ਐਕਸਫੋਰਡ: ਪੰਜਾਬੀ ਜਿੱਥੇ ਵੀ ਜਾਂਦੇ ਨੇ ਆਪਣੀ ਮਿਹਨਤ ਨਾਲ ਕੰਮ ਕਰ ਕੇ ਬੁਲੰਦੀਆਂ ਹਾਸਿਲ ਕਰਦੇ ਹਨ ਅਤੇ ਆਪਣੀ ਜਿੱਤ ਦੇ ਝੰਡੇ ਗੱਡਦੇ ਹਨ। ਕੈਨੇਡਾ ਦੇ ਸਿੱਖਿਆ ਖੇਤਰ ਵਿੱਚ ਅਹਿਮ ਯੋਗਦਾਨ ਪਾਉਣ ਵਾਲੀ ਨਾਮਵਰ ਸੰਸਥਾ ਸਕੁਲਿਚ ਫਾਊਂਡੇਸ਼ਨ ਨੇ 7 ਪੰਜਾਬੀ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦੇਣ ਦਾ ਐਲਾਨ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ ਸਕਾਲਰਸ਼ਿਪ ਦੀ ਕੀਮਤ 7 ਲੱਖ 80 ਹਜ਼ਾਰ ਡਾਲਰ ਯਾਨੀ ਲਗਭਗ 4 ਕਰੋੜ 68 ਲੱਖ ਰੁਪਏ ਹੈ।
ਦਸ ਦਈਏ ਕਿ ਇਨ੍ਹਾਂ ‘ਚ 3 ਪੰਜਾਬੀ ਵਿਦਿਆਰਥੀ ਤੇ 4 ਵਿਦਿਆਰਥਣਾਂ ਹਨ। ਇਸ਼ਾਨ ਗਰੇਵਾਲ, ਸਿਮਰ ਉੱਭੀ, ਮਨਰੂਪ ਕੌਰ ਕਲਸੀ ਤੇ ਮਾਹੀ ਜੋਸ਼ੀ ਆਉਂਦੇ ਸਤੰਬਰ ਮਹੀਨੇ ਵੱਖ-ਵੱਖ ਯੂਨੀਵਰਸਿਟੀਆਂ ‘ਚ ਇੰਜੀਨੀਅਰਿੰਗ ਦੀ ਪੜ੍ਹਾਈ ਸ਼ੁਰੂ ਕਰਨਗੇ, ਜਦੋਂਕਿ ਅਸਬਾਨੀ ਕੌਰ ਤੇ ਸਰੀਨਾ ਕੌਰ ਸੰਧੂ ਸਾਇੰਸ ਅਤੇ ਮਨਸਵਾ ਕਤਿਆਲ ਗਣਿਤ ਦੀ ਪੜ੍ਹਾਈ ਸ਼ੁਰੂ ਕਰਨਗੇ।
ਸਕਹੂਲਿਚ ਫਾਊਂਡੇਸ਼ਨ ਵਲੋਂ ਇਸ ਵਜ਼ੀਫੇ ਲਈ ਲੀਡਰਸ਼ਿਪ ਵਾਲੇ ਗੁਣ, ਉੱਚਾ ਆਚਰਣ, ਵਚਨਬੱਧਤਾ ਅਤੇ ਭਾਈਚਾਰੇ ਵਾਸਤੇ ਕੀਤੀਆਂ ਸੇਵਾਵਾਂ ਨੂੰ ਤਰਜੀਹ ਦਿੱਤੀ ਜਾਂਦੀ ਹੈ।ਜ਼ਿਕਰਯੋਗ ਹੈ ਕਿ ਸਕਹੂਲਿਚ ਫਾਊਂਡੇਸ਼ਨ ਵਲੋਂ ਇੰਜੀਨੀਅਰਿੰਗ ਦੇ ਹੋਣਹਾਰ ਵਿਦਿਆਰਥੀ ਨੂੰ 1 ਲੱਖ 20 ਹਜ਼ਾਰ ਡਾਲਰ ਅਤੇ ਸਾਇੰਸ ਤੇ ਗਣਿਤ ਦੇ ਵਿਦਿਆਰਥੀ ਨੂੰ 1 ਲੱਖ ਡਾਲਰ ਦਾ ਵਜ਼ੀਫਾ ਦਿਤਾ ਜਾਂਦਾ ਹੈ। ਕੈਨੇਡਾ ‘ਚ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਲਈ ਸਭ ਤੋਂ ਵੱਡੀ ਰਕਮ ਵਾਲਾ ਵਜ਼ੀਫ਼ਾ ਹੈ।