ਚੰਡੀਗੜ੍ਹ: ਪੰਜਾਬ ਕੇਸਰੀ ਦੇ ਨਾਮ ਨਾਲ ਜਾਣੇ ਜਾਂਦੇ ਮਹਾਨ ਆਜ਼ਾਦੀ ਘੁਲਾਟੀਏ ਲਾਲਾ ਲਾਜਪਤ ਰਾਏ ਜੀ ਦਾ 96 ਵਾਂ ਬਲੀਦਾਨ ਦਿਵਸ ਅੱਜ ਉਨ੍ਹਾਂ ਦੇ ਜਨਮ ਅਸਥਾਨ ਪਿੰਡ ਢੁੱਡੀਕੇ ਵਿਖੇ ਪੂਰੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ। ਮੁੱਖ ਮਹਿਮਾਨ ਵਜੋਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸ਼ਿਰਕਤ ਕੀਤੀ ਜਦਕਿ ਵਿਧਾਇਕ ਨਿਹਾਲ ਸਿੰਘ ਵਾਲਾ ਮਨਜੀਤ ਸਿੰਘ ਬਿਲਾਸਪੁਰ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ। ਇਸ ਮੌਕੇ ਸਾਬਕਾ ਮੰਤਰੀ ਮਾਲਤੀ ਥਾਪਰ, ਲਾਲਾ ਲਾਜਪਤ ਰਾਏ ਜਨਮ ਅਸਥਾਨ ਯਾਦਗਾਰ ਕਮੇਟੀ ਦੇ ਵਾਈਸ ਚੇਅਰਮੈਨ ਰਣਜੀਤ ਸਿੰਘ ਧੰਨਾ, ਸਕੱਤਰ ਰਾਜਜੰਗ ਸਿੰਘ, ਮੌਜੂਦਾ ਤੇ ਸਾਬਕਾ ਸਰਪੰਚ ਤੋਂ ਇਲਾਵਾ ਵਿਦਿਆਰਥੀ ਅਤੇ ਹੋਰ ਲੋਕ ਹਾਜ਼ਰ ਸਨ।
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਆਪਣੇ ਸੰਬੋਧਨ ਵਿੱਚ ਦੱਸਿਆ ਕਿ ਅਜ਼ਾਦੀ ਦਾ ਸੰਘਰਸ਼ ਵਿੱਢਣ ਵਿੱਚ ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਜੀ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ। ਹਰੇਕ ਭਾਰਤ ਵਾਸੀ ਨੂੰ ਲਾਲਾ ਲਾਜਪਤ ਰਾਏ ਅਤੇ ਸਮੁੱਚੇ ਆਜ਼ਾਦੀ ਘੁਲਾਟੀਆਂ ਦੀਆਂ ਸ਼ਹਾਦਤਾਂ ਅਤੇ ਘਾਲਣਾਵਾਂ ਉੱਤੇ ਮਾਣ ਹੈ, ਜਿਨ੍ਹਾਂ ਦੇ ਸਿਰ ‘ਤੇ ਅੱਜ ਅਸੀਂ ਆਜ਼ਾਦ ਫਿਜ਼ਾ ਵਿੱਚ ਸਾਹ ਲੈ ਰਹੇ ਹਾਂ। ਲਾਲਾ ਲਾਜਪਤ ਰਾਏ ਜੀ ਜਿੱਥੇ ਮਹਾਨ ਆਜ਼ਾਦੀ ਘੁਲਾਟੀਏ ਸਨ, ਉਥੇ ਹੀ ਉਨ੍ਹਾਂ ਨੂੰ ਸਵਦੇਸ਼ੀ ਲਹਿਰ ਦੇ ਰਹਿਨੁਮਾ ਵਜੋਂ ਵੀ ਜਾਣਿਆ ਜਾਂਦਾ ਹੈ। ਪਿੰਡ ਵਾਸੀਆਂ ਤੇ ਪੰਚਾਇਤ ਦੀ ਮੰਗ ਪੂਰੀ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਨੇ ਪਿੰਡ ਦੇ ਵੱਖ-ਵੱਖ ਵਿਕਾਸ ਕਾਰਜਾਂ ਲਈ 25 ਲੱਖ ਰੁਪਏ ਜਾਰੀ ਕਰਨ ਦਾ ਐਲਾਨ ਕੀਤਾ। ਇਨ੍ਹਾਂ ਵਿਕਾਸ ਕੰਮਾਂ ਵਿੱਚ 4 ਨਵੇਂ ਪਾਰਕ ਸਮੇਤ ਜਿਮ ਲਈ 10 ਲੱਖ ਰੁਪਏ, ਲਾਲਾ ਲਾਜਪਤ ਰਾਏ ਜਨਮ ਅਸਥਾਨ ਯਾਦਗਾਰ ਕਮੇਟੀ ਲਈ 10 ਲੱਖ ਰੁਪਏ, ਦੇਸ਼ ਭਗਤ ਸਪੋਰਟਸ ਕਲੱਬ ਲਈ 5 ਲੱਖ ਰੁਪਏ ਸ਼ਾਮਿਲ ਹਨ। ਇਸ ਤੋਂ ਇਲਾਵਾ ਪਿੰਡ ਲਈ ਵੇਸਟ ਮੈਨੇਜਮੈਂਟ ਟਰੀਟਮੈਂਟ ਪਲਾਂਟ ਲਗਾਉਣ ਦੀ ਮੰਗ ਵੀ ਮੰਤਰੀ ਨੇ ਤੁਰੰਤ ਪ੍ਰਭਾਵ ਨਾਲ ਸਵੀਕਾਰ ਕੀਤੀ।