ਚੰਡੀਗੜ੍ਹ, (ਅਵਤਾਰ ਸਿੰਘ): ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਸਕਿੱਲ ਡਿਵੈਲਪਮੈਂਟ ਸੈਂਟਰ ਵੱਲੋਂ ਬੱਚਿਆਂ ਅਤੇ ਕਿਸ਼ੋਰ ਅਵਸਥਾ ਦੇ ਲੋਕਾਂ ਦੀ ਮਾਨਸਿਕ-ਸਰੀਰਕ ਸੰਭਾਲ ਲਈ ਵਿਸ਼ੇਸ਼ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਕਿੱਲ ਡਿਵੈਲਪਮੈਂਟ ਦੇ ਸਹਿਯੋਗੀ ਨਿਰਦੇਸ਼ਕ ਡਾ. ਤੇਜਿੰਦਰ ਸਿੰਘ ਰਿਆੜ ਨੇ ਦੱਸਿਆ ਕਿ ਆਂਗਣਵਾੜੀ ਵਰਕਰਾਂ ਲਈ ਕਰਵਾਏ ਗਏ ਇਸ ਵਿਸ਼ੇਸ਼ ਸਿਖਲਾਈ ਕੋਰਸ ਵਿੱਚ 126 ਆਂਗਣਵਾੜੀ ਮੁਲਾਜ਼ਮਾਂ ਨੇ ਹਿੱਸਾ ਲਿਆ। ਡਾ. ਰਿਆੜ ਨੇ ਸਿਖਲਾਈ ਵਿੱਚ ਭਾਗ ਲੈਣ ਵਾਲੇ ਸਿਖਿਆਰਥੀਆਂ ਦਾ ਸਵਾਗਤ ਕਰਦਿਆਂ ਸਿਹਤਮੰਦ ਸਮਾਜ ਦੀ ਉਸਾਰੀ ਲਈ ਚੰਗੀ ਮਾਨਸਿਕ ਅਤੇ ਸਰੀਰਕ ਸੰਭਾਲ ਦੇ ਮਹੱਤਵ ਬਾਰੇ ਗੱਲ ਕੀਤੀ।
ਜ਼ਿਲਾ ਪ੍ਰੋਗਰਾਮ ਅਧਿਕਾਰੀ ਸ੍ਰੀ ਗੁਲਬਹਾਰ ਸਿੰਘ ਨੇ ਕਿਹਾ ਕਿ ਇਸ ਸਿਖਲਾਈ ਤੋਂ ਪ੍ਰਾਪਤ ਜਾਣਕਾਰੀ ਨਾਲ ਆਂਗਣਵਾੜੀ ਮੁਲਾਜ਼ਮ ਬੱਚਿਆਂ ਅਤੇ ਕਿਸ਼ੋਰਾਂ ਦੀ ਬਿਹਤਰ ਉਸਾਰੀ ਲਈ ਕੰਮ ਕਰ ਸਕਣਗੇ। ਕੋਰਸ ਕੁਆਰਡੀਨੇਟਰ ਡਾ. ਕਿਰਨ ਗਰੋਵਰ ਨੇ ਬੱਚੇ ਦੀ ਉਮਰ ਦੇ ਪਹਿਲੇ ਇੱਕ ਹਜ਼ਾਰ ਦਿਨਾਂ ਦੌਰਾਨ ਚੰਗੇ ਪੋਸ਼ਣ ਪ੍ਰਬੰਧ ਉਪਰ ਜ਼ੋਰ ਦਿੱਤਾ। ਡਾ. ਸੀਮਾ ਸ਼ਰਮਾ ਨੇ ਬੱਚੇ ਅਤੇ ਅਧਿਆਪਕ ਦੇ ਰਿਸ਼ਤੇ ਬਾਰੇ ਵਿਸਥਾਰ ਨਾਲ ਗੱਲ ਕੀਤੀ। ਡਾ. ਤੇਜਪ੍ਰੀਤ ਕੌਰ ਕੰਗ ਨੇ ਅਧਿਆਪਨ ਮੁੱਲਾਂ ਬਾਰੇ ਗੱਲ ਕਰਦਿਆਂ ਉਸਾਰੂ ਸਮਾਜ ਵਿੱਚ ਮਨੁੱਖ ਦੀ ਭੂਮਿਕਾ ਸੰਬੰਧੀ ਚਾਨਣਾ ਪਾਇਆ। ਡਾ. ਆਸ਼ਾ ਚਾਵਲਾ ਅਤੇ ਡਾ. ਪ੍ਰਾਚੀ ਬਿਸ਼ਟ ਨੇ ਗਰਭਵਤੀ ਔਰਤਾਂ ਅਤੇ ਮਾਵਾਂ ਦੀ ਸੰਭਾਲ ਦੇ ਨੁਕਤੇ ਦੱਸੇ। ਸ੍ਰੀਮਤੀ ਰਵਿੰਦਰ ਕੌਰ ਨੇ ਧੰਨਵਾਦ ਦੇ ਸ਼ਬਦ ਬੋਲਦਿਆਂ ਇਸ ਸਿਖਲਾਈ ਪ੍ਰੋਗਰਾਮ ਨੂੰ ਬਹੁਤ ਲਾਹੇਵੰਦ ਕਿਹਾ।