂਡੂ ਘਰਾਂ ‘ਚ ਪਾਈਪਾਂ ਰਾਹੀਂ ਪੀਣ ਵਾਲੇ ਪਾਣੀ ਦੀ ਸਪਲਾਈ ਕੀਤੀ ਜਾ ਰਹੀ ਹੈ।

- Advertisement -

ਬਾਅਦ ਵਿਚ ਜਿੰਪਾ ਨੇ ਨਾਗਦਾ ਪ੍ਰੋਜੈਕਟ ਦਾ ਦੌਰਾ ਕਰਨ ਵਾਲੇ ਪੰਜਾਬ ਦੇ ਵਫਦ ਨੂੰ ਹਦਾਇਤ ਕੀਤੀ ਕਿ ਉਹ ਨਾਗਦਾ ਪ੍ਰੋਜੈਕਟ ਦੀਆਂ ਚੰਗੀਆਂ ਪ੍ਰੈਕਟਿਸਜ਼ ਨੂੰ ਪੰਜਾਬ ਵਿੱਚ ਚਲ ਰਹੇ ਨਹਿਰੀ ਪ੍ਰੋਜੈਕਟਾਂ ਵਿਚ ਵੀ ਲਾਗੂ ਕਰਨ। ਇਸ ਮੌਕੇ ਉਜੈਨ ਦੇ ਵਿਧਾਇਕ ਦਲੀਪ ਸਿੰਘ ਗੁੱਜਰ, ਰਜ਼ੇਸ ਦੂਬੇ, ਨਿਗਰਾਨ ਇੰਜੀਨੀਅਰ ਹੁਸ਼ਿਆਰਪੁਰ ਅਤੇ ਜਲ ਨਿਗਮ ਇੰਦੌਰ ਦੇ ਜਨਰਲ ਮੈਨੇਜਰ ਇੰਜੀਨੀਅਰ ਜੇ.ਪੀ. ਗਨੋਟ ਸਮੇਤ ਸਥਾਨਕ ਪਿੰਡਾਂ ਦੇ ਪੰਚ-ਸਰਪੰਚ ਹਾਜ਼ਰ ਸਨ।

Share this Article
Leave a comment