ਰੂਸ-ਯੂਕਰੇਨ ਜੰਗ ‘ਚ ਹੁਣ ਤੱਕ 7 ਹਜ਼ਾਰ ਨਾਗਰਿਕਾਂ ਦੀ ਮੌਤ !

Global Team
2 Min Read

ਅੱਜ ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਨੂੰ 11 ਮਹੀਨੇ ਪੂਰੇ ਹੋ ਗਏ ਹਨ। ਸੰਯੁਕਤ ਰਾਸ਼ਟਰ (ਯੂ.ਐਨ.) ਦੀ ਤਾਜ਼ਾ ਰਿਪੋਰਟ ਅਨੁਸਾਰ 3 ਜਨਵਰੀ 2023 ਤੱਕ ਜੰਗ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 18,483 ਨਾਗਰਿਕ ਜ਼ਖਮੀ ਹੋਏ ਹਨ। ਇਨ੍ਹਾਂ ‘ਚੋਂ 7,068 ਲੋਕ ਆਪਣੀ ਜਾਨ ਗੁਆ ​​ਚੁੱਕੇ ਹਨ। ਹਾਲਾਂਕਿ, ਸੰਯੁਕਤ ਰਾਸ਼ਟਰ ਦਾ ਮੰਨਣਾ ਹੈ ਕਿ ਅਸਲ ਅੰਕੜਾ ਇਸ ਤੋਂ ਕਿਤੇ ਵੱਧ ਹੋ ਸਕਦਾ ਹੈ।
ਸੰਯੁਕਤ ਰਾਸ਼ਟਰ ਨੇ ਆਪਣੀ ਰਿਪੋਰਟ ‘ਚ ਕਿਹਾ ਹੈ ਕਿ ਯੂਕਰੇਨ ‘ਚ ਚੱਲ ਰਹੇ ਯੁੱਧ ਕਾਰਨ ਲੱਖਾਂ ਲੋਕਾਂ ਦੀ ਮੌਤ ਦਾ ਖਤਰਾ ਹੈ। ਨਾਲ ਹੀ, ਅਣ-ਅਧਿਕਾਰਤ ਤੌਰ ‘ਤੇ ਮਰਨ ਵਾਲੇ ਨਾਗਰਿਕਾਂ ਦੀ ਗਿਣਤੀ ਕਈ ਗੁਣਾ ਵੱਧ ਹੋ ਸਕਦੀ ਹੈ। ਇਹ ਖਾਸ ਤੌਰ ‘ਤੇ ਮਾਰੀਉਪੋਲ, ਖਾਰਕੀਵ, ਲਿਸੀਚਾਂਸਕ, ਪੋਪਾਸਨਾ ਅਤੇ ਲੁਹਾਨਸਕ ਲਈ ਸੱਚ ਹੈ, ਜਿੱਥੇ ਰੋਜ਼ਾਨਾ ਹਮਲੇ ਅਤੇ ਮੌਤਾਂ ਦੀ ਰਿਪੋਰਟ ਕੀਤੀ ਜਾਂਦੀ ਹੈ।
ਰਿਪੋਰਟ ਮੁਤਾਬਕ ਵਿਸਫੋਟਕ ਹਥਿਆਰਾਂ ਨਾਲ ਸਭ ਤੋਂ ਵੱਧ ਮੌਤਾਂ ਯੂਕਰੇਨ ਵਿੱਚ ਹੋਈਆਂ ਹਨ। ਇਨ੍ਹਾਂ ਵਿੱਚ ਤੋਪਖਾਨੇ ਦੀ ਬੰਬਾਰੀ, ਰਾਕੇਟ ਪ੍ਰਣਾਲੀ, ਮਿਜ਼ਾਈਲਾਂ ਅਤੇ ਹਵਾਈ ਹਮਲੇ ਸ਼ਾਮਲ ਹਨ। ਦੱਸ ਦੇਈਏ ਕਿ ਕਈ ਦੇਸ਼ ਹਥਿਆਰਾਂ ਰਾਹੀਂ ਯੂਕਰੇਨ ਦੀ ਮਦਦ ਕਰ ਰਹੇ ਹਨ। ਐਤਵਾਰ ਨੂੰ ਜਰਮਨੀ ਨੇ ਪੋਲੈਂਡ ਰਾਹੀਂ ਯੂਕਰੇਨ ਨੂੰ ਆਪਣਾ ਲੀਓਪਾਰਡ 2 ਟੈਂਕ ਦੇਣ ਦੀ ਮਨਜ਼ੂਰੀ ਦੇ ਦਿੱਤੀ ਹੈ। ਜਰਮਨ ਦੇ ਬਣੇ Leopard 2 ਟੈਂਕ ਨੂੰ ਦੁਨੀਆ ਦੇ ਸਭ ਤੋਂ ਖਤਰਨਾਕ ਟੈਂਕਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਸਦੀ ਵਰਤੋਂ ਅਫਗਾਨਿਸਤਾਨ ਅਤੇ ਸੀਰੀਆ ਯੁੱਧ ਵਿੱਚ ਵੀ ਕੀਤੀ ਗਈ ਹੈ।
ਜੰਗ ਦੇ ਨਾਲ-ਨਾਲ ਭ੍ਰਿਸ਼ਟਾਚਾਰ ਵੀ ਯੂਕਰੇਨ ਦੇ ਲੋਕਾਂ ਨੂੰ ਪ੍ਰੇਸ਼ਾਨ ਕਰ ਰਿਹਾ ਹੈ। ਲਗਭਗ ਇੱਕ ਹਫ਼ਤੇ ਤੋਂ ਰਾਸ਼ਟਰਪਤੀ ਜ਼ੇਲੇਂਸਕੀ ਭ੍ਰਿਸ਼ਟਾਚਾਰ ਵਿੱਚ ਸ਼ਾਮਲ ਲੋਕਾਂ ਨੂੰ ਅਸਤੀਫ਼ਿਆਂ ‘ਤੇ ਦਸਤਖਤ ਕਰਨ ਲਈ ਕਹਿ ਰਹੇ ਹਨ। ਇਸ ਦੌਰਾਨ ਯੂਕਰੇਨ ਦੇ ਉਪ ਰੱਖਿਆ ਮੰਤਰੀ ਯਾਚੇਸਲਾਵ ਸ਼ਾਪੋਵਾਲੋਵ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਉਲਝਣ ਤੋਂ ਬਾਅਦ ਮੰਗਲਵਾਰ ਨੂੰ ਅਸਤੀਫਾ ਦੇਣਾ ਪਿਆ।

Share this Article
Leave a comment