ਓਨਟਾਰੀਓ ‘ਚ ਸਕੂਲ ਬੱਸ ਸਣੇ 8 ਗੱਡੀਆਂ ਭੀੜੀਆਂ, 6 ਜ਼ਖਮੀ

Prabhjot Kaur
3 Min Read

ਓਕਵਿਲ: ਓਨਟਾਰੀਓ ਦੇ ਓਕਵਿਲ ਸ਼ਹਿਰ ਵਿੱਚ ਇਕ ਸਕੂਲ ਬੱਸ ਅਤੇ ਵੈਕਿਊਮ ਸਣੇ ਘਟੋਂ-ਘੱਟ ਅੱਠ ਗੱਡੀਆਂ ਆਪਸ ਵਿੱਚ ਭਿੜ ਗਈਆਂ ਅਤੇ ਛੇ ਜਣੇ ਜ਼ਖ਼ਮੀ ਹੋ ਗਏ। ਦੂਜੇ ਪਾਸੇ ਬਰਲਿੰਗਟਨ ਵਿਖੇ 52 ਸਾਲ ਦੀ ਇਕ ਔਰਤ ਨੇ ਬਗੈਰ ਸੋਚੇ-ਸਮਝੇ ਆਪਣੀ ਕਾਰ ਮੋੜੀ ਤਾਂ ਇਕ ਟਰੱਕ ਨੇ ਟੱਕਰ ਮਾਰ ਦਿੱਤੀ। ਔਰਤ ਨੂੰ ਗੰਭੀਰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਹੈ। ਓਕਵਿਲ ਵਿਖੇ ਹਾਈਵੇਅ 403 ‘ਤੇ ਵਾਪਰੇ ਹਾਦਸੇ ਦਾ ਜ਼ਿਕਰ ਕਰਦਿਆਂ ਓਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਦੇ ਸਾਰਜੈਂਟ ਕੈਰੀ ਸ਼ਮਿਡ ਨੇ ਦੱਸਿਆ ਕਿ ਜ਼ਖ਼ਮੀਆਂ ‘ਚੋਂ ਇਕ ਨੂੰ ਟਰੋਮਾ ਸੈਂਟਰ ਲਿਜਾਇਆ ਗਿਆ ਹੈ ਅਤੇ ਹਾਦਸੇ ਵੇਲੇ ਸਕੂਲ ਬੱਸ ਵਿਚ ਕੋਈ ਬੱਚਾ ਮੌਜੂਦ ਨਹੀਂ ਸੀ।

ਫ਼ਿਲਹਾਲ ਹਾਦਸੇ ਦੇ ਕਾਰਨਾਂ ਬਾਰੇ ਪਤਾ ਨਹੀਂ ਲੱਗ ਸਕਿਆ ਪਰ ਤਸਵੀਰਾਂ ਵਿੱਚ ਦੇਖਿਆ ਜਾ ਸਕਦਾ ਹੈ ਕਿ ਵੈਕਿਊਮ ਟਰੱਕ ਅਤੇ ਇਕ ਹੋਰ ਗੱਡੀ ਖਤਾਨਾਂ ਵਿੱਚ ਜਾ ਡਿੱਗੇ ਜਦਕਿ ਸਕੂਲ ਬੱਸ ਅਤੇ ਹੋਰ ਗੱਡੀਆਂ ਸੜਕ `ਤੇ ਨਜ਼ਰ ਆ ਰਹੀਆਂ ਸਨ। ਕੈਰੀ ਸ਼ਮਿਡ ਨੇ ਕਿਹਾ ਕਿ ਐਨੀਆਂ ਗੱਡੀਆਂ ਦਾ ਇਸ ਤਰੀਕੇ ਨਾਲ ਆਪਸ ਵਿੱਚ ਭਿੜਨਾ ਹੈਰਾਨੀ ਪੈਦਾ ਕਰ ਰਿਹਾ ਹੈ ਅਤੇ ਸਭ ਤੋਂ ਗੰਭੀਰ ਜ਼ਖ਼ਮੀ ਡਰਾਈਵਰ ਤੋਂ ਹੀ ਅਸਲ ਹਾਲਾਤ ਬਾਰੇ ਪਤਾ ਲੱਗ ਸਕਦਾ ਹੈ।


ਉਧਰ ਬਰਲਿੰਗਟਨ ਹਾਦਸੇ ਦੀ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਇਕ ਮਹਿਲਾ ਡਰਾਈਵਰ ਅਚਾਨਕ ਖੱਬੇ ਪਾਸੇ ਕਾਰ ਮੋੜ ਦਿੰਦੀ ਹੈ ਅਤੇ ਇਹ ਵੀ ਨਹੀਂ ਦੇਖਦੀ ਪਿੱਛੇ ਇਕ ਟ੍ਰਾਂਸਪੋਰਟ ਟਰੱਕ ਆ ਰਿਹਾ ਹੈ। ਪ੍ਰੋਵਿਨਸ਼ੀਅਲ ਪੁਲਿਸ ਮੁਤਾਬਕ ਇਹ ਹਾਦਸਾ ਫੇਅਰਵਿਊ ਸਟ੍ਰੀਟ ਅਗਜਿਟ ਰੈਂਪ `ਤੇ ਹਾਈਵੇਅ 403 ਦੀ ਇਕ ਲੇਨ ’ਤੇ ਵਾਪਰਿਆ। ਕੈਰੀ ਸ਼ਮਿਡ ਨੇ ਕਿਹਾ ਕਿ ਟਰੱਕ ਦੀ ਟੱਕਰ ਐਨੀ ਜ਼ਬਰਦਸਤ ਸੀ ਕਿ ਮਹਿਲਾ ਡਰਾਈਵਰ ਅੰਦਰ ਫਸ ਗਈ ਅਤੇ ਕਾਰ ਦੀ ਛੱਤ ਵੱਢ ਕੇ ਉਸ ਨੂੰ ਕੱਢਿਆ ਗਿਆ। ਹਾਦਸੇ ਦੌਰਾਨ ਟਰੱਕ ਡਰਾਈਵਰ ਨੂੰ ਕੋਈ ਸੱਟ ਨਹੀਂ ਲੱਗੀ। ਕੈਰੀ ਨੇ ਡਰਾਈਵਰਾਂ ਨੂੰ ਸੁਚੇਤ ਕੀਤਾ ਹੈ ਕਿ ਮੁੜਨ ਤੋਂ ਪਹਿਲਾਂ ਹਰ ਪਾਸੇ ਧਿਆਨ ਨਾਲ ਦੇਖਿਆ ਜਾਵੇ।

Share this Article
Leave a comment