ਕਾਂਗੋ: ਅਫ਼ਰੀਕੀ ਦੇਸ਼ ਕਾਂਗੋ ‘ਚ ਇੱਕ ਵਾਰ ਫਿਰ ਇਬੋਲਾ ਵਾਇਰਸ ਦਾ ਪ੍ਰਕੋਪ ਸ਼ੁਰੂ ਹੋ ਗਿਆ ਹੈ। ਅਫ਼ਰੀਕਾ ਦੇ ਸਭ ਤੋਂ ਵੱਡੇ ਜਨਤਕ ਸਿਹਤ ਸੰਗਠਨ ਅਫ਼ਰੀਕਾ ਰੋਗ ਨਿਯੰਤਰਣ ਅਤੇ ਰੋਕਥਾਮ ਕੇਂਦਰ ਨੇ ਪੁਸ਼ਟੀ ਕੀਤੀ ਹੈ ਕਿ ਕਾਂਗੋ ਲੋਕਤੰਤਰਿਕ ਗਣਰਾਜ ਦੇ ਇਟੂਰੀ ਸੂਬੇ ਵਿੱਚ ਇਬੋਲਾ ਦੀ ਇੱਕ ਨਵੀਂ ਮਹਾਮਾਰੀ ਫੈਲ ਗਈ ਹੈ।
ਹੁਣ ਤੱਕ ਇਸ ਪ੍ਰਕੋਪ ਵਿੱਚ 246 ਸ਼ੱਕੀ ਮਾਮਲੇ ਅਤੇ 65 ਮੌਤਾਂ ਦਰਜ ਕੀਤੀਆਂ ਗਈਆਂ ਹਨ, ਹਾਲਾਂਕਿ ਇਹਨਾਂ ਵਿੱਚੋਂ ਸਿਰਫ਼ 4 ਮੌਤਾਂ ਦੀ ਹੀ ਪ੍ਰਯੋਗਸ਼ਾਲਾ ਵਿੱਚ ਪੁਸ਼ਟੀ ਹੋ ਸਕੀ ਹੈ, ਜਦਕਿ ਬਾਕੀ ਮਾਮਲਿਆਂ ਦੀ ਜਾਂਚ ਜਾਰੀ ਹੈ। ਇਹ ਬਿਮਾਰੀ ਬਹੁਤ ਖ਼ਤਰਨਾਕ ਹੈ ਅਤੇ ਤੇਜ਼ੀ ਨਾਲ ਫੈਲਦੀ ਹੈ। ਇਹ ਵੀ ਡਰ ਹੈ ਕਿ ਇਹ ਗੁਆਂਢੀ ਯੂਗਾਂਡਾ ਅਤੇ ਦੱਖਣੀ ਸੁਡਾਨ ਵਿੱਚ ਫੈਲ ਸਕਦੀ ਹੈ, ਜਿਸ ਨਾਲ ਦਹਿਸ਼ਤ ਦਾ ਮਾਹੌਲ ਹੈ।
ਇਹ ਸੰਕਰਮਣ (ਇਨਫੈਕਸ਼ਨ) ਮੁੱਖ ਤੌਰ ‘ਤੇ ਇਟੂਰੀ ਸੂਬੇ ਦੇ ਮੋਂਗਵਾਲੂ ਅਤੇ ਰਵਾਮਪਾਰਾ ਸਿਹਤ ਖੇਤਰਾਂ ਵਿੱਚ ਪਾਇਆ ਗਿਆ ਹੈ, ਜਦਕਿ ਕੁਝ ਮਾਮਲੇ ਸੂਬੇ ਦੀ ਰਾਜਧਾਨੀ ਬੁਨੀਆ ਵਿੱਚ ਵੀ ਸਾਹਮਣੇ ਆਏ ਹਨ। ਇਟੂਰੀ ਖੇਤਰ ਦੇਸ਼ ਦੇ ਪੂਰਬੀ ਹਿੱਸੇ ਵਿੱਚ ਸਥਿਤ ਇੱਕ ਦੂਰ-ਦੁਰਾਡੇ ਦਾ ਇਲਾਕਾ ਹੈ, ਜੋ ਰਾਜਧਾਨੀ ਕਿੰਸ਼ਾਸਾ ਤੋਂ 1000 ਕਿਲੋਮੀਟਰ ਤੋਂ ਵੀ ਵੱਧ ਦੂਰ ਹੈ।
ਇੱਥੇ ਸੜਕਾਂ ਖ਼ਰਾਬ ਹੋਣ ਕਾਰਨ ਰਾਹਤ ਅਤੇ ਸਿਹਤ ਸੇਵਾਵਾਂ ਪਹੁੰਚਾਉਣ ਵਿੱਚ ਵੱਡੀ ਮੁਸ਼ਕਲ ਆ ਰਹੀ ਹੈ। ਇਸ ਸਥਿਤੀ ਵਿੱਚ ਸਭ ਤੋਂ ਵੱਡੀ ਚਿੰਤਾ ਇਹ ਹੈ ਕਿ ਪ੍ਰਭਾਵਿਤ ਇਲਾਕੇ ਯੂਗਾਂਡਾ ਅਤੇ ਸਾਊਥ ਸੂਡਾਨ ਦੀ ਸਰਹੱਦ ਦੇ ਬਹੁਤ ਨੇੜੇ ਹਨ।
ਦੱਸ ਦਈਏ ਕਿ ਇਬੋਲਾ ਇੱਕ ਬੇਹੱਦ ਖ਼ਤਰਨਾਕ ਵਾਇਰਸ ਹੈ ਜੋ ਪਹਿਲਾਂ ਜੰਗਲੀ ਜਾਨਵਰਾਂ ਤੋਂ ਇਨਸਾਨਾਂ ਵਿੱਚ ਫੈਲਦਾ ਹੈ ਅਤੇ ਫਿਰ ਇਨਸਾਨਾਂ ਦੇ ਵਿਚਕਾਰ ਸਰੀਰ ਦੇ ਤਰਲ ਪਦਾਰਥਾਂ ਜਿਵੇਂ ਕਿ ਖ਼ੂਨ, ਉਲਟੀ ਅਤੇ ਹੋਰ ਰਿਸਾਅ ਦੇ ਸੰਪਰਕ ਰਾਹੀਂ ਫੈਲਦਾ ਹੈ। ਇਹ ਵਾਇਰਸ ਸੰਕਰਮਿਤ ਵਸਤੂਆਂ ਜਿਵੇਂ ਕਿ ਕੱਪੜੇ ਅਤੇ ਬਿਸਤਰੇ ਤੋਂ ਵੀ ਫੈਲ ਸਕਦਾ ਹੈ।
ਇਸ ਦੇ ਲੱਛਣਾਂ ਵਿੱਚ ਤੇਜ਼ ਬੁਖਾਰ, ਉਲਟੀ, ਦਸਤ, ਮਾਸਪੇਸ਼ੀਆਂ ਵਿੱਚ ਦਰਦ ਅਤੇ ਕਈ ਵਾਰ ਅੰਦਰੂਨੀ ਜਾਂ ਬਾਹਰੀ ਖ਼ੂਨ ਵਹਿਣਾ ਸ਼ਾਮਲ ਹੁੰਦੇ ਹਨ। ਇਹ ਬੀਮਾਰੀ ਗੰਭੀਰ ਅਤੇ ਕਈ ਮਾਮਲਿਆਂ ਵਿੱਚ ਜਾਨਲੇਵਾ ਸਾਬਤ ਹੁੰਦੀ ਹੈ। ਇਸ ਤਰ੍ਹਾਂ ਦੇਖਿਆ ਜਾਵੇ ਤਾਂ ਕਾਂਗੋ ਵਿੱਚ ਫੈਲਿਆ ਇਹ ਨਵਾਂ ਇਬੋਲਾ ਪ੍ਰਕੋਪ ਇੱਕ ਵਾਰ ਫਿਰ ਅਫ਼ਰੀਕਾ ਲਈ ਗੰਭੀਰ ਸਿਹਤ ਸੰਕਟ ਬਣ ਗਿਆ ਹੈ।
ਦੱਸ ਦਈਏ ਕਿ ਕਾਂਗੋ ਵਿੱਚ ਪਹਿਲਾਂ ਇਬੋਲਾ ਵਾਇਰਸ ਦਾ ‘ਜ਼ੈਰੇ ਸਟ੍ਰੇਨ’ ਭਾਰੀ ਤਬਾਹੀ ਮਚਾ ਚੁੱਕਾ ਹੈ, ਜਿਸ ਵਿੱਚ 2018 ਤੋਂ 2020 ਦਰਮਿਆਨ ਫੈਲਿਆ ਪ੍ਰਕੋਪ ਵੀ ਸ਼ਾਮਲ ਹੈ, ਜਿਸ ਦੌਰਾਨ 1000 ਤੋਂ ਵੱਧ ਲੋਕਾਂ ਦੀ ਮੌਤ ਹੋਈ ਸੀ।

