ਸਿੱਧੂ ਨੇ ਇਮਰਾਨ ਖਾਨ ਨੂੰ ਕਿਹਾ ਵੱਡਾ ਭਰਾ; ਵਿਰੋਧੀਆਂ ਨੇ ਛੱਡੇ ਸ਼ਬਦੀ ਬਾਣ

TeamGlobalPunjab
2 Min Read

ਡੇਰਾ ਬਾਬਾ ਨਾਨਕ/ਨਵੀਂ ਦਿੱਲੀ : ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਪਾਕਿਸਤਾਨ ਗਏ ਨਵਜੋਤ ਸਿੰਘ ਸਿੱਧੂ ਦੀ ਬਿਆਨਬਾਜ਼ੀ ‘ਤੇ ਸਿਆਸਤ ਭਖ ਚੁੱਕੀ ਹੈ। ਸ਼ਨੀਵਾਰ ਨੂੰ ਸਿੱਧੂ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਆਪਣਾ ਵੱਡਾ ਭਰਾ ਦੱਸਿਆ ਅਤੇ ਕਿਹਾ ਕਿ ਇਮਰਾਨ ਨੇ ਉਨ੍ਹਾਂ ਨੂੰ ਬਹੁਤ ਪਿਆਰ ਦਿੱਤਾ ਹੈ। ਸਿੱਧੂ ਦੇ ਇਸ ਬਿਆਨ ‘ਤੇ ਭਾਜਪਾ ਨੇ ਸਿੱਧੂ ਦੇ ਨਾਲ-ਨਾਲ ਕਾਂਗਰਸ ਨੂੰ ਵੀ ਕਰੜੇ ਹੱਥੀਂ ਲਿਆ ਹੈ।

 ਭਾਜਪਾ ਬੁਲਾਰੇ ਸੰਬਿਤ ਪਾਤਰਾ ਨੇ ਕਿਹਾ ਕਿ ਸਿੱਧੂ ਨੇ ਇਕ ਵਾਰ ਫਿਰ ਪਾਕਿਸਤਾਨ ਪ੍ਰਤੀ ਆਪਣਾ ਪਿਆਰ ਦਿਖਾਇਆ ਹੈ। ਉਹ ਹਮੇਸ਼ਾ ਪਾਕਿਸਤਾਨ ਦੀ ਤਾਰੀਫ਼ ਕਰਦੇ ਰਹਿੰਦੇ ਹਨ, ਇਹ ਕਾਂਗਰਸ ਦੀ ਸੋਚੀ ਸਮਝੀ ਸਾਜ਼ਿਸ਼ ਹੈ।

ਦੱਸ ਦਈਏ ਕਿ ਸਿੱਧੂ ਦਾ ਪਾਕਿਸਤਾਨ ਪਹੁੰਚਣ ‘ਤੇ ਸ਼ਾਹੀ ਸਵਾਗਤ ਕੀਤਾ ਗਿਆ। ਪਾਕਿਸਤਾਨ ਦੀ ਧਰਤੀ ‘ਤੇ ਪੈਰ ਰੱਖਦਿਆਂ ਹੀ ਉਨ੍ਹਾਂ ‘ਤੇ ਫੁੱਲਾਂ ਦੀ ਵਰਖਾ ਕੀਤੀ ਗਈ। ਇਸ ਤੋਂ ਬਾਅਦ ਕਰਤਾਰਪੁਰ ਸਾਹਿਬ ਦੇ ਸੀਈਓ ਨੇ ਉਨ੍ਹਾਂ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਪੂਰਾ ਪਾਕਿਸਤਾਨ ਤੁਹਾਡਾ ਸੁਆਗਤ ਕਰਦਾ ਹੈ। ਅਸੀਂ ਲੰਬੇ ਸਮੇਂ ਤੋਂ ਇਸ ਦਿਨ ਦੀ ਉਡੀਕ ਕਰ ਰਹੇ ਸੀ।

 

- Advertisement -

ਆਪਣੇ ਸ਼ਾਹੀ ਸਵਾਗਤ ਤੋਂ ਗਦਗਦ ਸਿੱਧੂ ਨੇ ਕਿਹਾ ਕਿ ਇਮਰਾਨ ਮੇਰਾ ਵੱਡਾ ਭਰਾ ਹੈ। ਉਸਨੇ ਮੈਨੂੰ ਬਹੁਤ ਪਿਆਰ ਦਿੱਤਾ ਹੈ। ਇਸ ਤੋਂ ਬਾਅਦ ਸਿੱਧੂ ਦੇ ਹਾਰ ਪਾ ਕੇ ਸਵਾਗਤ ਕੀਤਾ ਗਿਆ।

ਭਾਜਪਾ ਆਈਟੀ ਸੈੱਲ ਦੇ ਮੁਖੀ ਅਮਿਤ ਮਾਲਵੀਆ ਨੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ, ਰਾਹੁਲ ਗਾਂਧੀ ਦੇ ਚਹੇਤੇ ਨਵਜੋਤ ਸਿੰਘ ਸਿੱਧੂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਆਪਣਾ ‘ਵੱਡਾ ਭਰਾ’ ਕਹਿੰਦੇ ਹਨ। ਪਿਛਲੀ ਵਾਰ ਉਨ੍ਹਾਂ ਪਾਕਿਸਤਾਨੀ ਫ਼ੌਜ ਦੇ ਮੁਖੀ ਜਨਰਲ ਬਾਜਵਾ ਨੂੰ ਗਲ਼ੇ ਲਾਇਆ ਸੀ, ਉਨ੍ਹਾਂ ਦੀ ਤਾਰੀਫ ਕੀਤੀ ਸੀ।

ਕੀ ਇਹ ਕੋਈ ਹੈਰਾਨੀ ਦੀ ਗੱਲ ਹੈ ਕਿ ਗਾਂਧੀ ਭਰਾ-ਭੈਣਾਂ ਨੇ ਅਨੁਭਵੀ ਅਮਰਿੰਦਰ ਸਿੰਘ ਦੀ ਜਗ੍ਹਾਂ ਪਾਕਿਸਤਾਨ ਪ੍ਰੇਮੀ ਸਿੱਧੂ ਨੂੰ ਚੁਣਿਆ?

ਫਿਲਹਾਲ ਸਿੱਧੂ ਦੇ ਇਸ ਬਿਆਨ ‘ਤੇ ਵਿਰੋਧੀ ਧਿਰਾਂ ਕਾਂਗਰਸ ਅਤੇ ਸਿੱਧੂ ਖ਼ਿਲਾਫ਼ ਜੰਮ ਕੇ ਬਿਆਨਬਾਜ਼ੀ ਕਰ ਰਹੀਆਂ ਹਨ। ਸਿੱਧੂ ਦੇ ਨਾਲ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ,‌‌ ਕਾਰਜਕਾਰੀ ਪ੍ਰਧਾਨ ਕੁਲਜੀਤ ਨਾਗਰਾ, ਪਵਨ ਗੋਇਲ ਵੀ ਸਨ।

Share this Article
Leave a comment