ਹਰਿਆਣਾ : ਤਿੰਨ ਖੇਤੀ ਕਾਨੂੰਨ ਖ਼ਿਲਾਫ਼ ਚੱਲ ਰਹੇ ਕਿਸਾਨਾਂ ਦੇ ਅੰਦੋਲਨ ਨੂੰ ਦੇਖਦੇ ਹੋਏ ਹਰਿਆਣਾ ਸਰਕਾਰ ਨੇ ਵੱਡਾ ਐਲਾਨ ਕੀਤਾ ਹੈ। ਸਿਹਤ ਵਿਭਾਗ ਵੱਲੋਂ ਹਰਿਆਣਾ ਵਿੱਚ ਜਿੱਥੇ ਵੀ ਕਿਸਾਨ ਧਰਨਾ ਪ੍ਰਦਰਸ਼ਨ ਕਰ ਰਹੇ ਹਨ ਉਨ੍ਹਾਂ ਸਾਰੀਆਂ ਥਾਵਾਂ ‘ਤੇ ਮੈਡੀਕਲ ਹੈਲਪ ਕੈਂਪ ਲਗਾਏ ਜਾਣਗੇ। ਇਨ੍ਹਾਂ ਕੈਂਪਾਂ ਵਿੱਚ ਡਾਕਟਰ, ਦਵਾਈਆਂ, ਐਂਬੂਲੈਂਸ ਸਭ ਮੌਜੂਦ ਰਹਿਣਗੀਆਂ।
ਹਾਲਾਂਕਿ ਹਰਿਆਣਾ ‘ਚ ਜਿਥੇ ਵੀ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਉੱਥੇ ਪਹਿਲਾਂ ਹੀ ਰੈੱਡ ਕਰਾਸ ਕੰਮ ਕਰ ਰਹੀ ਹੈ। ਹੁਣ ਹਰਿਆਣਾ ਸਰਕਾਰ ਨੇ ਇਨ੍ਹਾਂ ਧਰਨਿਆਂ ਵਿਚ ਮੈਡੀਕਲ ਹੈਲਪ ਕੈਂਪ ਲਗਾਉਣ ਦਾ ਐਲਾਨ ਕੀਤਾ ਹੈ। ਇਸ ਦੀ ਜਾਣਕਾਰੀ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਟਵੀਟ ਕਰਕੇ ਸਾਂਝੀ ਕੀਤੀ।
ਹਰਿਆਣਾ ਵਿੱਚ ਵੀ ਪਹਿਲੇ ਦਿਨ ਤੋਂ ਕਿਸਾਨ ਜਥੇਬੰਦੀਆਂ ਲਗਾਤਾਰ ਖੇਤੀ ਕਾਨੂੰਨ ਖ਼ਿਲਾਫ਼ ਨਿੱਤਰੀਆਂ ਹੋਈਆਂ ਹਨ ਅਤੇ ਸੂਬੇ ‘ਚੋਂ ਵੱਡੀ ਗਿਣਤੀ ਅੰਦਰ ਜਥੇਬੰਦੀਆਂ ਦਿੱਲੀ ਨੂੰ ਕੂਚ ਕਰ ਰਹੀਆਂ ਹਨ। ਇਸ ਤੋਂ ਇਲਾਵਾ ਸੂਬੇ ਵਿੱਚ ਵੀ ਧਰਨੇ ਪ੍ਰਦਰਸ਼ਨ ਲਗਾਤਾਰ ਜਾਰੀ ਹਨ ਕਿਸਾਨਾਂ ਦੇ ਸਮਰਥਨ ਵਿੱਚ ਆਮ ਲੋਕ ਵੀ ਪਹੁੰਚ ਗਏ ਹਨ। ਜਿਸ ਤੋਂ ਬਾਅਦ ਹੁਣ ਹਰਿਆਣਾ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਧਰਨੇ ਪ੍ਰਦਰਸ਼ਨ ਵਾਲੀ ਜਗ੍ਹਾ ‘ਤੇ ਮੈਡੀਕਲ ਹੈਲਪ ਕੈਂਪ ਲਗਾਏ ਜਾਣਗੇ।