ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਤੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਅੱਜ ਕਿਹਾ ਕਿ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੁੰ ਗ੍ਰਿਫਤਾਰ ਕਰ ਕੇ ਉਹਨਾਂ ਤੋਂ ਹਿਰਾਸਤੀ ਪੁੱਛ ਗਿੱਛ ਬਹੁਤ ਜ਼ਰੂਰੀ ਹੈ ਤਾਂ ਜੋ ਉਹਨਾਂ ਕੋਲੋਂ ਗੁਰੂ ਦੀ ਗੋਲਕ ਦਾ ਲੁੱਟਿਆ ਪੈਸਾ ਬਰਾਮਦ ਕੀਤਾ ਜਾ ਸਕੇ।
ਇਥੇ ਇਕ ਪ੍ਰੈਸ ਕਾਨਫਰੰਸ ਨੁੰ ਸੰਬੋਧਨ ਕਰਦਿਆਂ ਸਿਰਸਾ ਤੇ ਕਾਲਕਾ ਨੇ ਦੱਸਿਆ ਕਿ ਪਟਿਆਲਾ ਹਾਊਸ ਕੋਰਟ ਦਿੱਲੀ ਦੀ ਅਦਾਲਤ ਦੇ ਜੱਜ ਪਵਨ ਸਿੰਘ ਰਾਜਾਵਤ ਨੇ ਮਨਜੀਤ ਸਿੰਘ ਜੀ.ਕੇਂ ਖਿਲਾਫ ਕੇਸ ਦਰਜ ਕਰ ਕੇ ਉਹਨਾਂ ਦੀ ਹਿਰਾਸਤੀ ਪੁੱਛ ਗਿੱਛ ਕਰਨ ਅਤੇ ਉਹਨਾਂ ਦੀ ਰਿਹਾਇਸ਼ ਤੇ ਹੋਰ ਠਿਕਾਣਿਆਂ ਦੀ ਤਲਾਸ਼ੀ ਲਏ ਜਾਣ ਦੇ ਹੁਕਮ ਦਿੱਤੇ ਹਨ ਤਾਂ ਜੋ ਲੁੱਟਿਆ ਗਿਆ ਪੈਸਾ ਵਸੂਲਿਆ ਜਾ ਸਕੇ। ਉਹਨਾਂ ਇਹ ਵੀ ਦੱਸਿਆ ਕਿ ਅਦਾਲਤ ਨੇ ਇਹ ਵੀ ਮੰਨਿਆ ਹੈ ਕਿ ਜੀ. ਕੇ. ਤੇ ਉਹਨਾਂ ਦੇ ਪੀ ਏ ਪਰਮਜੋਤ ਜੀਵਨ ਸਿੰਘ ਨੇ 80 ਲੱਖ ਰੁਪਏ ਅਤੇ ਹਜ਼ਾਰਾਂ ਡਾਲਰ ਸੰਗਤ ਦਾ ਪੈਸਾ ਲੁੱਟਿਆ। ਉਹਨਾਂ ਕਿਹਾ ਕਿ ਅਦਾਲਤੀ ਹੁਕਮਾਂ ਵਿਚ ਸਪਸ਼ਟ ਕੀਤਾ ਗਿਆ ਹੈ ਕ ਮਨਜੀਤ ਸਿੰਘ ਜੀ. ਕੇ. ਨੇ ਖੁਦ ਅਤੇ ਆਪਣੇ ਪੀ ਏ ਰਾਹੀ ਪਰਮਜੋਤ ਜੀਵਨ ਸਿੰਘ ਰਾਹੀਂ ਗੁਰੂ ਦੀ ਗੋਲਕ ਦੀ ਲੁੱਟ ਕੀਤੀ। ਉਹਨਾਂ ਕਿਹਾ ਕਿ ਅਦਾਲਤ ਨੇ ਇਹ ਵੀ ਕਿਹਾ ਹੈ ਕਿ ਜੀ ਕੇ ਦੀ ਗ੍ਰਿਫਤਾਰੀ ਬਿਨਾਂ ਦੇਰੀ ਦੇ ਕੀਤੀ ਜਾਣੀ ਬਹੁਤ ਜ਼ਰੂਰੀ ਹੈ ਤੇ ਉਸਦੀ ਹਿਰਾਸਤੀ ਪੁੱਛ ਗਿੱਛ ਹੋਣੀ ਚਾਹੀਦੀ ਹੈ ਤਾਂ ਜੋ ਲੁੱਟਿਆ ਗਿਆ ਪੈਸਾ ਬਰਾਮਦ ਕੀਤਾ ਜਾ ਸਕੇ।
ਅਦਾਲਤ ਨੇ ਇਹ ਵੀ ਕਿਹਾ ਕਿ ਅਸਲ ਰਸੀਦਾਂ ਤਾਂ ਪੁਲਿਸ ਕੋਲ ਹਨ ਤੇ ਦੋਵਾਂ ਆਗੂਆਂ ਨੇ ਵੋਚਰਾਂ ਤੇ ਦਿੱਲੀ ਗੁਰਦੁਆਰਾ ਕਮੇਟੀ ਦੇ ਹੋਰ ਦਸਤਾਵੇਜ਼ਾ ਦੀਆਂ ਕਾਪੀਆਂ ਮੀਡੀਆ ਨੁੰ ਵਿਖਾਈਆਂ ਜਿਹਨਾਂ ਰਾਹੀਂ ਜੀ ਕੇ ਤੇ ਉਹਨਾਂ ਦੇ ਪੀ ਏ ਨੇ 50 ਲੱਖ ਰੁਪਏ, 30 ਲੱਖ ਰੁਪਏ ਅਤੇ 13 ਲੱਖ 65 ਰੁਪਏ ਤੇ ਹਜ਼ਾਰਾਂ ਡਾਲਰ ਕੱਢਵਾਏ। ਉਹਨਾਂ ਇਹ ਵੀ ਦੱਸਿਆ ਕਿ ਕਿਵੇਂ ਜੀ ਕੇ ਨੇ ਧਰਮ ਪ੍ਰਚਾਰ ਦਾ ਬਹਾਨਾ ਬਣਾ ਕੇ ਦੌਰੇ ਕੀਤੇ।
ਸਿਰਸਾ ਨੇ ਕਿਹਾ ਕਿ ਹੁਣ ਜਦੋਂ ਅਦਾਲਤ ਹੀ ਜੀ ਕੇ ਖਿਲਾਫ ਕੇਸ ਦਰਜ ਕਰਨ, ਉਸਦੀ ਹਿਰਾਸਤੀ ਪੁੱਛ ਗਿੱਛ ਕਰਨ ਅਤੇ ਲੁੱਟਿਆ ਪੈਸਾ ਬਰਾਮਦ ਕਰਨ ਲਈ ਉਹਨਾਂ ਦੀ ਰਿਹਾਇਸ਼ ਤੇ ਹੋਰ ਠਿਕਾਣਿਆਂ ਦੀ ਤਲਾਸ਼ੀ ਲੈਣ ਦੇ ਹੁਕਮ ਜਾਰੀ ਕੀਤੇ ਹਨ ਤਾਂ ਹੁਣ ਸਪਸ਼ਟ ਹੋ ਗਿਆ ਹੈ ਕਿ ਉਹਨਾਂ ਨੇ ਗੋਲਕ ਚੋਰੀ ਕੀਤੀ ਤੇ ਹੁਣ ਕੁਝ ਹੀ ਦਿਨਾਂ ਵਿਚ ਸੰਗਤ ਸਾਹਮਣੇ ਆ ਜਾਵੇਗਾ ਕਿ ਜੀ ਕੇ ਨੇ ਖੁਦ ਆਪਣੀ ਨਿੱਜੀ ਐਸ਼ ਪ੍ਰਸਤੀ ਵਾਸਤੇ ਗੋਲਕ ਲੁੱਟੀ।
ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਇਸ ਕੇਸ ਬਾਰੇ ਸੰਗਤ ਤੇ ਮੀਡੀਆ ਦੇ ਸਵਾਲਾਂ ਦੇ ਜਵਾਬ ਦੇਣ ਤੋਂ ਟਾਲਾ ਵੱਟ ਰਹੇ ਹਨ ਪਰ ਦਿੱਲੀ ਗੁਰਦੁਆਰਾ ਕਮੇਟੀ ਹਰ ਸਵਾਲ ਦਾ ਜਵਾਬ ਦੇਣ ਲਈ ਤਿਆਰ ਬਰ ਤਿਆਰ ਹੈ ਜੋ ਵੀ ਦਿੱਲੀ ਗੁਰਦੁਆਰਾ ਕਮੇਟੀ ਦੇ ਕੰਮਕਾਜ ਬਾਰੇ ਜਾਣਕਾਰੀ ਲੈਣੀ ਚਾਹੁੰਦਾ ਹੋਵੇ। ਉਹਨਾਂ ਕਿਹਾ ਕਿ ਜੀ ਕੇ ਨੇ ਜੋ ਕੀਤਾ, ਉਸ ਨਾਲ ਦਿੱਲੀ ਗੁਰਦੁਆਰਾ ਕਮੇਟੀ ਨੂੰ ਸਾਰੀ ਦੁਨੀਆਂ ਸਾਹਮਣੇ ਸ਼ਰਮਸਾਰ ਹੋਣਾ ਪਿਆ ਕਿਉਂਕਿ ਸੰਗਤ ਨੇ ਕਦੇ ਵੀ ਗੁਰੂ ਦੀ ਗੋਲਕ ਦੀ ਅਜਿਹੀ ਲੁੱਟ ਨਹੀਂ ਵੇਖੀ।
ਨਵਾਂ ਭਾਈਵਾਲ ਲੱਭੀ ਬੈਠੇ ਸਰਨਿਆਂ ‘ਤੇ ਵਰਦਿਆਂ ਸਿਰਸਾ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਅਦਾਲਤ ਨੇ ਜਿਸਦੇ ਖਿਲਾਫ ਕੇਸ ਦਰਜ ਕਰਕੇ ਉਸਨੂੰ ਗ੍ਰਿਫਤਾਰ ਕਰਨ ਦੇ ਹੁਕਮ ਦਿੱਤੇ ਹਨ, ਸਰਨਾ ਭਰਾ ਉਸਨੂੰ ਕਲੀਨ ਚਿੱਟ ਦੇ ਰਹੇ ਹਨ। ਉਹਨਾਂ ਕਿਹਾ ਕਿ ਜੀ ਕੇ ਦੇ ਖਿਲਾਫ ਰੋਜ਼ਾਨਾ ਆਧਾਰ ‘ਤੇ ਭ੍ਰਿਸ਼ਟਾਚਾਰ ਦੇ ਕੇਸ ਸਾਹਮਣੇ ਆ ਰਹੇ ਹਨ। ਉਹਨਾਂ ਕਿਹਾ ਕਿ ਸੰਗਤ ਜਾਣਦੀ ਹੈ ਕਿ ਸਰਨਾ ਭਰਾ ਸਿਰਫ ਸੱਤਾ ਦੇ ਲਾਲਚੀ ਹਨ।
ਉਹਨਾਂ ਕਿਹਾ ਕਿ ਅੱਜ ਦਾ ਦਿਨ ਸਿੱਖ ਇਤਿਹਾਸ ਵਿਚ ਮਨਹੂਸ ਦਿਨ ਹੈ ਜਦੋਂ ਅਦਾਲਤ ਨੇ ਸਾਬਕਾ ਪ੍ਰਧਾਨ ਖਿਲਾਫ ਭ੍ਰਿਸ਼ਟਾਚਾਰ ਦਾ ਕੇਸ ਦਰਜ ਕਰਨ ਦੇ ਹੁਕਮ ਦਿੱਤੇ ਹਨ। ਉਹਨਾਂ ਕਿਹਾ ਕਿ ਜੋ ਵੀ ਨਾਂ ਦਿੱਲੀ ਗੁਰਦੁਆਰਾ ਕਮੇਟੀ ਨੇ ਸੰਗਤ ਦੀ ਸੇਵਾ ਨਾਲ ਕਮਾਇਆ ਸੀ, ਜੀ ਕੇ ਦੀਆਂ ਕਰਤੂਤਾਂ ਤੇ ਭ੍ਰਿਸ਼ਟਾਚਾਰ ਨਾਲ ਭਰਿਆ ਉਹਨਾਂ ਦਾ ਕਾਰਜਕਾਲ ਉਸ ‘ਤੇ ਕਲੰਕ ਲਗਾ ਰਹੇ ਹਨ।