ਨਿਊਜ਼ ਡੈਸਕ: ਪੰਜਾਬੀ ਦੀ 73 ਸਾਲਾ ਹਰਜੀਤ ਕੌਰ, ਜੋ ਪਿਛਲੇ 30 ਸਾਲਾਂ ਤੋਂ ਅਮਰੀਕਾ ‘ਚ ਰਹਿ ਰਹੀ ਸੀ, ਉਹਨਾਂ ਨੂੰ ਦੇਸ਼ ਨਿਕਾਲੇ ਦਾ ਸਾਹਮਣਾ ਕਰਨਾ ਪਿਆ। ਉਹ 1982 ‘ਚ ਆਪਣੇ ਦੋ ਪੁੱਤਰਾਂ ਨਾਲ ਅਮਰੀਕਾ ਗਈ ਸੀ। ਕੁਝ ਦਿਨ ਪਹਿਲਾਂ ਅਮਰੀਕੀ ਇਮੀਗ੍ਰੇਸ਼ਨ ਅਤੇ ਕਸਟਮਜ਼ ਇਨਫੋਰਸਮੈਂਟ (ICE) ਨੇ ਉਸ ਨੂੰ ਹਿਰਾਸਤ ‘ਚ ਲੈ ਲਿਆ, ਜਿੱਥੇ ਉਸ ‘ਤੇ ਗੈਰ-ਕਾਨੂੰਨੀ ਤਰੀਕੇ ਨਾਲ ਰਹਿਣ ਦਾ ਦੋਸ਼ ਲੱਗਾ। ਇਸ ਫੈਸਲੇ ਦੇ ਵਿਰੁੱਧ ਭਾਰਤੀ ਅਤੇ ਅਮਰੀਕੀ ਮੂਲ ਦੇ ਲੋਕਾਂ ਨੇ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤੇ।
ICE ਨੇ ਉਮਰ ਅਤੇ ਸਿਹਤ ਦੀ ਨਹੀਂ ਕੀਤੀ ਪਰਵਾਹ
ਹਰਜੀਤ ਕੌਰ ਨੂੰ ਈਸਟ ਬੇਅ ‘ਚ ਰੂਟੀਨ ਚੈੱਕ-ਇਨ ਦੌਰਾਨ ਹਿਰਾਸਤ ‘ਚ ਲਿਆ ਗਿਆ। ਪਰਿਵਾਰ ਅਤੇ ਸਮਾਜ ਦਾ ਕਹਿਣਾ ਸੀ ਕਿ ਉਹ ਤਿੰਨ ਦਹਾਕਿਆਂ ਤੋਂ ਅਮਰੀਕਾ ‘ਚ ਰਹਿ ਰਹੀ ਸੀ ਅਤੇ ਉਹਨਾਂ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਸੀ। 2013 ‘ਚ ਉਹਨਾਂ ਦੀ ਅਸਾਈਲਮ ਅਰਜ਼ੀ ਰੱਦ ਹੋ ਗਈ ਸੀ, ਪਰ ਉਹ ਹਰ ਛੇ ਮਹੀਨਿਆਂ ‘ਚ ICE ਨੂੰ ਨਿਯਮਤ ਰਿਪੋਰਟ ਕਰਦੀ ਰਹੀ। ਉਹਨਾਂ ਦੀ ਵੱਧਦੀ ਉਮਰ ਅਤੇ ਕਮਜ਼ੋਰ ਸਿਹਤ ਦੇ ਬਾਵਜੂਦ, ਸਮਾਜ ਦੀ ਰਿਹਾਈ ਦੀ ਮੰਗ ਨੂੰ ਨਜ਼ਰਅੰਦਾਜ਼ ਕਰਕੇ ਉਹਨਾਂ ਨੂੰ ਡਿਪੋਰਟ ਕਰ ਦਿੱਤਾ ਗਿਆ।
ਹਥਕੜੀਆਂ ਅਤੇ ਬੇੜੀਆਂ ‘ਚ ਭਾਰਤ ਭੇਜਿਆ
ਵਕੀਲ ਦੀਪਕ ਆਹਲੂਵਾਲੀਆ ਨੇ ਦੱਸਿਆ ਕਿ ਹਰਜੀਤ ਕੌਰ ਸਮੇਤ 132 ਭਾਰਤੀ ਨਾਗਰਿਕਾਂ ਨੂੰ ਜਾਰਜੀਆ ਤੋਂ ICE ਦੇ ਚਾਰਟਰਡ ਜਹਾਜ਼ ਰਾਹੀਂ ਪਹਿਲਾਂ ਅਰਮੀਨੀਆ ਲਿਜਾਇਆ ਗਿਆ ਅਤੇ ਫਿਰ ਦਿੱਲੀ ਹਵਾਈ ਅੱਡੇ ਪਹੁੰਚਾਇਆ ਗਿਆ। ਦਿੱਲੀ ‘ਚ ਉਹਨਾਂ ਦਾ ਪਰਿਵਾਰ ਅਤੇ ਜਾਣਕਾਰ ਉਹਨਾਂ ਨੂੰ ਲੈਣ ਪਹੁੰਚੇ। ਇਸ ਫੈਸਲੇ ਨੇ ਸਮਾਜ ‘ਚ ਨਿਰਾਸ਼ਾ ਪੈਦਾ ਕੀਤੀ ਹੈ।
ਹਰਜੀਤ ਕੌਰ ਨੂੰ ਡਿਪੋਰਟ ਹੋਣ ਤੋਂ ਰੋਕਣ ਲਈ ਅਮਰੀਕਾ ‘ਚ ਪ੍ਰਦਰਸ਼ਨ ਹੋਏ। ਉਹਨਾਂ ਦੀ ਪੋਤੀ ਸੁਖਮੀਤ ਕੌਰ ਨੇ ਕਿਹਾ, “ਸਾਨੂੰ ਸਿਰਫ ਇਹ ਦੱਸਿਆ ਗਿਆ ਕਿ ਉਹਨਾਂ ਨੂੰ ਹਿਰਾਸਤ ‘ਚ ਲਿਆ ਜਾ ਰਿਹਾ ਹੈ। ਸਾਨੂੰ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਅਸੀਂ ਉਹਨਾਂ ਨੂੰ ਲੱਭਦੇ ਰਹੇ। ਜਦੋਂ ਮਿਲੇ, ਉਹ ਰੋ ਰਹੀ ਸੀ ਅਤੇ ਮਦਦ ਮੰਗ ਰਹੀ ਸੀ।”
ਇੱਕ ਦੋਸਤ ਨੇ ਦੱਸਿਆ ਕਿ ਹਰਜੀਤ ਕੌਰ 30 ਸਾਲਾਂ ਤੋਂ ਅਮਰੀਕਾ ‘ਚ ਸੀ ਅਤੇ ਦਰਜ਼ੀ ਵਜੋਂ ਕੰਮ ਕਰਦੀ ਸੀ। “ਜਦੋਂ ਅਸੀਂ ਮਿਲੇ, ਉਹਨਾਂ ਦੀ ਹਾਲਤ ਬਹੁਤ ਖਰਾਬ ਸੀ। ਸੁਣਿਆ ਕਿ ਉਹਨਾਂ ਨੂੰ ਨਾ ਬੈਠਣ ਲਈ ਕੁਰਸੀ ਮਿਲੀ, ਨਾ ਸੌਣ ਲਈ ਬਿਸਤਰਾ। ਉਹ ਜ਼ਮੀਨ ‘ਤੇ ਸੌਂਦੀ ਰਹੀ।”