ਮੌਸਮ ਕਾਰਨ 6,000 ਕਰੋੜ ਰੁਪਏ ਦੀ ਸੇਬ ਦੀ ਅਰਥਵਿਵਸਥਾ ‘ਤੇ ਪਿਆ ਸੰਕਟ, ਫਸਲ ਬੁਰੀ ਤਰ੍ਹਾਂ ਹੋਈ ਪ੍ਰਭਾਵਿਤ

Rajneet Kaur
2 Min Read

ਨਿਊਜ਼ ਡੈਸਕ: ਖਰਾਬ ਮੌਸਮ ਕਾਰਨ ਹਿਮਾਚਲ ਦੀ 6,000 ਕਰੋੜ ਰੁਪਏ ਦੀ ਸੇਬ ਦੀ ਆਰਥਿਕਤਾ ‘ਤੇ ਸੰਕਟ ਹੋਰ ਗਹਿਰਾ ਹੋ ਗਿਆ ਹੈ। ਬਾਗਾਂ ਦੇ ਦਰੱਖਤਾਂ ਤੋਂ ਪੱਤੇ ਝੜ ਗਏ ਹਨ। ਜਿਸ ਕਾਰਨ ਬਾਗਬਾਨਾਂ ਨੂੰ ਸਮੇਂ ਤੋਂ ਪਹਿਲਾਂ ਹੀ ਫ਼ਸਲ ਦੀ ਕਟਾਈ ਕਰਨੀ ਪੈ ਰਹੀ ਹੈ। ਆਕਾਰ ਅਤੇ ਰੰਗ ਵਿੱਚ ਸੁਧਾਰ ਨਾ ਹੋਣ ਕਾਰਨ ਬਾਗ਼ਬਾਨਾਂ ਨੂੰ ਮੰਡੀਆਂ ਵਿੱਚ ਉਨ੍ਹਾਂ ਦੀਆਂ ਫ਼ਸਲਾਂ ਦਾ ਵਾਜਬ ਭਾਅ ਨਹੀਂ ਮਿਲ ਰਿਹਾ ਹੈ। ਹਿਮਾਚਲ ਵਿੱਚ ਕਰੀਬ ਸਾਢੇ ਤਿੰਨ ਲੱਖ ਪਰਿਵਾਰ ਸੇਬ ਦੀ ਆਰਥਿਕਤਾ ਨਾਲ ਜੁੜੇ ਹੋਏ ਹਨ। ਸੂਬੇ ‘ਚ 7000 ਫੁੱਟ ਤੋਂ ਵੱਧ ਦੀ ਉਚਾਈ ‘ਤੇ ਸਥਿਤ ਬਾਗਾਂ ‘ਚ ਸੇਬ ਦੀ ਫਸਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ।

ਜਿੱਥੇ 15 ਸਤੰਬਰ ਤੋਂ ਬਾਅਦ ਫ਼ਸਲ ਦੀ ਕਟਾਈ ਕੀਤੀ ਜਾਣੀ ਸੀ, ਉੱਥੇ ਮਾੜੀ ਕੁਆਲਿਟੀ ਕਾਰਨ ਬਾਗਬਾਨਾਂ ਨੂੰ ਨਿਰਧਾਰਿਤ ਸਮੇਂ ਤੋਂ ਕਰੀਬ ਦੋ ਹਫ਼ਤੇ ਪਹਿਲਾਂ ਫ਼ਸਲ ਦੀ ਕਟਾਈ ਕਰਨੀ ਪੈ ਰਹੀ ਹੈ | ਇਸ ਸਾਲ ਮੌਸਮ ਦੀ ਸ਼ੁਰੂਆਤ ਤੋਂ ਹੀ ਸੇਬ ਦੀ ਫਸਲ ਪ੍ਰਭਾਵਿਤ ਹੋਈ ਹੈ। ਸਰਦੀਆਂ ਵਿੱਚ ਘੱਟ ਬਰਫਬਾਰੀ ਤੋਂ ਬਾਅਦ ਬੇਮੌਸਮੀ ਭਾਰੀ ਮੀਂਹ ਕਾਰਨ ਸੇਬ ਦੀ ਫ਼ਸਲ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਇਸ ਸਾਲ ਸੂਬੇ ਵਿੱਚ ਆਮ ਫ਼ਸਲ ਦੇ ਮੁਕਾਬਲੇ ਸਿਰਫ਼ 35 ਫ਼ੀਸਦੀ ਹੀ ਫ਼ਸਲ ਹੋਈ ਹੈ ਅਤੇ ਬਿਮਾਰੀਆਂ ਨੇ ਬਾਗਬਾਨਾਂ ਦਾ ਲੱਕ ਤੋੜ ਦਿੱਤਾ ਹੈ।

ਦਲਾਲਾਂ ਦਾ ਕਹਿਣਾ ਹੈ ਕਿ ਮੰਡੀਆਂ ਵਿੱਚ ਪਹੁੰਚਣ ਵਾਲੀ ਫ਼ਸਲ ਦੀ ਗੁਣਵੱਤਾ ਠੀਕ ਨਹੀਂ ਹੈ, ਜਿਸ ਕਾਰਨ ਭਾਅ ਡਿੱਗ ਰਹੇ ਹਨ। ਸੰਯੁਕਤ ਕਿਸਾਨ ਮੰਚ ਦੇ ਸਹਿ-ਕਨਵੀਨਰ ਸੰਜੇ ਚੌਹਾਨ ਦਾ ਕਹਿਣਾ ਹੈ ਕਿ ਮੌਸਮ ਦੀ ਮਾਰ ਕਾਰਨ ਸੇਬ ਦੀ ਫ਼ਸਲ ਨੂੰ ਭਾਰੀ ਨੁਕਸਾਨ ਹੋਇਆ ਹੈ। ਸੂਬੇ ਦੇ ਲੱਖਾਂ ਲੋਕਾਂ ਦੀ ਆਰਥਿਕਤਾ ਸੰਕਟ ਵਿੱਚ ਹੈ। ਸੇਬ ਦੀ ਪੈਦਾਵਾਰ ਦੀ ਲਾਗਤ ਲਗਾਤਾਰ ਵਧ ਰਹੀ ਹੈ ਅਤੇ ਝਾੜ ਘਟ ਰਿਹਾ ਹੈ। ਸਰਕਾਰ ਨੂੰ ਸਮੇਂ ਸਿਰ ਗੰਭੀਰ ਅਤੇ ਪ੍ਰਭਾਵਸ਼ਾਲੀ ਕਦਮ ਚੁੱਕਣੇ ਪੈਣਗੇ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment