ਨਿਊਜ਼ ਡੈਸਕ: ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਵਿੱਚ ਤਬਾਹੀ ਮਚਾ ਰੱਖੀ ਹੈ, ਇਸ ਵਾਇਰਸ ਦਾ ਟੀਕਾ ਹਾਲੇ ਤੱਕ ਨਹੀਂ ਬਣ ਸਕਿਆ ਹੈ। ਇਸ ਵਿਚਾਲੇ ਖਬਰ ਮਿਲ ਰਹੀ ਹੈ ਕਿ ਡੈਨਮਾਰਕ ਵਿੱਚ SARS-CoV-2 ਦੇ ਅਲਗ ਕਿਸਮ ਦੇ ਕੋਰੋਨਾ ਸੰਕਰਮਣ ਦੇ 214 ਮਾਮਲਿਆਂ ਦੀ ਪਹਿਚਾਣ ਕੀਤੀ ਗਈ ਹੈ, ਇਹ ਮਾਮਲੇ ਮਿੰਕ ਯਾਨੀ ਉਦਬਿਲਾਵ ਨਾਲ ਜੁੜੇ ਦੱਸੇ ਜਾ ਰਹੇ ਹਨ।
ਮਿਲੀ ਜਾਣਕਾਰੀ ਮੁਤਾਬਕ ਬੀਤੀ ਪੰਜ ਨਵੰਬਰ ਨੂੰ ਇਨ੍ਹਾਂ ‘ਚੋਂ 12 ਮਾਮਲਿਆਂ ਵਿੱਚ ਇੱਕ ਖਾਸ ਕਿਸਮ ਦੀ ਕੋਰੋਨਾ ਸਟ੍ਰੇਨ ਪਾਈ ਗਈ ਹੈ ਅਤੇ ਹੁਣ ਇਸ ਖੁਲਾਸੇ ਤੋਂ ਬਾਅਦ ਦੁਨੀਆ ਵਿੱਚ ਨਵੇਂ ਖਤਰੇ ਦਾ ਖਦਸ਼ਾ ਜਤਾਇਆ ਜਾਣ ਲੱਗਿਆ ਹੈ। ਰਿਪੋਰਟਾਂ ਮੁਤਾਬਕ, ਕੋਰੋਨਾ ਵਾਇਰਸ ਵਿੱਚ ਹੋਏ ਬਦਲਾਅ ਨੂੰ ਲੈ ਕੇ ਡੈਨਮਾਰਕ ਦੀ ਸਰਕਾਰ ਇੱਕ ਕਰੋੜ 70 ਲੱਖ ਮਿੰਕ ਨੂੰ ਮਾਰਨ ਦੀ ਯੋਜਨਾ ਬਣਾ ਰਹੀ ਹੈ।
ਵਿਸ਼ਵ ਸਿਹਤ ਸੰਗਠਨ (WHO) ਦਾ ਕਹਿਣਾ ਹੈ ਕਿ ਮਿੰਕ ਨਵੇਂ SARS-CoV-2 ਵਾਇਰਸ ਲਈ ਭੰਡਾਰ ਦਾ ਘਰ ਸਾਬਤ ਹੋਏ ਹਨ। ਡੈਨਮਾਰਕ ਵਿੱਚ ਕੋਰੋਨਾ ਦੀ ਬਦਲੀ ਹੋਈ ਕਿਸਮ (mutated strain) ਦੀ ਇਸ ਸਟ੍ਰੇਨ ਨਾਲ ਇੱਕ ਦਰਜਨ ਲੋਕਾਂ ਵਿੱਚ ਸੰਕਰਮਣ ਹੋਇਆ ਹੈ। ਕੋਪੇਨਹੇਗਨ ਸਥਿਤ ਯੂਰਪੀ ਦਫ਼ਤਰ ਵਿੱਚ ਵਿਸ਼ਵ ਸਿਹਤ ਸੰਗਠਨ ਦੀ ਐਮਰਜੈਂਸੀ ਅਧਿਕਾਰੀ ਕੈਥਰੀਨ ਸਮਾਲਵੁੱਡ (Catherine Smallwood) ਨੇ ਕਿਹਾ ਕਿ ਕੋਰੋਨਾ ਵਾਇਰਸ ਦਾ ਬਦਲਿਆ ਰੂਪ ਦੁਨੀਆ ਲਈ ਵੱਡਾ ਖਤਰਾ ਸਾਬਤ ਹੋ ਸਕਦਾ ਹੈ।
ਉਨ੍ਹਾਂ ਨੇ ਕਿਹਾ ਕਿ ਮਿੰਕ ਦੀ ਆਬਾਦੀ ਇਨਸਾਨਾਂ ਵਿੱਚ ਕੋਰੋਨਾ ਦੀ ਇਸ ਨਵੀਂ ਨਸਲ ਦੇ ਫੈਲਣ ਵਿੱਚ ਮਦਦਗਾਰ ਸਾਬਤ ਹੋ ਸਕਦੀ ਹੈ। ਇਸ ਤੋਂ ਬਾਅਦ ਇਹ ਇਨਸਾਨਾਂ ਤੋਂ ਇਨਸਾਨਾਂ ਵਿੱਚ ਫੈਲਣ ਲੱਗੇਗਾ। ਅਜਿਹੇ ਵਿੱਚ ਸਵਾਲ ਉੱਠਣ ਲੱਗਿਆ ਹੈ ਕਿ ਕੋਰੋਨਾ ਸੰਕਰਮਣ ਨਾਲ ਲੜਨ ਲਈ ਦੁਨੀਆਭਰ ਵਿੱਚ ਜਿਹੜੇ ਟੀਕਿਆਂ ‘ਤੇ ਕੰਮ ਹੋ ਰਿਹਾ ਹੈ ਕੀ ਉਹ ਕੋਰੋਨਾ ਦੀ ਇਸ ਬਦਲੀ ਕਿਸਮ ‘ਤੇ ਵੀ ਕਾਰਗਰ ਹੋਣਗੇ। ਜੇਕਰ ਇਹ ਟੀਕੇ ਬੇਅਸਰ ਸਾਬਤ ਹੋਏ ਤਾਂ ਬਹੁਤ ਨੁਕਸਾਨ ਹੋ ਸਕਦਾ ਹੈ।