ਕਾਬੁਲ : ਅਫਗਾਨਿਸਤਾਨ ਵਿੱਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ । ਦੇਰ ਰਾਤ ਆਏ ਇਸ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 5.9 ਸੀ। ਭੂਚਾਲ ਦਾ ਕੇਂਦਰ ਅਫਗਾਨਿਸਤਾਨ ਦੇ ਕੁੰਦੁਜ਼ ਸ਼ਹਿਰ ਤੋਂ ਲਗਭਗ 150 ਕਿਲੋਮੀਟਰ (90 ਮੀਲ) ਪੂਰਬ ਵਿੱਚ ਹਿੰਦੂ ਕੁਸ਼ ਪਹਾੜੀ ਲੜੀ ਵਿੱਚ ਸੀ। ਅਫਗਾਨ ਸਿਹਤ ਮੰਤਰਾਲੇ ਦੇ ਅਨੁਸਾਰ ਰਾਜਧਾਨੀ ਕਾਬੁਲ ਦੇ ਬਾਹਰਵਾਰ ਇੱਕ ਘਰ ਢਹਿ ਜਾਣ ਕਾਰਨ ਅੱਠ ਲੋਕਾਂ ਦੀ ਮੌਤ ਹੋ ਗਈ ਅਤੇ ਇੱਕ ਬੱਚਾ ਜ਼ਖਮੀ ਹੋ ਗਿਆ। ਸਾਰੇ ਮ੍ਰਿਤਕ ਇੱਕੋ ਪਰਿਵਾਰ ਦੇ ਮੈਂਬਰ ਸਨ।
ਦੱਸ ਦਈਏ ਕਾਬੁਲ ਅਤੇ ਸੂਬਾਈ ਸਿਹਤ ਅਧਿਕਾਰੀਆਂ ਨੂੰ ਅਲਰਟ ‘ਤੇ ਰੱਖਿਆ ਗਿਆ ਹੈ। ਇਸ ਖੇਤਰ ਵਿੱਚ ਭੂਚਾਲ ਅਕਸਰ ਘਾਤਕ ਸਾਬਤ ਹੁੰਦੇ ਹਨ ਕਿਉਂਕਿ ਪੇਂਡੂ ਖੇਤਰਾਂ ਵਿੱਚ ਜ਼ਿਆਦਾਤਰ ਘਰ ਲੱਕੜ ਅਤੇ ਮਿੱਟੀ ਦੇ ਬਣੇ ਹੁੰਦੇ ਹਨ ਅਤੇ ਕਮਜ਼ੋਰ ਢਾਂਚੇ ਵਾਲੇ ਹੁੰਦੇ ਹਨ।
ਪਹਾੜੀ ਇਲਾਕਿਆਂ ਨਾਲ ਘਿਰਿਆ ਹੋਇਆ, ਅਫਗਾਨਿਸਤਾਨ ਕੁਦਰਤੀ ਆਫ਼ਤਾਂ ਲਈ ਸੰਵੇਦਨਸ਼ੀਲ ਮੰਨਿਆ ਜਾਂਦਾ ਹੈ, ਜਿੱਥੇ ਭੂਚਾਲ ਸਭ ਤੋਂ ਘਾਤਕ ਸਾਬਤ ਹੁੰਦੇ ਹਨ। ਇਸ ਤੋਂ ਪਹਿਲਾਂ ਨਵੰਬਰ ਵਿੱਚ, 6.3 ਤੀਬਰਤਾ ਦੇ ਇੱਕ ਸ਼ਕਤੀਸ਼ਾਲੀ ਭੂਚਾਲ ਵਿੱਚ ਘੱਟੋ-ਘੱਟ 27 ਲੋਕ ਮਾਰੇ ਗਏ ਸਨ ਅਤੇ ਸੈਂਕੜੇ ਘਰ ਤਬਾਹ ਹੋ ਗਏ ਸਨ।
ਦੱਸ ਦਈਏ ਕਿ ਬੀਤੀ ਰਾਤ ਪਾਕਿਸਤਾਨ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਪਾਕਿਸਤਾਨੀ ਸ਼ਹਿਰਾਂ ਇਸਲਾਮਾਬਾਦ, ਪੇਸ਼ਾਵਰ, ਚਿਤਰਾਲ, ਸਵਾਤ ਅਤੇ ਸ਼ਾਂਗਲਾ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਹੋਏ , ਹਾਲਾਂਕਿ ਕਿਸੇ ਦੇ ਜ਼ਖਮੀ ਹੋਣ ਜਾਂ ਜਾਨੀ ਮਾਲੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ।
ਇਸ ਤੋਂ ਇਲਾਵਾ ਪੰਜਾਬ, ਚੰਡੀਗੜ੍ਹ ਅਤੇ ਹਿਮਾਚਲ ਪ੍ਰਦੇਸ਼ ਵਿੱਚ ਰਾਤ 9:46 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਦੌਰਾਨ ਡਰੇ ਹੋਏ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲ ਆਏ। ਭੂਚਾਲ ਦੌਰਾਨ ਪੱਖੇ ਅਤੇ ਝੂਮਰ ਹਿਲਣ ਲੱਗ ਗਏ, ਅਤੇ ਲੋਕਾਂ ਨੇ ਘਟਨਾ ਦੀਆਂ ਵੀਡੀਓ ਬਣਾਈਆਂ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

