ਚੰਡੀਗੜ੍ਹ: ਪੰਜਾਬ ਸਰਕਾਰ ਨੇ ਲੰਬੇ ਸਮੇਂ ਤੋਂ ਬੰਦ ਪਏ ਕਾਲਜ ਅਤੇ ਯੂਨੀਵਰਸਿਟੀ ਖੋਲ੍ਹਣ ਦਾ ਫੈਸਲਾ ਲਿਆ ਹੈ। ਕੈਪਟਨ ਸਰਕਾਰ ਦੇ ਹੁਕਮਾਂ ਮੁਤਾਬਕ ਕਾਲਜ ਅਤੇ ਯੂਨੀਵਰਸਿਟੀਆਂ 16 ਨਵੰਬਰ ਤੋਂ ਖੋਲ੍ਹੀਆਂ ਜਾਣਗੀਆਂ। ਕੋਰੋਨਾ ਮਹਾਮਾਰੀ ਕਾਰਨ ਕਾਲਜਾਂ ਅਤੇ ਯੂਨੀਵਰਸਿਟੀਆਂ ਨੂੰ ਬੰਦ ਕਰ ਦਿੱਤਾ ਗਿਆ ਸੀ।
ਕਾਲਜ ਤੇ ਯੂਨੀਵਰਸਿਟੀਆਂ ਨੂੰ ਖੋਲ੍ਹਣ ਲਈ ਪੰਜਾਬ ਸਰਕਾਰ ਨੇ ਸਖ਼ਤ ਹਦਾਇਤਾਂ ਵੀ ਜਾਰੀ ਕੀਤੀਆਂ ਹਨ। ਕੈਂਪਸ ‘ਚ ਸਰੀਰਕ ਦੂਰੀ ਦਾ ਖਾਸ ਧਿਆਨ ਰੱਖਿਆ ਜਾਵੇਗਾ। ਇਸ ਤੋਂ ਇਲਾਵਾ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਮਾਸਕ ਪਹਿਨ ਕੇ ਹੀ ਕਾਲਜ ਤੇ ਯੂਨੀਵਰਸਿਟੀ ‘ਚ ਆਉਣ ਦੀ ਇਜਾਜ਼ਤ ਹੋਵੇਗੀ। ਇਸ ਦੇ ਨਾਲ ਹੀ ਕੈਂਪਸ ‘ਚ ਮੈਡੀਕਲ ਜਾਂਚ ਲਈ ਇੱਕ ਡਾਕਟਰ ਦਾ ਮੌਜੂਦ ਰਹਿਣਾ ਲਾਜਮੀ ਹੋਵੇਗੀ। ਇੱਕ ਕਲਾਸ ਰੂਮ ਨੂੰ ਕੁਆਰੰਟੀਨ ਸੈਂਟਰ ਵਜੋਂ ਬਣਾਇਆ ਜਾਵੇਗਾ। ਇਹਨਾਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਹੀ ਕਾਲਜ ਤੇ ਯੂਨੀਵਰਸਿਟੀਆਂ ਖੋਲ੍ਹਣ ਦੀ ਇਜਾਜ਼ਤ ਹੋਵੇਗੀ।
ਸਕੂਲਾਂ ਨੂੰ ਲੈ ਕੇ ਪੰਜਾਬ ਸਰਕਾਰ ਨੇ ਪਿਛਲੀ ਗਾਈਡਲਾਈਨ ਹੀ ਰੱਖੀਆਂ ਹਨ। ਮੌਜੂਦਾ ਸਮੇਂ ‘ਚ ਸਕੂਲਾਂ ‘ਚ 9ਵੀਂ ਤੋਂ 12ਵੀਂ ਜਮਾਤ ਦੇ ਹੀ ਵਿਦਿਆਰਥੀ ਆਉਣ ਦੀ ਛੋਟ ਦਿੱਤੀ ਗਈ ਹੈ। ਸਕੂਲ ਆਉਣ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਮਾਪਿਆਂ ਤੋਂ ਲਿਖਤੀ ਰੂਪ ‘ਚ ਪਰਮੀਸ਼ਨ ਲੈ ਕੇ ਸਕੂਲ ਪ੍ਰਸ਼ਾਸਨ ਨੂੰ ਜਮਾ ਕਰਵਾਉਣ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾ ਸਕੂਲ ਪ੍ਰਸ਼ਾਸਨ ਬੱਚਿਆਂ ‘ਤੇ ਸਕੂਲ ਆਉਣ ਲਈ ਜ਼ੋਰ ਨਹੀਂ ਪਾ ਸਕਦਾ। ਹਾਲਾਂਕਿ ਬਾਕੀ ਔਨਲਾਈਨ ਕਲਾਸਾਂ ਲੱਗਦੀਆਂ ਰਹਿਣਗੀਆਂ।