-ਅਵਤਾਰ ਸਿੰਘ
ਭਾਰਤੀ ਹਵਾਈ ਸੈਨਾ ਦੇ ਪਹਿਲੇ ਪਰਮਵੀਰ ਚੱਕਰ ਵਿਜੇਤਾ ਤੇ ਡੌਗਫਾਈਟ (ਅਕਾਸ਼ ‘ਚ ਜਹਾਜ਼ਾਂ ਦੀ ਲੜਾਈ) ਦੇ ਨਾਇਕ ਨਿਰਮਲਜੀਤ ਸਿੰਘ ਸੇਖੋਂ ਦਾ ਜਨਮ 17-7-1945 ਨੂੰ ਲੁਧਿਆਣਾ ਜ਼ਿਲੇ ਦੇ ਪਿੰਡ ਰੁੜਕਾ ਈਸੇਵਾਲ ਵਿੱਚ ਹੋਇਆ।
ਉਹ 1967 ਨੂੰ ਭਾਰਤੀ ਹਵਾਈ ਸੈਨਾ ਵਿੱਚ ਭਰਤੀ ਹੋਏ। 4 ਜੂਨ 1967 ਨੂੰ ਬਤੌਰ ਫਾਈਟਰ ਪਾਇਲਟ ਪੋਸਟਿੰਗ ਹੋਈ ਤੇ ਉਹ ਅੰਬਾਲੇ ਤਾਇਨਾਤ ਸਨ।
1971 ਨੂੰ ਬੀਰਮੀ ਪਿੰਡ ਦੀ ਲੜਕੀ ਮਨਜੀਤ ਕੌਰ ਨਾਲ ਸ਼ਾਦੀ ਹੋਈ। 1971 ਵਿੱਚ ਬਣੇ ਬੰਗਲਾ ਦੇਸ਼ ਨੂੰ ਪਾਕਿਸਤਾਨ ਭਾਰਤ ਦੀ ਦੇਣ ਸਮਝਦਾ ਸੀ ਤੇ ਯੁੱਧ ਦੇ ਬੱਦਲ ਮੰਡਰਾ ਰਹੇ ਸਨ।
ਸੇਖੋਂ ਨੂੰ ਸ਼੍ਰੀਨਗਰ ਪਹੁੰਚਣ ਦੇ ਹੁਕਮ ਆ ਗਏ। ਇਸ ਸਥਾਨ ਨੂੰ ਉਸ ਸਮੇਂ ਸਭ ਤੋਂ ਵੱਧ ਖਤਰਨਾਕ ਫਾਈਟਰ ਏਅਰ ਬੇਸ ਸਮਝਿਆ ਜਾਂਦਾ ਸੀ। ਜੰਗ ਲੱਗਣ ਤੇ ਦੁਸ਼ਮਣ ਕਰਾਰੇ ਵਾਰ ਕਰ ਰਿਹਾ ਸੀ।
14 ਦਸੰਬਰ ਨੂੰ ਸਵੇਰੇ ਦੁਸ਼ਮਣ ਨੇ ਛੇ ਜਹਾਜਾਂ ਨਾਲ ਹਵਾਈ ਅੱਡੇ ‘ਤੇ ਹਮਲਾ ਕਰ ਦਿੱਤਾ। ਇਸ਼ਾਰਾ ਮਿਲਦਿਆਂ ਹੀ ਸੇਖੋਂ ਆਪਣੇ ਈ-257 ਨੈਟ ਫਾਈਟਰ ਏਅਰ ਕਰਾਫਟ ਨਾਲ ਥੋੜੇ ਸਮੇਂ ਵਿੱਚ ਛੇ ਸੈਬਰ ਜੈੱਟਾ ਨਾਲ ਜੂਝ ਰਿਹਾ ਸੀ।
ਪਹਿਲਾਂ ਹੇਠਾਂ ਇਕ ਜੈਟ ਤੇ ਫਿਰ ਉਚਾਈ ‘ਤੇ ਜਾ ਕੇ ਦੋ ਜੈਟਾਂ ‘ਤੇ ਹਮਲਾ ਕੀਤਾ। ਇਸ ਸਮੇਂ ਦੁਸ਼ਮਣ ਦੇ ਨੈਟ ਵਲੋਂ ਪਿਛੋਂ ਹਮਲਾ ਕੀਤਾ ਗਿਆ। ਉਚਾਈ ‘ਤੇ ਹੋਣ ਕਰਕੇ ਪੈਰਾਸ਼ੂਟ ਨਾ ਖੋਲ੍ਹਣ ਕਰਕੇ ਇਜੈਕਸ਼ਨ ਸੀਟ ਸਮੇਤ ਡਿਗਦਿਆਂ ਸ਼ਹੀਦੀ ਦਾ ਜਾਮ ਪੀ ਗਏ।
25-1-1972 ਨੂੰ ਸ਼ਹੀਦ ਸੇਖੋਂ ਦੀ ਵਿਧਵਾ ਨੂੰ ਰਾਸ਼ਟਰਪਤੀ ਵਲੋਂ ਪਰਮਵੀਰ ਚੱਕਰ ਪ੍ਰਦਾਨ ਕੀਤਾ ਗਿਆ। ਉਨ੍ਹਾਂ ਦੀ ਯਾਦ ਵਿਚ ਲੁਧਿਆਣੇ ਦੇ ਸਮਰਾਲਾ ਚੌਕ ਵਿਚ ਬੁੱਤ ਲੱਗਾ ਹੋਇਆ ਹੈ।