-ਅਵਤਾਰ ਸਿੰਘ
ਰੁਸਤਮ-ਏ-ਹਿੰਦ ਦਾਰਾ ਸਿੰਘ ਦਾ ਜਨਮ ਪਿੰਡ ਧਰਮੂਚੱਕ (ਤਰਨ ਤਾਰਨ) ਵਿੱਚ 19 ਨਵੰਬਰ, 1928 ਨੂੰ ਮਾਤਾ ਬਲਵੰਤ ਕੌਰ ਦੀ ਕੁੱਖੋਂ ਹੋਇਆ। ਉਸਦੇ ਪਿਤਾ ਸੂਰਤਾ ਸਿੰਘ ਤੇ ਬਾਬਾ ਬੂੜ ਸਿੰਘ ਪੱਕੇ ਗੁਰਸਿੱਖ ਸਨ ਜਿਸ ਕਰਕੇ ਸ਼ੁਰੂ ਵਿੱਚ ਦਾਰਾ ਸਿੰਘ ਵੀ ਕੇਸਧਾਰੀ ਸੀ। ਬਚਪਨ ‘ਚ ਉਸ ਨੂੰ ਡੰਡ ਪੇਲਣ, ਛਾਲਾਂ ਮਾਰਨ, ਭਾਰ ਚੁੱਕਣ ਦੇ ਨਾਲ ਨਾਲ ਕਿੱਸੇ ਪੜਨ ਦਾ ਸ਼ੌਕ ਸੀ। ਬਿੱਧੀ ਚੰਦ ਦੇ ਘੋੜੇ, ਪੂਰਨ ਭਗਤ, ਜਾਨੀ ਚੋਰ ਪੜ੍ਹ ਕੇ ਬੇਰ, ਖ਼ਰਬੂਜੇ, ਅਮਰੂਦ ਆਦਿ ਚੋਰੀ ਕਰਨ ਦੀ ਆਦਤ ਪੈ ਗਈ।
ਉਹ ਰੋਟੀ ਰੋਜ਼ੀ ਦੀ ਭਾਲ ਵਿੱਚ ਸਿੰਗਾਪੁਰ ਚਲਾ ਗਿਆ। ਸਿੰਗਾਪੁਰ ਜਾ ਕੇ ਇਕ ਸਟੋਰ ਤੇ ਰਾਤ ਨੂੰ ਚੌਕੀਦਾਰ ਲੱਗ ਗਿਆ ਤੇ ਦਿਨੇ ਹਰਨਾਮ ਸਿੰਘ ਮੋਚੀ ਕੋਲ ਬਹਿ ਕੇ ਟਾਇਮ ਪਾਸ ਕਰਨ ਲੱਗਾ। ਉਸ ਨੇ ਹਰਨਾਮ ਸਿੰਘ ਨੂੰ ਆਪਣਾ ਗੁਰੂ ਧਾਰ ਲਿਆ। ਉਹ ਰਾਤ ਦਾ ਖਾਣਾ ਇਕੱਠੇ ਖਾਂਦੇ ਪੀਦੇ ਸਨ।
ਦਾਰਾ ਸਿੰਘ ਦੀ ਛਾਤੀ 50 ਇੰਚ, ਲੰਬਾਈ 6′-2″ ਤੇ ਭਾਰ 227 ਪੌਂਡ ਸੀ। ਉਸਦੀ ਖ਼ੁਰਾਕ ਤੇ ਸਿਹਤ ਵੇਖ ਕੇ ਹਰਨਾਮੇ ਨੇ ਉਸਨੂੰ ਪਹਿਲਵਾਨੀ ਕਰਨ ਲਈ ਕਿਹਾ। ਉਸ ਸਮੇਂ ਉਹ ਡਰੰਮ ਬਨਾਉਣ ਵਾਲੀ ਫੈਕਟਰੀ ਵਿੱਚ ਕੰਮ ਕਰ ਲੱਗ ਪਿਆ ਸੀ।ਉਹ ਤਿੰਨ ਵਾਰ ਸਿੰਗਾਪੁਰ ਤੇ ਇਕ ਵਾਰ ਲੰਕਾ, ਰੂਸ ਤੋਂ ਇਲਾਵਾ ਕਈ ਦੇਸ਼ਾਂ ਵਿੱਚ ਜਿਆਦਾ ਕੁਸ਼ਤੀ ਖੇਡਣ ਗਿਆ ਤੇ ਉਸਨੂੰ ਕੁਸ਼ਤੀ ਖੇਡਣ ਕਾਰਣ ਵਾਲ ਕਟਾਉਣੇ ਪਏ।
ਪਹਿਲੀ ਵਾਰ 1947 ਵਿੱਚ ਤਰਲੋਕ ਮਲੇਸ਼ੀਅਨ ਚੈਂਪੀਅਨ ਨੂੰ ਮਲੇਸ਼ੀਆ ਵਿੱਚ ਹਰਾ ਕੇ ਸੰਸਾਰ ਵਿੱਚ ਸਿਰ ਉੱਚਾ ਕੀਤਾ।ਇੰਡੋਨੇਸ਼ੀਆ ਵਿੱਚ ਇਕ ਵੀ ਕੁਸ਼ਤੀ ਨਹੀ ਹਾਰੀ। ਮਲੇਸ਼ੀਆ ਦੇ ਚੈਂਪੀਅਨ ਤਰਲੋਕ ਸਿੰਘ ਤੇ ਆਸਟਰੇਲੀਆ ਦੇ ਚਾਰਲੀ ਗਰੀਨਜ਼ ਤੇ 1956 ਵਿੱਚ ਵਿਸ਼ਵ ਚੈਂਪੀਅਨ ਪਰੀਮੋ ਕਹਿਨੇਰਾ ਨੂੰ ਅਖਾੜੇ ‘ਚੋਂ ਬਾਹਰ ਸੁੱਟਿਆ। 1968 ‘ਚ ਵਿਸ਼ਵ ਚੈਂਪੀਅਨ ਬਨਣ ਲਈ ਉਸਨੇ ਲੁਆਏ ਥੀਸਜ਼ ਨੂੰ ਹਰਾਇਆ।
ਕਾਮਨਵੈਲਥ ਚੈਂਪੀਅਨ ਤੇ ਫਿਰ ਦੁਨੀਆਂ ਦਾ ਚੈਂਪੀਅਨ ਬਣਨ ਪਿੱਛੋਂ ਕੁਸ਼ਤੀ ਛੱਡਣ ਦਾ ਐਲਾਨ ਕੀਤਾ। ਉਹ ਪਹਿਲਾ ਖਿਡਾਰੀ ਜਿਸ ਨੂੰ ਰਾਜ ਸਭਾ ਦਾ ਮੈਂਬਰ ਨਾਮਜ਼ਦ ਕੀਤਾ ਗਿਆ। ਉਸਦੀ ਪਹਿਲੀ ਸ਼ਾਦੀ ਵਿੱਚੋਂ ਪਰਦੁਮਣ ਸਿੰਘ ਤੇ ਦੂਜੀ ਸ਼ਾਦੀ ‘ਚੋਂ ਦੋ ਲੜਕੇ ਤੇ ਤਿੰਨ ਲੜਕੀਆਂ ਹਨ, ਜਿਹਨਾਂ ਵਿੱਚ ਪ੍ਰਸਿੱਧ ਐਕਟਰ ਵਿੰਦੂ ਦਾਰਾ ਸਿੰਘ ਹੈ।
ਦਾਰਾ ਸਿੰਘ ਦਾ ਫਿਲਮੀ ਸਫਰ 1952 ਤੋਂ ਸ਼ੁਰੂ ਹੋਇਆ। ਰਮਾਇਣ ਵਿੱਚ ਹਨੂੰਮਾਨ ਦਾ ਰੋਲ ਯਾਦਗਾਰੀ ਸੀ। ਉਸ ਨੇ ਧੰਨਾ ਭਗਤ ਜੱਟ, ਮੇਰਾ ਦੇਸ਼ ਮੇਰਾ ਧਰਮ, ਸਿੰਕਦਰ-ਏ-ਆਜ਼ਮ, ਦੁੱਖ ਭੰਜਨ ਤਾਰਾ ਨਾਮ ਆਦਿ ਕਈ ਫਿਲਮਾਂ ਵਿੱਚ ਕੰਮ ਕੀਤਾ ਤੇ ਨਿਰਦੇਸ਼ਕ ਦੇ ਤੌਰ ‘ਤੇ ਨਾਨਕ ਨਾਮ ਜਹਾਜ਼ ਨਾਲ ਫਿਲਮੀ ਸਫਰ ਸ਼ੁਰੂ ਕੀਤਾ।
1965 ‘ਚ ਉਸਦੀਆਂ 12 ਫਿਲਮਾਂ ਰਿਲੀਜ਼ ਹੋਈਆਂ, ਜਦਕਿ ਕਈ ਪਹਿਲਾਂ ਹੀ ਚੱਲ ਰਹੀਆਂ ਸਨ। ਗੁਜਰਾਤੀ, ਹਰਿਆਣਵੀ, ਮਲਿਆਲਮ ਤੇ ਤਾਮਿਲ ਫਿਲਮਾਂ ਵਿੱਚ ਵੀ ਕੰਮ ਕੀਤਾ। 1978 ਵਿੱਚ ਉਹਨਾਂ ਨੇ ਮੋਹਾਲੀ ਵਿੱਚ ਦਾਰਾ ਸਟੂਡੀਓ ਦਾ ਨਿਰਮਾਣ ਕੀਤਾ। ਉਹ 12 ਜੁਲਾਈ 2012 ਵਿੱਚ ਇਸ ਸੰਸਾਰ ਨੂੰ ਅਲਵਿਦਾ ਕਹਿ ਗਿਆ।
ਉਸਦਾ ਕਹਿਣਾ ਸੀ, ਚੰਗੀ ਸਿਹਤ ਨਾਲ ਦੀ ਕੋਈ ਦੌਲਤ ਨਹੀਂ। ਚੰਗੀ ਸਿਹਤ ਲਈ ਚੰਗੇ ਕਿਰਦਾਰ ਦੀ ਲੋੜ ਹੈ। (ਉਹ ਨਿੰਮ ਦੀ ਦਾਤਣ ਕਰਨੀ ਨਾ ਭੁੱਲਦਾ)-ਸੱਚ ਬੋਲਣਾ ਤੇ ਕਿਸੇ ਦੀ ਨਿੰਦਿਆ ਨਾ ਕਰਨਾ ਤੇ ਉਸ ਕੰਮ ਤੋਂ ਬਚ ਕੇ ਰਹਿਣਾ ਜੋ ਮਨ ਨੂੰ ਮਾੜਾ ਲਗੇ–ਹੋ ਸਕੇ ਲੋੜਵੰਦ ਦਾ ਭਲਾ ਕਰਨਾ, ਕਰਕੇ ਵੀ ਭੁਲ ਜਾਣਾ ਹੋਰ ਵੀ ਚੰਗਾ। ਇਹੀਉ ਅਸਲੀ ਜੀਵਨ ਤੇ ਇਹੋ ਅਸਲ ਕਹਾਣੀ ਹੈ।