-ਅਵਤਾਰ ਸਿੰਘ
ਕੌਮੀ ਰਾਜਧਾਨੀ ਦਿੱਲੀ ਨੂੰ ਕੇਂਦਰ ਦੇ ਖੇਤੀ ਕਾਨੂੰਨਾਂ ਖਿਲਾਫ ਚੁਫ਼ੇਰਿਓਂ ਘੇਰਿਆਂ 22 ਦਿਨ ਹੋ ਗਏ ਹਨ। ਕਿਸਾਨ ਪਰਿਵਾਰਾਂ ਅਤੇ ਕਿਸਾਨ ਮਜ਼ਦੂਰ ਹਿਤੇਸ਼ੀਆਂ ਦਾ ਬੱਚਾ ਬੱਚਾ ਕੜਾਕੇ ਦੀ ਠੰਢ ਵਿੱਚ ਨੀਲੇ ਆਸਮਾਨ ਹੇਠ ਰਾਤਾਂ ਕੱਟਣ ਲਈ ਮਜਬੂਰ ਹੈ। ਇਸ ਦੌਰਾਨ ਦੇਸ਼ ਵਿਦੇਸ਼ ਤੋਂ ਲੋਕ ਇਨ੍ਹਾਂ ਦੇ ਹੱਕ ਵਿਚ ਹਾਅ ਦਾ ਨਾਅਰਾ ਵੀ ਮਾਰ ਰਹੇ ਹਨ। ਇਹ ਇਕ ਕਿਸਮ ਦਾ ਮਨੁੱਖੀ ਅਧਿਕਾਰਾਂ ਦਾ ਘਾਣ ਹੋ ਰਿਹਾ ਹੈ। ਕਿਸਾਨ ਧਰਨੇ ਦੇ ਦਿਨਾਂ ਦੌਰਾਨ ਬਾਬਾ ਰਾਮ ਸਿੰਘ ਸਣੇ ਲਗਪਗ 20 ਤੋਂ ਵੱਧ ਜਾਨਾਂ ਜਾ ਚੁੱਕੀਆਂ ਹਨ। ਉਥੇ ਪਹੁੰਚਦੇ ਹਰ ਵਿਅਕਤੀ ਦਾ ਹਿਰਦਾ ਵਲੂੰਧਰਿਆ ਜਾਂਦਾ ਹੈ ਕਿ ਪੋਹ ਮਹੀਨੇ ਵਿਚ ਬਰਫ਼ਾਨੀ ਹਵਾ ਦੇ ਬੁੱਲ੍ਹੇ ਝੱਲ ਰਹੇ ਬਜ਼ੁਰਗ, ਔਰਤਾਂ, ਬੱਚੇ ਅਤੇ ਨੌਜਵਾਨ ਕਿਸ ਤਰ੍ਹਾਂ ਕੇਂਦਰ ਸਰਕਾਰ ਨੂੰ ਕੋਸ ਰਹੇ ਹਨ। ਲੋਕਤੰਤਰ ਵਿਚ ਭਾਰਤ ਦਾ ਰਾਜਾ ਪ੍ਰਧਾਨ ਮੰਤਰੀ ਕਹਿਲਾਉਂਦਾ ਹੈ ਉਸ ਨੂੰ ਆਪਣੀ ਪਰਜਾ ਦੀਆਂ ਦੁੱਖ ਤਕਲੀਫ਼ਾਂ ਗਿਆਨ ਹੁੰਦਾ ਹੈ। ਉਹ ਸਹੂਲਤ ਆਪਣੇ ਕਿਸਾਨ ਲਈ ਮੁਹਈਆ ਕਰਵਾਉਂਦਾ ਹੈ। ਜੇ ਦੇਸ਼ ਦੇ ਅੰਨਦਾਤਾ ਨੂੰ ਆਪਣੀ ਸਰਕਾਰ ਦੇ ਕਾਨੂੰਨ ਮਨਜੂਰ ਨਹੀਂ ਤਾਂ ਉਸ ਨੂੰ ਬਦਲਣਾ ਚਾਹੀਦਾ ਹੈ ਕਿਓਂਕਿ ਜਦੋਂ ਸਹੂਲਤ ਲੈਣ ਵਾਲਾ ਸਹਿਮਤ ਨਹੀਂ ਫੇਰ ਜ਼ਬਰਦਸਤੀ ਉਸ ਉਪਰ ਥੋਪਣਾ ਠੀਕ ਨਹੀਂ ਹੈ।
ਦਿੱਲੀ ਦੇ ਸਿੰਘੁ, ਟਿੱਕਰੀ ਅਤੇ ਹੋਰ ਬਾਰਡਰਾਂ ਉਪਰ ਖੇਤੀ ਕਾਨੂੰਨਾਂ ਖਿਲਾਫ ਬੈਠੇ ਕਿਸਾਨ ਆਪ ਤਰਸਯੋਗ ਹਾਲਤ ਵਿਚ ਹਨ। ਕੌਮੀ ਰਾਜਧਾਨੀ ਦਾ ਜਨ-ਜੀਵਨ ਅਸਥ ਵਿਅਸਥ ਹੋ ਕੇ ਰਹਿ ਗਿਆ ਹੈ। ਪਰ ਮੋਦੀ ਸਰਕਾਰ ਟੱਸ ਤੋਂ ਮੱਸ ਨਹੀਂ ਹੋ ਰਹੀ। ਕਿਸਾਨ ਅੰਦੋਲਨ ਵਿੱਚ ਬਹੁਤ ਦਰਦਨਾਕ ਘਟਨਾਵਾਂ ਵਾਪਰ ਰਹੀਆਂ ਹਨ।
ਜ਼ਿਲਾ ਪਟਿਆਲਾ ਦੇ ਪਿੰਡ ਭਾਦਸੋਂ ਦੇ 72 ਸਾਲਾ ਪਾਲ ਸਿੰਘ ਕੋਲ ਭਾਵੇਂ ਇਕ ਏਕੜ ਜ਼ਮੀਨ ਸੀ ਪਰ ਉਹ ਦਿੱਲੀ ਕਿਸਾਨ ਸੰਘਰਸ਼ ਵਿੱਚ ਖੁੱਲੇ ਆਸਮਾਨ ਹੇਠ ਠੰਢੀਆ ਰਾਤਾਂ ਝਾਗ ਰਿਹਾ ਸੀ। ਬੁੱਧਵਾਰ (16.12.020) ਨੂੰ ਆਪਣੀ ਇਕ ਏਕੜ ਜ਼ਮੀਨ ਅਤੇ 100 ਸਾਲ ਦੀ ਮਾਂ ਛੱਡ ਕੇ ਆਪਣੀ ਜਾਨ ਕਿਸਾਨ ਸੰਘਰਸ਼ ਦੇ ਨਾਂ ਲੁਆ ਕੇ ਇਸ ਜਹਾਨ ਤੋਂ ਕੂਚ ਕਰ ਗਿਆ। ਛੇਆਂ ਵਿਚੋਂ ਪੰਜਵਾਂ ਪੁੱਤ ਗੁਆ ਰਹੀ ਮਾਂ ਦੇ ਸਿਰ ਉਪਰ ਹੈ ਹੁਣ ਦੁਖਾਂ ਦੀ ਪੰਡ। ਪੁੱਤ ਦੀ ਮੌਤ ਦੀ ਖਬਰ ਸੁਣ ਕੇ ਮਰਹੂਮ ਪਾਲ ਸਿੰਘ ਦੀ ਮਾਤਾ ਦਾ ਕਹਿਣਾ ਸੀ ਕਿ ਪਾਲ ਸਿੰਘ ਇਕ ਏਕੜ ਜ਼ਮੀਨ ਨਾਲ ਹੀ ਬਹੁਤ ਖੁਸ਼ ਸੀ ਪਰ ਕਿਸਾਨਾਂ ਦਾ ਹਰ ਦਰਦ ਉਸ ਦੇ ਦਿਲ ਵਿਚ ਸੀ। ਹੁਣ ਉਸ ਦੇ ਦਿਨ ਕਿਵੇਂ ਗੁਜਰਣਗੇ।
ਸਿੰਘੁ ਬਾਰਡਰ ‘ਤੇ ਪਾਲ ਸਿੰਘ ਦੀ ਮੌਤ ਮੰਗਲਵਾਰ ਨੂੰ ਦੇਰ ਰਾਤ ਟਰਾਲੀ ਦੀ ਓਟ ਵਿੱਚ ਠੰਢੀਆਂ ਰਾਤਾਂ ਗੁਜਾਰਦਿਆਂ ਦਿਲ ਦਾ ਦੌਰਾ ਪੈਣ ਕਾਰਨ ਹੋ ਗਈ। ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦਾ ਸਰਗਰਮ ਮੈਂਬਰ ਹੁੰਦਿਆਂ ਉਹ ਬਚਪਨ ਤੋਂ ਹੀ ਕਿਸਾਨੀ ਨਾਲ ਜੁੜਿਆ ਹੋਇਆ ਸੀ। ਉਸ ਦੇ ਪਰਿਵਰ ਵਿਚ ਇਕ ਪੁੱਤਰ ਮਨਦੀਪ ਸਿੰਘ ਹੈ। ਮਨਦੀਪ ਸਿੰਘ ਨੇ ਦੱਸਿਆ ਕਿ ਪਹਿਲਾਂ ਉਸ ਦਾ ਪਿਤਾ ਸਾਈਕਲ ਉਪਰ ਦਿੱਲੀ ਜਾਣ ਲਈ ਬਜ਼ਿਦ ਸੀ ਪਰ ਰੋਕਣ ‘ਤੇ ਉਹ ਦੋ ਦਿਨ ਬਾਅਦ ਹੋਰ ਕਿਸਾਨਾਂ ਨਾਲ ਚਲੇ ਗਏ। ਉਹ ਪਹਿਲਾਂ ਰਾਸ਼ਨ ਵਗੈਰਾ ਲਿਜਾਣ ਲਈ ਕਹਿ ਰਹੇ ਸੀ। ਮਨਦੀਪ ਨੇ ਅੱਗੇ ਦੱਸਿਆ ਕਿ ਉਸ ਦੇ ਪਿਤਾ ਨੇ ਸਾਢੇ ਚਾਰ ਹਜ਼ਾਰ ਰੁਪਏ ਦਾ ਰਾਸ਼ਨ ਅਤੇ 2500 ਰੁਪਏ ਕਿਸਾਨ ਸੰਘਰਸ਼ ਲਈ ਦਿੱਤੇ। ਪਿੰਡ ਵਿਚ ਦੋ ਕੱਚੇ ਕਮਰਿਆਂ ਵਾਲੇ ਘਰ ਵਿੱਚ ਰਹਿ ਰਹੀ ਪਾਲ ਸਿੰਘ ਦੀ 100 ਸਾਲਾ ਮਾਤਾ ਅਮਰਜੀਤ ਕੌਰ ਤੋਂ ਪੰਜਵੇਂ ਪੁੱਤ ਦੀ ਮੌਤ ਦਾ ਸੱਲ ਦੇਖਿਆ ਨਹੀਂ ਜਾ ਰਿਹਾ। ਅਮਰਜੀਤ ਕੌਰ ਦਾ ਕਹਿਣਾ ਹੈ ਕਿ ਪਾਲ ਸਿੰਘ ਕਿਸਾਨੀ ਲਈ ਸੱਚਾ ਸੀ, ਇਕ ਏਕੜ ਵਿੱਚ ਹੀ ਖੁਸ਼ ਸੀ।
ਮਰਹੂਮ ਪਾਲ ਸਿੰਘ ਦੇ ਇਕ ਪਰਿਵਾਰਿਕ ਮੈਂਬਰ ਨੇ ਦੱਸਿਆ ਕਿ ਉਹ (ਪਾਲ ਸਿੰਘ) ਫ਼ਿਕਰਮੰਦ ਸੀ ਕਿ ਨਵੇਂ ਖੇਤੀ ਕਾਨੂੰਨ ਲਾਗੂ ਹੋਣ ਨਾਲ ਉਸ ਦੀ ਇਕ ਏਕੜ ਪੈਲੀ ਵੀ ਖੁਸ ਜਾਵੇਗੀ। ਉਧਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਮਰਹੂਮ ਪਾਲ ਸਿੰਘ ਦੇ ਪਰਿਵਾਰ ਨੂੰ ਇਕ ਲੱਖ ਰੁਪਏ ਦੀ ਮਦਦ ਦੇਣ ਦਾ ਐਲਾਨ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਕਿਸਾਨੀ ਸੰਘਰਸ਼ ਵਿਚ ਪਟਿਆਲਾ ਨਾਲ ਸੰਬੰਧਤ ਇਹ ਚੌਥੀ ਮੌਤ ਹੈ। ਸਰਕਾਰ ਛੇਤੀ ਕਾਨੂੰਨ ਵਾਪਸ ਲਵੇ, ਮੌਤਾਂ ਦਾ ਵਪਾਰ ਨਾ ਕਰੇ। #