ਵਾਸ਼ਿੰਗਟਨ: ਕੋਰੋਨਾ ਵਾਇਰਸ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਅਮਰੀਕਾ ਵਿਚ ਸੰਕਰਮਣ ਦੇ ਮਾਮਲੇ ਇਕ ਵਾਰ ਫਿਰ ਵਧਣ ਲੱਗੇ ਹਨ। ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਹਰ ਰੋਜ਼ ਰਿਕਾਰਡ ਗਿਣਤੀ ਵਿੱਚ ਸੰਕਰਮਿਤ ਮਰੀਜ਼ ਮਿਲ ਰਹੇ ਹਨ। ਬੀਤੇ 24 ਘੰਟਿਆਂ ਦੌਰਾਨ 2,000 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਈ ਹੈ। ਇਹ 21ਵੀਂ ਵਾਰ ਹੈ ਜਦੋਂ ਦੇਸ਼ ‘ਚ ਇੱਕ ਦਿਨ ਅੰਦਰ 2,000 ਤੋਂ ਜ਼ਿਆਦਾ ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋਈ ਹੈ।
ਜੌਹਨ ਹਾਪਕਿੰਜ਼ ਯੂਨੀਵਰਸਿਟੀ ਦੇ ਅੰਕੜਿਆਂ ਅਨੁਸਾਰ ਸੰਯੁਕਤ ਰਾਜ ਅਮਰੀਕਾ ਵਿੱਚ ਮੰਗਲਵਾਰ ਨੂੰ 2,146 ਮੌਤਾਂ ਹੋਈਆਂ ਹਨ ਜੋ ਕਿ ਮਈ ਤੋਂ ਬਾਅਦ ਕੋਰੋਨਾ ਕਾਰਨ ਸਭ ਤੋਂ ਜ਼ਿਆਦਾ ਮੌਤਾਂ ਹਨ। ਇਸ ਦੇ ਨਾਲ ਹੀ ਕੋਰੋਨਾ ਮਹਾਂਮਾਰੀ ਕਾਰਨ ਦੇਸ਼ ਵਿੱਚ ਮਰਨ ਵਾਲਿਆਂ ਦੀ ਗਿਣਤੀ 2 ਲੱਖ 59 ਹਜ਼ਾਰ 925 ਹੋ ਗਈ ਹੈ। ਉੱਥੇ ਹੀ ਬੀਤੇ 24 ਘੰਟਿਆਂ ਦੌਰਾਨ ਕੋਰੋਨਾਵਾਇਰਸ ਦੇ 1 ਲੱਖ 72 ਹਜ਼ਾਰ 935 ਨਵੇਂ ਮਾਮਲੇ ਆਏ ਹਨ, ਜਿਸ ਨੂੰ ਮਿਲਾ ਕੇ ਸੰਕਰਮਿਤਾਂ ਦੀ ਕੁੱਲ ਗਿਣਤੀ 1 ਕਰੋੜ 25 ਲੱਖ 91 ਹਜ਼ਾਰ 163 ਹੋ ਗਈ ਹੈ।
ਮਹਾਂਮਾਰੀ ਦੀ ਦੂਜੀ ਲਹਿਰ ਨਾਲ ਨਜਿੱਠਣ ਲਈ ਕਈ ਰਾਜਾਂ ਨੇ ਇੱਕ ਵਾਰ ਫਿਰ ਨਾਈਟ ਕਰਫਿਊ ਲਗਾ ਦਿੱਤਾ ਹੈ, ਜਦਕਿ ਮਾਸਕ ਪਹਿਨਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਕੈਲਿਫੋਰਨੀਆ ਦੇ ਗਵਰਨਰ ਨੇ ਇਕ ਆਦੇਸ਼ ਜਾਰੀ ਕਰ ਲੋਕਾਂ ਨੂੰ ਕਿਹਾ ਹੈ ਕਿ ਉਹ ਰਾਤ ਦੱਸ ਵਜੇ ਤੋਂ ਸਵੇਰੇ ਪੰਜ ਵਜੇ ਤੱਕ ਘਰਾਂ ਤੋਂ ਬਾਹਰ ਨਹੀਂ ਨਿਕਲਣਗੇ।