ਵਾਸ਼ਿੰਗਟਨ: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਡੋਨਲਡ ਟਰੰਪ ‘ਤੇ ਕਈ ਗੰਭੀਰ ਦੋਸ਼ ਲਾਏ ਹਨ। ਉਨ੍ਹਾਂ ਨੇ ਕਿਹਾ ਕਿ ਟਰੰਪ ਵ੍ਹਾਈਟ ਹਾਊਸ ਵਿੱਚ ਇਕ ਰਿਐਲਿਟੀ ਸ਼ੋਅ ਚਲਾ ਰਹੇ ਹਨ। ਓਬਾਮਾ ਨੇ ਟਰੰਪ ‘ਤੇ ਕੋਰੋਨਾਵਾਇਰਸ ਸੰਕਟ ਨੂੰ ਗੰਭੀਰਤਾ ਨਾਲ ਨਾ ਲੈਣ ਦਾ ਦੋਸ਼ ਲਗਾਉਂਦੇ ਹੋਏ ਕਿਹਾ ਹੈ ਕਿ ਉਨ੍ਹਾਂ ਦੇ ਡੈਮੋਕ੍ਰੇਟਿਕ ਵਿਰੋਧੀ ਜੋ ਬਾਇਡਨ ਕੋਰੋਨਾਵਾਇਰਸ ਮਹਾਂਮਾਰੀ ਨੂੰ ਗੰਭੀਰਤਾ ਨਾਲ ਲੈਂਦੇ ਹਨ।
ਓਬਾਮਾ ਨੇ ਡੈਮੋਕ੍ਰੇਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੋ ਬਾਇਡਨ ਦੇ ਪੱਖ ਵਿਚ ਮਿਸ਼ੀਗਨ ‘ਚ ਸ਼ਨੀਵਾਰ ਨੂੰ ਚੋਣ ਪ੍ਰਚਾਰ ਕਰਦੇ ਹੋਏ ਕਿਹਾ ਕਿ ਪਿਛਲੇ ਚਾਰ ਸਾਲਾਂ ਵਿੱਚ ਟਰੰਪ ਨੇ ਖ਼ੁਦ ਤੋਂ ਇਲਾਵਾ ਕਿਸੇ ਹੋਰ ਦੀ ਸਹਾਇਤਾ ਵਿੱਚ ਕੋਈ ਦਿਲਚਸਪੀ ਨਹੀਂ ਦਿਖਾਈ ਅਤੇ ਰਾਸ਼ਟਰਪਤੀ ਅਹੁਦੇ ਨੂੰ ਇਕ ਰਿਐਲਿਟੀ ਸ਼ੋਅ ਤੋਂ ਜ਼ਿਆਦਾ ਕੁਝ ਨਹੀਂ ਮੰਨਿਆ ਜੋ ਉਨ੍ਹਾਂ ਵੱਲ ਸਭ ਦਾ ਧਿਆਨ ਖਿੱਚੇ।
ਓਬਾਮਾ ਨੇ ਕਿਹਾ ਕਿ ਰਾਸ਼ਟਰਪਤੀ ਦਾ ਅਹੁਦਾ ਤੁਹਾਨੂੰ ਬਦਲ ਨਹੀਂ ਸਕਦਾ। ਤੁਸੀਂ ਜਿਵੇਂ ਹੋ ਉਸੇ ਤਰ੍ਹਾਂ ਹੀ ਰਹੋਗੇ, ਇਹ ਦਿਖਾਉਂਦਾ ਹੈ ਕਿ ਤੁਸੀਂ ਕੀ ਹੋ ਇਹ ਖੁਲਾਸਾ ਕਰਦਾ ਹੈ ਕਿ ਤੁਸੀਂ ਕੌਣ ਹੋ। ਅੱਠ ਸਾਲਾਂ ਤੱਕ ਬਾਇਡਨ ਮੇਰੇ ਹਰ ਵੱਡੇ ਫੈਸਲੇ ਦੌਰਾਨ ਮੌਜੂਦ ਰਹੇ। ਸਾਬਕਾ ਰਾਸ਼ਟਰਪਤੀ ਨੇ ਬਾਇਡਨ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਉਹ ਮੇਰੇ ਭਰਾ ਹਨ। ਉਹ ਸ਼ਾਨਦਾਰ ਰਾਸ਼ਟਰਪਤੀ ਸਾਬਤ ਹੋਣਗੇ ਅਤੇ ਉਹ ਨਰਮੀ ਅਤੇ ਆਦਰ ਨਾਲ ਪੇਸ਼ ਆਉਂਦੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਬਾਇਡਨ ਨੇ ਮੈਨੂੰ ਇੱਕ ਚੰਗਾ ਰਾਸ਼ਟਰਪਤੀ ਬਣਾਇਆ।

