ਸਿਡਨੀ: ਨਵੇਂ ਖੇਤੀ ਕਾਨੂੰਨਾਂ ਨੂੰ ਲੈ ਕੇ ਜਿੱਥੇ ਪੰਜਾਬ ਦੇ ਕਿਸਾਨ ਲਗਾਤਾਰ ਕੇਂਦਰ ਸਰਕਾਰ ਦਾ ਵਿਰੋਧ ਕਰ ਰਹੇ ਹਨ, ਉਥੇ ਹੀ ਪੰਜਾਬ ਸਰਕਾਰ ਸਣੇ ਸਿਆਸੀ ਆਗੂ ਵੀ ਕਿਸਾਨਾਂ ਦਾ ਸਮਰਥਨ ਕਰ ਰਹੇ ਹਨ। ਭਾਰਤ ਵਿਚ ਲਾਗੂ ਕੀਤੇ ਜਾ ਰਹੇ ਖੇਤੀ ਕਾਨੂੰਨਾਂ ਦਾ ਵਿਦੇਸ਼ਾਂ ‘ਚ ਵੀ ਖਾਸਾ ਵਿਰੋਧ ਕੀਤਾ ਜਾ ਰਿਹਾ ਹੈ।
ਇਸੇ ਤਹਿਤ ਬੀਤੇ ਐਤਵਾਰ ਸਿਡਨੀ ‘ਚ ਪੰਜਾਬੀਆਂ ਨੇ ਸਾਂਝੇ ਤੌਰ ‘ਤੇ ਇੱਕ ਸਮਾਗਮ ਕੀਤਾ ਜਿਸ ਵਿੱਚ ਪੰਜਾਬ ‘ਚ ਚੱਲ ਰਹੇ ਕਿਸਾਨੀ ਅੰਦੋਲਨ ਦਾ ਪੂਰਨ ਸਮਰਥਨ ਕੀਤਾ ਗਿਆ। ਇਸ ਸਮਾਗਮ ਵਿੱਚ ਸਾਰੀਆਂ ਸੰਸਥਾਵਾਂ, ਹਰ ਵਰਗ ਦੇ ਕਿੱਤਾਕਾਰ ਤੇ ਬਜ਼ੁਰਗ ਨੌਜਵਾਨ ਸਭ ਸ਼ਾਮਲ ਹੋਏ।
ਭਾਈਚਾਰੇ ਨੇ ਸਮੂਹਿਕ ਰੂਪ ‘ਚ ਪੰਜਾਬ ਦੇ ਹਰ ਕਿਸਾਨ ਤੇ ਮਜਦੂਰ ਨੂੰ ਸੁਨੇਹਾ ਭੇਜਿਆ ਕਿ ਇਸ ਸੰਘਰਸ਼ ‘ਚ ਆਸਟਰ੍ਰੇਲੀਆ ‘ਚ ਵਸਦੇ ਸਾਰੇ ਪੰਜਾਬੀ ਉਨ੍ਹਾਂ ਦੇ ਨਾਲ ਖੜ੍ਹੇ ਹਨ।
ਰੋਸ ਸਮਾਗਮ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਭਾਰਤ ਸਰਕਾਰ ਕਿਸਾਨ ਵਿਰੋਧੀ ਕਾਨੂੰਨ ਲਾਗੂ ਕਰਕੇ ਕਿਸਾਨਾਂ ਨੂੰ ਗੁਲਾਮ ਬਣਾਉਣ ਚਾਹੁੰਦਾ ਹੈ ਨਵੇਂ ਖੇਤੀ ਕਾਨੂੰਨ ਪੰਜਾਬੀ ਦੀ ਕਿਸਾਨੀ ਨੂੰ ਤਬਾਹ ਕਰ ਦੇਣਗੇ।
ਬੁਲਾਰਿਆਂ ਨੇ ਹਦਾਇਤ ਦਿੱਤੀ ਕਿ ਕਿਸਾਨੀ ਸਮਰਥਕ ਕੋਈ ਵੀ ਲੀਡਰ, ਸਮਾਜ ਸੇਵੀ ਜਾਂ ਗਾਇਕ ਜੇ ਅੰਤ ਸਮੇਂ ‘ਚ ਵਿਕ ਗਿਆ ਤਾਂ ਅਸੀਂ ਉਸਨੂੰ ਆਸਟ੍ਰੇਲੀਆ ‘ਚ ਵੜਨ ਜੋਗਾ ਨਹੀਂ ਛੱਡਾਂਗੇ। ਉਨ੍ਹਾਂ ਨੇ ਮੰਚ ਤੋਂ ਸ਼ੰਭੂ ਮੋਰਚੇ ‘ਤੇ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਆਪਸੀ ਤਾਲਮੇਲ ਬਣਾਕੇ ਕਿਸਾਨੀ ਝੰਡੇ ਹੇਠ ਲਾਮਵੰਦ ਹੋਣ ਦੀ ਅਪੀਲ ਕੀਤੀ।