ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਭਾਰਤੀ ਮੂਲ ਦੀ ਵਕੀਲ ਸੂ ਘੋਸ਼ ਸਟਰਿਕਲੇਟ ਨੂੰ ਏਸ਼ੀਆ ਬਿਓਰੋ ਦੇ ਯੂਐਸਏਆਈਡੀ ‘ਚ ਵੱਡੀ ਜ਼ਿੰਮੇਵਾਰੀ ਸੌਂਪ ਸਕਦੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਰਾਸ਼ਟਰਪਤੀ ਟਰੰਪ ਸੂ ਘੋਸ਼ ਨੂੰ ਯੂਨਾਈਟਿਡ ਸਟੇਟਸ ਏਜੰਸੀ ਫਾਰ ਇੰਟਰਨੈਸ਼ਨਲ ਡਿਵੈਲਪਮੈਂਟ (ਯੂਐਸਏਆਈਡੀ) ਦੇ ਏਸ਼ੀਆ ਬਿਉਰੋ ਦਾ ਮੁਖੀ ਨਿਯੁਕਤ ਕਰਨ ‘ਤੇ ਵਿਚਾਰ ਕਰ ਰਹੇ ਹਨ। ਜੇਕਰ ਯੂਐੱਸਏਆਈਡੀ ਦੇ ਏਸ਼ੀਆ ਬਿਉਰੋ ਲਈ ਸੂ ਘੋਸ਼ ਸਟਰਿਕਲੇਟ ਦੇ ਨਾਮ ‘ਤੇ ਸਹਿਮਤੀ ਬਣ ਜਾਂਦੀ ਹੈ ਤਾਂ ਉਹ ਯੂਐਸਆਈਡੀ ਏਸ਼ੀਆ ਬਿਉਰੋ ਦੀ ਸਹਾਇਕ ਪ੍ਰਸ਼ਾਸਕ ਬਣ ਜਾਵੇਗੀ।
ਵ੍ਹਾਈਟ ਹਾਊਸ ਨੇ ਆਪਣੇ ਇੱਕ ਬਿਆਨ ‘ਚ ਕਿਹਾ, ਸਟਰਿਕਲੇਟ ਕੋਲ ਰਾਸ਼ਟਰੀ ਸੁਰੱਖਿਆ ਕਾਨੂੰਨ ਅਤੇ ਵਿਦੇਸ਼ੀ ਮਾਮਲਿਆਂ ਵਿਚ ਵਕਾਲਤ ਦਾ 25 ਸਾਲਾਂ ਦਾ ਤਜ਼ਰਬਾ ਹੈ। ਉਹ ਕਈ ਭਾਰਤੀ-ਅਮਰੀਕੀ ਲਾਬਿੰਗ ਸੰਸਥਾਵਾਂ ‘ਚ ਅਤੇ ਰਾਸ਼ਟਰਪਤੀ ਚੋਣਾਂ ਦੀਆਂ ਤਿੰਨ ਚੋਣ ਪ੍ਰਚਾਰ ਮੁਹਿੰਮਾਂ ਵਿੱਚ ਏਸ਼ੀਆ ਨੀਤੀ ਸਹਾਇਕ ਵਜੋਂ ਸੇਵਾਵਾਂ ਦੇ ਚੁੱਕੇ ਹਨ।
ਦੱਸ ਦਈਏ ਕਿ ਸੂ ਘੋਸ਼ ਸਟ੍ਰਿਕਲੇਟ ਨਿਊਯਾਰਕ ਦੇ ਕੁਈਨਜ਼ ਦੀ ਵਸ਼ਨੀਕ ਹੈ। ਉਸ ਨੇ ਸਟੇਟ ਯੂਨੀਵਰਸਿਟੀ ਆਫ ਨਿਊਯਾਰਕ ਤੋਂ ਗ੍ਰੈਜੂਏਟ ਦੀ ਡਿਗਰੀ ਹਾਸਲ ਕੀਤੀ ਹੈ।