ਬਠਿੰਡਾ: ਰਾਮਪੁਰਾ ਫੂਲ ਖੇਤਰ ਦੇ ਕਸਬਾ ਭਗਤਾ ਭਾਈਕਾ ਵਿੱਚ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਡੇਰਾ ਪ੍ਰੇਮੀ ਮਨੋਹਰ ਲਾਲ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਇਸ ਮਾਮਲੇ ਵਿੱਚ ਇੱਕ ਗੈਂਗਸਟਰ ਨੇ ਕਤਲ ਦੀ ਜ਼ਿੰਮੇਵਾਰੀ ਲਈ ਹੈ ਸ਼ੁੱਕਰਵਾਰ ਸ਼ਾਮ ਨੂੰ ਘਟਨਾ ਤੋਂ ਕੁਝ ਘੰਟੇ ਬਾਅਦ ਗੈਂਗਸਟਰ ਸੁੱਖਾ ਗਿੱਲ ਲੰਮੇ ਨੇ ਫੇਸਬੁੱਕ ‘ਤੇ ਇਕ ਪੋਸਟ ਕਰਕੇ ਕਤਲ ਦੀ ਜ਼ਿੰਮੇਵਾਰੀ ਲਈ ਹੈ।
ਸੁੱਖਾ ਗਿੱਲ ਨੇ ਪੋਸਟ ਵਿਚ ਲਿਖਿਆ ਕਿ ਉਨ੍ਹਾਂ ਦੇ ਗਰੁੱਪ ਨੂੰ ਅਜਿਹੇ ਕੰਮ ਲਈ ਕਿਸੇ ਦੀ ਇਜਾਜ਼ਤ ਲੈਣ ਦੀ ਜ਼ਰੂਰਤ ਨਹੀਂ ਹੈ। ਉਨ੍ਹਾਂ ਨੇ ਡੇਰਾ ਪ੍ਰੇਮੀ ਦਾ ਕਤਲ ਕਿਸੇ ਦੇ ਕਹਿਣ ਤੇ ਨਹੀਂ ਕੀਤਾ। ਜੋ ਉਨ੍ਹਾਂ ਨੂੰ ਠੀਕ ਲੱਗਿਆ ਉਹ ਕੀਤਾ ਅਤੇ ਅੱਗੇ ਵੀ ਕੁਝ ਲੋਕਾਂ ਦੇ ਨੰਬਰ ਲੱਗਣੇ ਨੇ, ਉਹ ਵੀ ਲਗਾਵਾਂਗੇ। ਪੋਸਟ ਦੇ ਅਖ਼ੀਰ ਵਿੱਚ ਉਸ ਨੇ ਲਿਖਿਆ ਕਿ ਸੁੱਖਾ ਭਰਾ ਨੇ ਆਪਣੇ ਸਾਰੇ ਨੰਬਰ ਬਦਲ ਦਿੱਤੇ ਹਨ ਕਿਉਂਕਿ ਇਕ ਗਰੁੱਪ ਉਨ੍ਹਾਂ ਦੇ ਨਾਲ ਮਿਲਦੇ ਜੁਲਦੇ ਨੰਬਰ ਤੋਂ ਫਿਰੌਤੀ ਮੰਗ ਰਿਹਾ ਹੈ।
ਪੁਲਿਸ ਸੂਤਰਾਂ ਮੁਤਾਬਕ ਇਸ ਮਾਮਲੇ ਦੀ ਜਾਂਚ ਕਰ ਰਹੀ ਪੁਲਿਸ ਟੀਮਾਂ ਉਕਤ ਪੋਸਟ ਦੇ ਜ਼ਰੀਏ ਦੋਸ਼ੀਆਂ ਤੱਕ ਪੁੱਜਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਸੂਤਰਾਂ ਨੇ ਦੱਸਿਆ ਕਿ ਪਿਛਲੇ ਕੁਝ ਸਮੇਂ ਤੋਂ ਸੁੱਖਾ ਗਿੱਲ ਲੰਮੇ ਗੈਂਗਸਟਰ ਦਾ ਗੈਂਗ ਸਰਗਰਮ ਚੱਲ ਰਿਹਾ ਹੈ। ਸੁੱਖਾ ਗੈਂਗਸਟਰ ਗਰੁੱਪ ਨੂੰ ਮੋਗਾ ਤੋਂ ਚਲਾ ਰਿਹਾ ਹੈ। ਸੂਤਰਾਂ ਨੇ ਦੱਸਿਆ ਕਿ ਕੁਝ ਸਮੇਂ ਪਹਿਲਾਂ ਮੋਗਾ ਵਿਚ ਸਥਿਤ ਇਕ ਸ਼ੋਅਰੂਮ ਮਾਲਕ ਦਾ ਕਤਲ ਇਸ ਗੈਂਗ ਦੇ ਹਰਜਿੰਦਰ ਸਿੰਘ ਨੇ ਕੀਤਾ ਸੀ। ਜਿਸ ਦਾ ਜ਼ਿਕਰ ਡੇਰਾ ਪ੍ਰੇਮੀ ਦੇ ਕਤਲ ਦੀ ਜ਼ਿੰਮੇਵਾਰੀ ਲੈਣ ਵਾਲੀ ਪੋਸਟ ਵਿੱਚ ਕੀਤਾ ਗਿਆ ਹੈ।