Breaking News

ਝੋਨੇ ਦੀ ਸਿੱਧੀ ਬਿਜਾਈ ਦੌਰਾਨ ਆਉਣ ਵਾਲੀਆਂ ਸਮੱਸਿਆਵਾਂ ਦੇ ਕਾਰਨ ਅਤੇ ਹੱਲ

-ਵਿਵੇਕ ਕੁਮਾਰ ਅਤੇ ਅਮਿਤ ਕੌਲ;

ਪੰਜਾਬ ਵਿੱਚ ਆਮ ਤੌਰ ਤੇ ਝੋਨੇ ਦੀ ਬਿਜਾਈ ਪਨੀਰੀ ਵਾਲੇ ਤਰੀਕੇ ਨਾਲ ਕੀਤੀ ਜਾਂਦੀ ਹੈ। ਝੋਨੇ ਦੀ ਸਿੱਧੀ ਬਿਜਾਈ ਕਰਨ ਦੇ ਮੁਕਾਬਲੇ ਪਨੀਰੀ ਰਾਹੀ ਬਿਜਾਈ ਕਰਨ ਲਈ ਜ਼ਿਆਦਾ ਪਾਣੀ ਅਤੇ ਮਜ਼ਦੂਰਾਂ ਦੀ ਲੋੜ ਪੈਂਦੀ ਹੈ। ਪਨੀਰੀ ਪੁੱਟ ਕੇ ਖੇਤਾਂ ਵਿੱਚ ਲਾਉਣ ਵਾਲੇ ਸਮੇਂ ‘ਤੇ ਮਜਦੂਰੀ ਦੀ ਮੰਗ ਵਧਣ ਕਾਰਣ ਮਜਦੂਰਾਂ ਦੀ ਘਾਟ ਪੈਦਾ ਹੋ ਜਾਂਦੀ ਹੈ ਜਿਸ ਦੇ ਸਿੱਟੇ ਵਜੋਂ ਮਜਦੂਰੀ ਦੇ ਖਰਚੇ ਬਹੁਤ ਵਧ ਜਾਂਦੇ ਹਨ।ਪਾਣੀ, ਮਜਦੂਰੀ ਅਤੇ ਊਰਜਾ ਦੀ ਬੱਚਤ ਕਰਦੇ ਹੋਏ ਪਨੀਰੀ ਵਾਲੇ ਝੋਨੇ ਦੇ ਬਰਾਬਰ ਜਾਂ ਵੱਧ ਝਾੜ ਲੈਣ ਲਈ ਝੋਨੇ ਦੀ ਸਿੱਧੀ ਬਿਜਾਈ ਵਾਲੀ ਤਕਨੀਕ ਇੱਕ ਵਧੀਆ ਵਿਕਲਪ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੁਆਰਾ ਇਸੇ ਦਿਸ਼ਾ ਵਿੱਚ ਇੱਕ ਹੋਰ ਕਦਮ ਪੁੱਟਦੇ ਹੋਏ ਸਿੱਧੀ ਬਿਜਾਈ ਦੀ ਨਵੀਂ ਤਕਨੀਕ ‘ਤਰ ਵੱਤਰ ਖੇਤ ਵਿੱਚ ਝੋਨੇ ਦੀ ਸਿੱਧੀ ਬਿਜਾਈ’ ਨੂੰ ਸਿਫ਼ਾਰਸ਼ ਕੀਤਾ ਗਿਆ ਹੈ। ਜਿਸ ਵਿੱਚ ਤਰ ਵੱਤਰ ਖੇਤ ਵਿੱਚ ਝੋਨੇ ਨੂੰ ਬੀਜ ਕੇ ਪਹਿਲਾ ਪਾਣੀ ਬਿਜਾਈ ਤੋਂ ਲਗਭਗ 3 ਹਫ਼ਤੇ ਬਾਅਦ ਲਾਉਣ ਦੀ ਸਿਫ਼ਾਰਸ਼ ਕੀਤੀ ਗਈ ਹੈ।ਇਸ ਤਕਨੀਕ ਨੂੰ ਕਿਸਾਨਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ ਅਤੇ ਪਿਛਲੇ ਸਾਲ ਜਿੱਥੇ ਤਰ ਵੱਤਰ ਖੇਤ ਵਿੱਚ ਝੋਨੇ ਦੀ ਸਿੱਧੀ ਬਿਜਾਈ ਦੀਆਂ ਬਹੁਤ ਸਾਰੀਆਂ ਸਫ਼ਲਤਾ ਦੀਆਂ ਉਦਾਹਰਨਾਂ ਦੇਖਣ ਨੂੰ ਮਿਲੀਆਂ, ਉਥੇ ਹੀ ਕੁਝ ਕੇਸ ਅਜਿਹੇ ਵੀ ਸਾਹਮਣੇ ਆਏ ਹਨ ਜਿਥੇ ਝੋਨੇ ਦੀ ਸਿੱਧੀ ਬਿਜਾਈ ਕਰਨੀ ਕਿਸਾਨਾਂ ਲਈ ਘਾਟੇਵੰਦ ਸਾਬਿਤ ਹੋਈ। ਇਸ ਦਾ ਅਸਲ ਕਾਰਨ ਇਹ ਸਾਹਮਣੇ ਆਇਆ ਕਿ ਝੋਨੇ ਦੀ ਸਿੱਧੀ ਬਿਜਾਈ ਅਤੇ ਪਨੀਰੀ ਵਾਲੇ ਤਰੀਕੇ ਨਾਲ ਝੋਨੇ ਦੀ ਬਿਜਾਈ ਵਿੱਚ ਬਹੁਤ ਸਾਰੇ ਤਕਨੀਕੀ ਵਖਰੇਵੇਂ ਹੁੰਦੇ ਹਨ। ਇਸ ਲਈ ਸਿੱਧੀ ਬਿਜਾਈ ਕਰਦੇ ਸਮੇਂ ਇਹਨਾਂ ਖਾਸ ਤਕਨੀਕੀ ਗੱਲਾਂ ਦਾ ਧਿਆਨ ਰੱਖਣਾ ਲਾਜ਼ਮੀ ਹੁੰਦਾ ਹੈ ਜੋ ਇਸ ਦੀ ਸਫ਼ਲਤਾ ਨੂੰ ਯਕੀਨੀ ਬਣਾਉਂਦਾ ਹੈ। ਪ੍ਰੰਤੂ ਨਵੀਂ ਤਕਨੀਕ ਹੋਣ ਕਰਕੇ ਕਈ ਕਿਸਾਨ ਵੀਰ ਉਹਨਾਂ ਗੱਲਾਂ ਦਾ ਧਿਆਨ ਨਹੀਂ ਰੱਖ ਸਕੇ ਜੋ ਉਹਨਾਂ ਦੀ ਅਸਫ਼ਲਤਾ ਦਾ ਕਾਰਣ ਬਣੀ। ਇਸ ਲੇਖ ਰਾਹੀਂ ਅਸੀਂ ਕਿਸਾਨ ਵੀਰਾਂ ਦਾ ਧਿਆਨ ਝੋਨੇ ਦੀ ਸਿੱਧੀ ਬਿਜਾਈ ਦੌਰਾਨ ਆਉਣ ਵਾਲੀਆਂ ਸਮੱਸਿਆਵਾਂ ਦੇ ਕਾਰਨਾਂ ਵੱਲ ਅਤੇ ਉਹਨਾਂ ਨੁਕਤਿਆਂ ਵੱਲ ਦਵਾਉਣਾ ਚਾਹੁੰਦੇ ਹਾਂ ਜੋ ਕਿ ਸਿੱਧੀ ਬਿਜਾਈ ਵਾਲੇ ਝੋਨੇ ਦੀ ਸਫ਼ਲ ਕਾਸ਼ਤ ਲਈ ਜ਼ਰੂਰੀ ਹਨ।

ਬੀਜ ਦਾ ਜੰਮ ਘੱਟ ਹੋਣਾ- ਬੀਜ ਦੇ ਘੱਟ ਜੰਮਣ ਦੀ ਸਮੱਸਿਆ ਆਮ ਤੌਰ ਤੇ ਤਰ ਵੱਤਰ ਬਿਜਾਈ ਵਾਲੇ ਉਹਨਾਂ ਖੇਤਾਂ ਵਿੱਚ ਆਉਂਦੀ ਹੈ ਜਿੱਥੇ ਨਮੀਂ ਸਹੀ ਮਾਤਰਾ ਵਿੱਚ ਨਾਂ ਹੋਵੇ। ਇਸ ਲਈ ਬਿਜਾਈ ਤੋਂ ਪਹਿਲਾਂ ਖੇਤ ਨੂੰ ਇੱਕਠਾ ਅਤੇ ਬਹੁਤ ਸਮਾਂ ਪਹਿਲਾਂ ਤਿਆਰ ਨਹੀਂ ਕਰਨਾ ਚਾਹੀਦਾ। ਅਜਿਹਾ ਕਰਨ ਨਾਲ ਖੇਤ ਦਾ ਵੱਤਰ ਸੁੱਕ ਜਾਂਦਾ ਹੈ ਅਤੇ ਫਸਲ ਦਾ ਜੰਮ ਘਟ ਜਾਂਦਾ ਹੈ। ਜ਼ਮੀਨ ਨੂੰ ਤਰ-ਵੱਤਰ ਹਲਾਤ ਵਿੱਚ ਹਲਾਂ ਨਾਲ ਹੋਛਾ ਵਾਹੁਣ ਉਪਰੰਤ 2 ਤੋਂ 3 ਵਾਰ ਸੁਹਾਗਾ ਮਾਰਕੇ ਤੁਰੰਤ ਬਿਜਾਈ ਕਰਨੀ ਚਾਹੀਦੀ ਹੈ। ਖੇਤ ਦੀ ਤਿਆਰੀ ਅਤੇ ਬਿਜਾਈ ਦੁਪਹਿਰ ਸਮੇਂ ਕਰਨ ਦੀ ਬਜਾਏ ਹਮੇਸ਼ਾ ਸ਼ਾਮ ਦੇ ਸਮੇਂ ਕਰਨ ਨੂੰ ਤਰਜ਼ੀਹ ਦੇਣੀ ਚਾਹੀਦੀ ਹੈ। ਇਸ ਤੋਂ ਇਲਾਵਾ, ਲੋੜ ਨਾਲੋਂ ਜ਼ਿਆਦਾ ਡੂੰਘੀ ਬਿਜਾਈ ਵੀ ਬੀਜ ਦੇ ਸਹੀ ਜੰਮ ਵਿੱਚ ਰੁਕਾਵਟ ਪਾਉਂਦੀ ਹੈ। ਇਸ ਲਈ ਤਰ ਵੱਤਰ ਵਾਲੇ ਖੇਤ ਵਿੱਚ ਬੀਜ ਨੂੰ 3-4 ਸੈਂਟੀਮੀਟਰ ਡੂੰਘਾ ਬੀਜਣਾ ਚਾਹੀਦਾ ਹੈ।

ਬਾਰਿਸ਼ ਪੈਣ ਨਾਲ ਫ਼ਸਲ ਕਰੰਡ ਹੋਣੀ- ਜੇ ਬਿਜਾਈ ਤੋਂ ਬਾਅਦ ਅਤੇ ਝੋਨੇ ਦੇ ਪੁੰਗਾਰ ਹੋਣ ਤੋਂ ਪਹਿਲਾਂ ਬਾਰਿਸ਼ ਪੈ ਜਾਵੇ ਤਾਂ ਫ਼ਸਲ ਕਰੰਡ ਹੋਣ ਦੀ ਸਮੱਸਿਆ ਆ ਜਾਂਦੀ ਹੈ। ਪਿਛਲੇ ਸਾਲ ਕਾਫ਼ੀ ਕਿਸਾਨਾਂ ਨੂੰ ਇਸ ਸਮੱਸਿਆ ਦਾ ਸਾਹਮਣਾ ਕਰਨਾ ਪਿਆ। ਕਰੰਡ ਦੀ ਸਮੱਸਿਆ ਤੋਂ ਬਚਣ ਲਈ ਝੋਨੇ ਦੀ ਸਿੱਧੀ ਬਿਜਾਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਪ੍ਰਮਾਣਿਤ ਪ੍ਰੈਸ ਵ੍ਹੀਲ ਯੁਕਤ ਲੱਕੀ ਸੀਡ ਡਰਿਲ ਨਾਲ ਕਰਨੀ ਚਾਹੀਦੀ ਹੈ ਇਸ ਨਾਲ ਕਰੰਡ ਦੀ ਸਮੱਸਿਆ ਬਹੁਤ ਘੱਟ ਆਉਂਦੀ ਹੈ। ਜੇਕਰ ਕਿਸੇ ਕਿਸਾਨ ਕੋਲ ਪ੍ਰੈਸ ਵ੍ਹੀਲ ਯੁਕਤ ਝੋਨਾ ਬੀਜਣ ਵਾਲੀ ਡਰਿਲ ਉਪਲਬਧ ਨਹੀਂ ਹੈ ਤਾਂ ਉਹ ਸਰੀਆਂ ਵਾਲੀ ਕਰੰਡੀ / ਜ਼ਾਲ ਨਾਲ ਵੀ ਕਰੰਡ ਨੂੰ ਤੋੜ ਸਕਦੇ ਹਨ। ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਬਿਜਾਈ ਤੋਂ ਪਹਿਲਾਂ ਮੌਸਮ ਦਾ ਹਾਲ ਜਾਣ ਲਈਏ। ਜੇਕਰ ਬਾਰਿਸ਼ ਦੀ ਕੋਈ ਸੰਭਾਵਨਾ ਹੋਵੇ ਤਾਂ ਬਿਜਾਈ ਨੂੰ ਇੱਕ ਦੋ ਦਿਨ ਲਈ ਟਾਲ ਦੇਣਾ ਚਾਹੀਦਾ ਹੈ।

ਨਦੀਨਾਂ ਦੀ ਸਮੱਸਿਆ- ਸਿੱਧੀ ਬਿਜਾਈ ਵਾਲੇ ਝੋਨੇ ਵਿੱਚ ਨਦੀਨਾਂ ਦੀ ਸਮੱਸਿਆ ਉਦੋਂ ਆਉਂਦੀ ਹੈ ਜਦੋਂ ਉਹਨਾਂ ਦੀ ਰੋਕਥਾਮ ਲਈ ਸਹੀ ਢੰਗ ਨਾ ਅਪਣਾਏ ਜਾਣ। ਬਿਜਾਈ ਤੋਂ ਤੁਰੰਤ ਬਾਅਦ ਸਟੌਪ/ਬੰਕਰ 30 ਤਾਕਤ (ਪੈਂਡੀਮੈਥਾਲਿਨ) ਇੱਕ ਲਿਟਰ ਪ੍ਰਤੀ ਏਕੜ ਦੇ ਹਿਸਾਬ ਨਾਲ 200 ਲਿਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰਨ ਨਾਲ ਘਾਹ ਵਾਲੇ ਮੌਸਮੀ ਨਦੀਨ ਜਿਵੇਂ ਕਿ ਸਵਾਂਕ, ਗੁੜਤ ਮਧਾਣਾ ਅਤੇ ਕੁਝ ਚੌੜੇ ਪੱਤੇ ਵਾਲੇ ਨਦੀਨਾਂ ਦੀ ਚੰਗੀ ਰੋਕਥਾਮ ਹੋ ਜਾਂਦੀ ਹੈ। ਵਧੀਆ ਰੋਕਥਾਮ ਲਈ ਇਸ ਗੱਲ ਦਾ ਧਿਆਨ ਰੱਖਣਾ ਜ਼ਰੂਰੀ ਹੈ ਕਿ ਨਦੀਨ ਨਾਸ਼ਕ ਦਾ ਛਿੜਕਾਅ ਸਵੇਰ ਜਾਂ ਸ਼ਾਮ ਵੇਲੇ ਹੀ ਹੋਵੇ। ਜੇਕਰ ਲੱਕੀ ਸੀਡ ਡਰਿੱਲ ਦੀ ਵਰਤੋਂ ਕੀਤੀ ਜਾਵੇ ਤਾਂ ਉਸਦੇ ਨਾਲ ਨਦੀਨ ਨਾਸ਼ਕ ਦਾ ਛਿੜਕਾਅ ਬਿਜਾਈ ਦੇ ਨਾਲੋ ਨਾਲ ਹੀ ਹੋ ਜਾਂਦਾ ਹੈ। ਇਸ ਤੋਂ ਬਾਅਦ ਜੇ ਖੜ੍ਹੀ ਫ਼ਸਲ ਵਿੱਚ ਨਦੀਨ ਪ੍ਰਬੰਧਨ ਦੀ ਲੋੜ ਪਵੇ ਤਾਂ ਨਦੀਨਾਂ ਨੂੰ ਧਿਆਨ ਵਿੱਚ ਰੱਖ ਕੇ ਹੀ ਨਦੀਨ ਨਾਸ਼ਕ ਦੀ ਚੋਣ ਕਰਨੀ ਚਾਹੀਦੀ ਹੈ। ਸਵਾਂਕ ਅਤੇ ਝੋਨੇ ਦੇ ਮੋਥੇ ਲਈ ਨੋਮਿਨੀਗੋਲਡ 10 ਐਸ ਸੀ (ਬਿਸਪਾਇਰੀਬੈਕ ਸੋਡੀਅਮ) 100 ਮਿ.ਲੀ. ਪ੍ਰਤੀ ਏਕੜ; ਜੇਕਰ ਫ਼ਸਲ ਵਿੱਚ ਸਵਾਂਕ, ਚੀਨੀ ਘਾਹ, ਝੋਨੇ ਦੇ ਮੋਥੇ ਅਤੇ ਚੌੜੀ ਪੱਤੀ ਵਾਲੇ ਨਦੀਨ ਹੋਣ ਤਾਂ 900 ਮਿ. ਲੀ. ਪ੍ਰਤੀ ਏਕੜ ਵਿਵਾਇਆ 6 ਓ ਡੀ (ਪਿਨੌਕਸੁਲਮ 1.02%+ਸਾਈਹੈਲੋਫੌਪ 5.1%*) ਦਾ ਛਿੜਕਾਅ ਕਰੋ।

ਚੌੜੇ ਪੱਤੇ ਵਾਲੇ ਨਦੀਨ, ਝੋਨੇ ਦੇ ਮੋਥੇ ਅਤੇ ਗੰਡੀ ਵਾਲੇ ਡੀਲੇ/ਮੋਥੇ ਲਈ ਐਲਮਿਕਸ 20 ਡਬਲਯ ਪੀ (ਕਲੋਰੀਮਿਊਰਾਨਇਥਾਇਲ + ਮੈਟਸਲਫੂਰਾਨ ਮਿਥਾਇਲ) 8 ਗ੍ਰਾਮ ਪ੍ਰਤੀ ਏਕੜ।

ਸਵਾਂਕ, ਝੋਨੇ ਦੇ ਮੋਥੇ, ਚੀਨੀ ਘਾਹ ਅਤੇ ਚੌੜੇ ਪੱਤੇ ਵਾਲੇ ਨਦੀਨਾਂ ਲਈ ਵਿਵਾਇਆ 6 ਓ ਡੀ (ਪਿਨੌਕਸੁਲਮ 1.02%+ ਸਾਈਹੈਲੋਫੌਪ 5.1%) 900 ਮਿ.ਲੀ. ਪ੍ਰਤੀ ਏਕੜ ਅਤੇ ਸਵਾਂਕ, ਗੁੜਤਮਧਾਨਾ, ਚੀਨੀ ਘਾਹ, ਚੌੜੇ ਪੱਤੇ ਵਾਲੇ ਨਦੀਨ, ਝੋਨੇ ਦੇ ਮੋਥੇ ਅਤੇ ਗੰਡੀ ਵਾਲੇ ਡੀਲੇ/ਮੋਥੇ ਲਈ ਕੌਂਸਿਲ ਐਕਟਿਵ 30 ਡਬਲਯੂ ਜੀ (ਟਰਾਇਅਫੈਮੋਨ 20%+ਇਥੌਕਸੀਸਲਫੂਰਾਨ 10%) 90 ਗ੍ਰਾਮ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ। ਉਪਰੋਕਤ ਦਿੱਤੇ ਕਿਸੇ ਇੱਕ ਨਦੀਨ ਨਾਸ਼ਕ ਨੂੰ ਨਦੀਨਾਂ ਦੀ ਕਿਸਮ ਦੇ ਆਧਾਰ ਤੇ ਬਿਜਾਈ ਤੋਂ 15-25 ਦਿਨ ਬਾਅਦ, ਜਦੋਂ ਨਦੀਨ 2-4 ਪੱਤਿਆਂ ਦੀ ਅਵਸਥਾ ਵਿੱਚ ਹੋਣ, 150 ਲਿਟਰ ਪਾਣੀ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰਨਾ ਚਾਹੀਦਾ ਹੈ।

ਇਸ ਤੋਂ ਇਲਾਵਾ, ਤਰ ਵੱਤਰ ਵਾਲੇ ਖੇਤਾਂ ਵਿੱਚ ਪਹਿਲਾ ਪਾਣੀ ਲੇਟ ਕਰਨ ਨਾਲ ਨਦੀਨਾਂ ਦੀ ਸਮੱਸਿਆ ਬਹੁਤ ਘੱਟ ਆਉਂਦੀ ਹੈ ਕਿਉਂਕਿ ਜ਼ਮੀਨ ਦੀ ਪਰਤ ਜਲਦੀ ਸੁੱਕ ਜਾਣ ਕਰਕੇ ਨਦੀਨ ਬਹੁਤ ਘੱਟ ਜੰਮਦੇ ਹਨ। ਜਿਹਨਾਂ ਖੇਤਾਂ ਵਿੱਚ ਪਿਛਲੇ ਸਾਲਾਂ ਵਿੱਚ ਗੰਨਾ, ਕਪਾਹ, ਮੱਕੀ ਆਦਿ ਦੀ ਕਾਸ਼ਤ ਕੀਤੀ ਗਈ ਹੋਵੇ, ਉੱਥੇ ਸਿੱਧੀ ਬਿਜਾਈ ਤੋਂ ਗੁਰੇਜ਼ ਕਰਨਾ ਚਾਹੀਦਾ ਹੈ, ਕਿਉਂਕਿ ਉੱਥੇ ਨਦੀਨਾਂ ਦੀ ਸਮੱਸਿਆ ਜ਼ਿਆਦਾ ਆਉਣ ਦੀ ਸੰਭਾਵਨਾ ਹੁੰਦੀ ਹੈ।

ਲੋਹੇ ਦੀ ਘਾਟ – ਕਈ ਕਿਸਾਨ ਵੀਰਾਂ ਨੂੰ ਸਿੱਧੇ ਬੀਜੇ ਝੋਨੇ ਵਿੱਚ ਲੋਹੇ ਦੀ ਘਾਟ ਦੀ ਸਮੱਸਿਆ ਆਉਂਦੀ ਹੈ। ਇਸ ਨਾਲ ਬੂਟੇ ਦੇ ਨਵੇਂ ਨਿਕਲ ਰਹੇ ਪੱਤੇ ਪੀਲੇ ਪੈ ਜਾਂਦੇ ਹਨ। ਜ਼ਿਆਦਾ ਸਮੱਸਿਆ ਆਉਣ ਤੇ ਬੂਟੇ ਮਰ ਜਾਂਦੇ ਹਨ ਅਤੇ ਕਈ ਵਾਰੀ ਸਾਰੀ ਦੀ ਸਾਰੀ ਫ਼ਸਲ ਹੀ ਤਬਾਹ ਹੋ ਜਾਂਦੀ ਹੈ। ਇਸ ਲਈ ਸਿੱਧੀ ਬਿਜਾਈ ਕਰਨ ਤੋਂ ਪਹਿਲਾਂ ਇਸ ਗੱਲ ਦਾ ਧਿਆਨ ਰੱਖਣਾ ਜ਼ਰੂਰੀ ਹੈ ਕਿ ਸਿੱਧੀ ਬਿਜਾਈ ਸਿਰਫ਼ ਦਰਮਿਆਨੀਆਂ ਤੋਂ ਭਾਰੀਆਂ ਜ਼ਮੀਨਾਂ ਵਿੱਚ ਹੀ ਕੀਤੀ ਜਾਵੇ। ਹਲਕੀਆਂ ਜ਼ਮੀਨਾਂ ਵਿੱਚ ਝੋਨੇ ਦੀ ਸਿੱਧੀ ਬਿਜਾਈ ਕਰਨ ਤੇ ਲੋਹੇ ਦੀ ਘਾਟ ਆਉਣ ਦਾ ਖਤਰਾ ਬਹੁਤ ਜ਼ਿਆਦਾ ਹੁੰਦਾ ਹੈ। ਲੋਹੇ ਦੀ ਘਾਟ ਦੀ ਸਮੱਸਿਆ ਦੇ ਹੱਲ ਲਈ ਤਰ ਵੱਤਰ ਖੇਤ ਵਿੱਚ ਸਿੱਧੀ ਬਿਜਾਈ ਨੂੰ ਤਰਜੀਹ ਦੇਣੀ ਚਾਹੀਦੀ ਹੈ। ਇਸ ਤਰੀਕੇ ਵਿੱਚ ਪਹਿਲਾ ਪਾਣੀ ਦੇਰੀ ਨਾਲ ਲੱਗਣ ਕਰਕੇ ਬੂਟੇ ਦੀਆਂ ਜੜ੍ਹਾਂ ਡੂੰਘੀਆਂ ਚਲੀਆਂ ਜਾਂਦੀਆਂ ਹਨ ਜਿਸ ਕਰਕੇ ਲੋਹੇ ਦੀ ਘਾਟ ਦੀ ਸਮੱਸਿਆ ਬਹੁਤ ਘੱਟ ਆਉਂਦੀ ਹੈ। ਜੇ ਕਿਸੇ ਖੇਤ ਵਿੱਚ ਲੋਹਾ ਘਾਟ ਦੀਆਂ ਨਿਸ਼ਾਨੀਆਂ ਨਜ਼ਰ ਆਉਣ ਤਾਂ ਫ਼ਸਲ ਨੂੰ ਛੇਤੀ-ਛੇਤੀ ਭਰਵੇਂ ਪਾਣੀ ਦੇਣੇ ਚਾਹੀਦੇ ਹਨ ਅਤੇ ਇੱਕ ਹਫ਼ਤੇ ਦੀ ਵਿੱਥ ਰੱਖ ਕੇ ਇੱਕ ਪ੍ਰਤੀਸ਼ਤ ਲੋਹੇ ਦਾ ਛਿੜਕਾਅ (ਇੱਕ ਕਿਲੋ ਫੈਰਸ ਸਲਫੇਟ ਨੂੰ 100 ਲਿਟਰ ਪਾਣੀ ਵਿੱਚ) ਪੱਤਿਆਂ ਉੱਪਰ ਕਰਨਾ ਚਾਹੀਦਾ ਹੈ। ਅਜਿਹੇ 2-3 ਛਿੜਕਾਅ ਕਰਨ ਨਾਲ ਲੋਹੇ ਦੀ ਘਾਟ ਪੂਰੀ ਕੀਤੀ ਜਾ ਸਕਦੀ ਹੈ।

ਦਾਣਿਆਂ ਵਿੱਚ ਫ਼ੋਕ ਪੈਣੀ- ਸਿੱਧੇ ਬੀਜੇ ਝੋਨੇ ਵਿੱਚ ਥੋਥੇ ਦਾਣਿਆਂ ਦੀ ਸਮੱਸਿਆ ਸਿਰਫ਼ ਉਦੋਂ ਆਉਂਦੀ ਹੈ ਜਦੋਂ ਫ਼ਸਲ ਦੀ ਬਿਜਾਈ ਬਹੁਤ ਅਗੇਤੀ ਕਰ ਲਈ ਜਾਵੇ। ਜੂਨ ਮਹੀਨੇ ਤੋਂ ਪਹਿਲਾਂ, ਅਗੇਤੀ ਬਿਜਾਈ ਕਰਨ ਤੇ ਫੁੱਲ ਪੈਣ ਅਤੇ ਪਰ ਪਰਾਗਨ ਸਮੇਂ ਤਾਪਮਾਨ ਜਿਆਦਾ ਹੋਣ ਕਰਕੇ ਦਾਣਿਆਂ ਵਿੱਚ ਫ਼ੋਕ ਪੈਣ ਦੀ ਸੰਭਾਵਨਾ ਬਹੁਤ ਵਧ ਜਾਂਦੀ ਹੈ ਜਿਸ ਨਾਲ ਝਾੜ ਘਟਦਾ ਹੈ। ਇਸੇ ਤਰਾਂ, ਲੋੜ ਨਾਲੋਂ ਜ਼ਿਆਦਾ ਬੀਜ ਪਾਉਣ ਤੇ ਵੀ ਦਾਣਿਆਂ ਵਿੱਚ ਥੋਥ ਜ਼ਿਆਦਾ ਆਉਣ ਦੀ ਸੰਭਾਵਨਾ ਹੁੰਦੀ ਹੈ। ਇਸ ਲਈ 8-10 ਕਿਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤਦੇ ਹੋਏ ਜੂਨ ਦਾ ਪਹਿਲਾ ਪੰਦਰਵਾੜਾ (1 ਤੋਂ 15 ਜੂਨ) ਝੋਨੇ ਦੀਆਂ ਪੀ ਆਰ ਕਿਸਮਾਂ ਦੀ ਸਿੱਧੀ ਬਿਜਾਈ ਲਈ ਸਭ ਤੋਂ ਢੁਕਵਾਂ ਹੈ।

ਚੂਹਿਆਂ ਦੀ ਸਮੱਸਿਆ- ਸਿੱਧੀ ਬਿਜਾਈ ਵਾਲੇ ਝੋਨੇ ਦੇ ਖੇਤਾਂ ਵਿੱਚ ਚੂਹੇ ਫ਼ਸਲ ਉੱਗਣ ਵੇਲੇ ਨੁਕਸਾਨ ਕਰ ਸਕਦੇ ਹਨ। ਇਸ ਲਈ ਜਿਹਨਾਂ ਖੇਤਾਂ ਵਿੱਚ ਚੂਹਿਆਂ ਦੀ ਸਮੱਸਿਆ ਹੋਵੇ, ਉੱਥੇ ਖੁੱਡਾਂ ਨੂੰ ਖਤਮ ਕਰਨ ਲਈ ਵੱਟਾਂ ਦੁਬਾਰਾ ਬਣਾਉਣੀਆਂ ਚਾਹੀਦੀਆਂ ਹਨ ਅਤੇ ਉਹਨਾਂ ਦੀ ਉਚਾਈ ਅਤੇ ਚੌੜਾਈ ਘੱਟ ਰੱਖਣੀ ਚਾਹੀਦੀ ਹੈ। ਫ਼ਸਲ ਬੀਜਣ ਤੋਂ ਪਹਿਲਾਂ ਖਾਲੀ ਖੇਤਾਂ (ਮਈ-ਜੂਨ ਦੇ ਮਹੀਨੇ) ਵਿੱਚ ਜ਼ਿੰਕ ਫ਼ਾਸਫ਼ਾਈਡ ਜਾਂ ਬਰੋਮਾਡਾਇਲੋਨ ਵਾਲੇ ਜਹਿਰੀਲੇ ਚੋਗ ਨਾਲ ਚੂਹਿਆਂ ਦੀ ਵਧੀਆ ਰੋਕਥਾਮ ਕੀਤੀ ਜਾ ਸਕਦੀ ਹੈ।

ਇਸ ਤੋਂ ਇਲਾਵਾ, ਸਿੱਧੀ ਬਿਜਾਈ ਲਈ ਘੱਟ ਜਾਂ ਦਰਮਿਆਨਾ ਸਮਾਂ ਲੈਕੇ ਪੱਕਣ ਵਾਲੀਆ ਕਿਸਮਾਂ ਨੂੰ ਤਰਜੀਹ ਦੇਣੀ ਚਾਹੀਦੀ ਹੈ। ਲੰਬੇ ਸਮੇਂ ਵਿੱਚ ਪੱਕਣ ਵਾਲੀਆਂ ਕਿਸਮਾਂ ਨੂੰ ਕੀੜੇ ਮਕੋੜੇ ਅਤੇ ਬਿਮਾਰੀਆਂ ਦਾ ਹਮਲਾ ਜ਼ਿਆਦਾ ਹੁੰਦਾ ਹੈ ਅਤੇ ਪਾਣੀ ਦੀ ਖਪਤ ਵੀ ਜ਼ਿਆਦਾ ਹੁੰਦੀ ਹੈ। ਜਿਹੜੇ ਕਿਸਾਨ ਝੋਨੇ ਦੀ ਸਿੱਧੀ ਬਿਜਾਈ ਪਹਿਲੇ ਸਾਲ ਕਰ ਰਹੇ ਹਨ, ਉਹਨਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ 20 ਪ੍ਰਤੀਸ਼ਤ ਤੋਂ ਜ਼ਿਆਦਾ ਰਕਬਾ ਇਸ ਵਿਧੀ ਹੇਠ ਨਾ ਲੈ ਕੇ ਆਉਣ। ਇਹਨਾਂ ਗੱਲਾਂ ਦਾ ਧਿਆਨ ਰੱਖ ਕੇ ਸਿੱਧੀ ਬਿਜਾਈ ਕਰਨ ਨਾਲ ਕਿਸਾਨ ਵੀਰ ਪਾਣੀ ਦੀ ਬੱਚਤ ਦੇ ਨਾਲ ਨਾਲ ਆਪਣੇ ਖਰਚੇ ਘਟਾ ਕੇ ਵਧੇਰੇ ਮੁਨਾਫ਼ਾ ਲੈ ਸਕਦੇ ਹਨ।

(ਲੇਖਕ ਫਾਰਮ ਸਲਾਹਕਾਰ ਸੇਵਾ ਕੇਂਦਰ, ਬਰਨਾਲਾ, ਫਸਲ ਵਿਗਿਆਨ ਵਿਭਾਗ, ਪੀ.ਏ.ਯੂ. ਲੁਧਿਆਣਾ ਨਾਲ ਸੰਬੰਧਤ ਹਨ)

Check Also

ਭ੍ਰਿਸ਼ਟਾਚਾਰ ਅਤੇ ਡਰੱਗ ਦੇ ਮੁੱਦੇ ਉੱਪਰ ਟਕਰਾਅ ਕਿਉਂ?

ਜਗਤਾਰ ਸਿੰਘ ਸਿੱਧੂ ਮੈਨੇਜਿੰਗ ਐਡੀਟਰ ਮੁੱਖ ਮੰਤਰੀ ਭਗਵੰਤ ਮਾਨ ਨੇ ਸਰਕਾਰ ਦਾ ਇੱਕ ਸਾਲ ਮੁਕੰਮਲ …

Leave a Reply

Your email address will not be published. Required fields are marked *