ਵੌਕੇਸ਼ਾ : ਅਮਰੀਕਾ ਦੇ ਵੌਕੇਸ਼ਾ ਅਧੀਨ ਮਿਲਵਾਕੀ ਉਪਨਗਰ ਵਿੱਚ ਇੱਕ ਤੇਜ਼ ਰਫ਼ਤਾਰ ਐਸਯੂਵੀ ਕ੍ਰਿਸਮਸ ਪਰੇਡ ‘ਚ ਸ਼ਾਮਲ ਲੋਕਾਂ ਨੂੰ ਦਰੜਦੇ ਹੋਏ ਗੁਜ਼ਰ ਗਈ ਸੀ। ਇਸ ਘਟਨਾ ’ਚ ਜ਼ਖਮੀ ਹੋਏ ਇੱਕ 8 ਸਾਲਾ ਬੱਚੇ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 6 ਹੋ ਗਈ ਹੈ।
ਉਥੇ ਹੀ ਇਸ ਘਟਨਾ ‘ਚ 62 ਲੋਕ ਜ਼ਖਮੀ ਹੋਏ ਹਨ ਅਤੇ ਮੰਗਲਵਾਰ ਨੂੰ ਵਿਸਕੌਨਸਿਨ ਦੇ ਪ੍ਰੌਸੀਕਿਊਟਰ ਨੇ ਸ਼ੱਕੀ ਹਮਲਾਵਰ ’ਤੇ ਇਸ ਘਟਨਾ ਨੂੰ ਜਾਣ ਬੁੱਝ ਕੇ ਅੰਜਾਮ ਦੇਣ ਦਾ ਦੋਸ਼ ਲਗਾਇਆ ਹੈ। ਵੌਕੇਸ਼ਾ ‘ਚ ਐਤਵਾਰ ਨੂੰ ਵਾਪਰੀ ਇਸ ਘਟਨਾ ‘ਚ ਗ੍ਰਿਫਤਾਰ ਕੀਤੇ ਗਏ ਡੈਰੇਲ ਬਰੂਕਸ ਜੂਨੀਅਰ ’ਤੇ ਕਤਲ ਦੇ ਦੋਸ਼ ਲਗਾਏ ਗਏ ਹਨ। ਦੋਸ਼ ਸਿੱਧ ਹੋਣ ’ਤੇ ਉਸ ਨੂੰ ਉਮਰ ਕੈਦ ਦੀ ਸਜ਼ਾ ਹੋ ਸਕਦੀ ਹੈ।
ਰਿਪੋਰਟਾਂ ਮੁਤਾਬਕ 8 ਸਾਲ ਦੇ ਜੈਕਸਨ ਸਪਾਰਕਸ ਦੀ ਮੰਗਲਵਾਰ ਨੂੰ ਮੌਤ ਹੋ ਗਈ। ਉਹ ਅਪਣੇ ਭਰਾ ਦੇ ਨਾਲ ਪਰੇਡ ‘ਚ ਸ਼ਾਮਲ ਹੋਇਆ ਸੀ। ਜੈਕਸਨ ਦਾ ਭਰਾ ਅਜੇ ਵੀ ਹਸਪਤਾਲ ‘ਚ ਭਰਤੀ ਹੈ।