ਐਤਵਾਰ ਤੱਕ ਸਕੂਲ ਬੰਦ ਰੱਖਣ ਦੇ ਆਦੇਸ਼
ਟਾਂਡਾ ਉੜਮੁੜ/ਹੁਸ਼ਿਆਰਪੁਰ (ਕੁਮਾਰ ਅਮਰੀਕ) : ਸੂਬੇ ਵਿਚ ਸਰਕਾਰ ਦੇ ਹੁਕਮਾਂ ਤੋਂ ਬਾਅਦ ਸਕੂਲ ਖੁੱਲਿਆਂ ਨੂੰ ਅਜੇ ਕੁਝ ਹੀ ਦਿਨ ਹੋਏ ਹਨ ਅਤੇ ਸਕੂਲਾਂ ਦੇ ਵਿਦਿਆਰਥੀ ਕੋਰੋਨਾ ਦੀ ਲਪੇਟ ਵਿਚ ਆਉਣੇ ਸ਼ੁਰੂ ਹੋ ਗਏ ਹਨ। ਤਾਜ਼ਾ ਮਾਮਲੇ ਵਿਚ ਟਾਂਡਾ ਦੇ ਪਿੰਡ ਜਾਜਾ ਵਿਚ ਸਰਕਾਰੀ ਹਾਈ ਸਕੂਲ ਦੇ ਬੱਚੇ ਕੋਰੋਨਾ ਦੀ ਚਪੇਟ ਵਿਚ ਆ ਗਏ ਹਨ। ਜਾਜਾ ਦੇ ਸਰਕਾਰੀ ਹਾਈ ਸਕੂਲ ਵਿਚੋਂ ਕਰੀਬ 6 ਵਿਦਿਆਰਥੀਆਂ ਦੇ ਕੋਰੋਨਾ ਪਾਜ਼ੇਟਿਵ ਆਉਣ ਦੀ ਖ਼ਬਰ ਮਿਲੀ ਹੈ।
ਮਿਲੀ ਜਾਣਕਾਰੀ ਮੁਤਾਬਕ ਪਿੰਡ ਜਾਜਾ ਦੇ ਸਰਕਾਰੀ ਹਾਈ ਸਕੂਲ ਵਿੱਚ ਅੱਜ ਸਰਕਾਰੀ ਹਸਪਤਾਲ ਦੀ ਟੀਮ ਵੱਲੋਂ ਕੀਤੇ ਗਏ ਕੋਰੋਨਾ ਟੈਸਟਾਂ ਦੌਰਾਨ 6 ਵਿਦਿਆਰਥੀਆਂ ਦੇ ਟੈਸਟ ਪਾਜ਼ੇਟਿਵ ਆਉਣ ਕਾਰਨ ਬੱਚਿਆਂ ਨੂੰ ਲੈ ਕੇ ਫਿਕਰ ਵੱਧ ਗਈ ਹੈ। ਐੱਸ. ਐੱਮ. ਓ. ਪ੍ਰੀਤ ਮਹਿੰਦਰ ਸਿੰਘ ਨੇ ਦੱਸਿਆ ਕਿ ਸਰਕਾਰੀ ਹਸਪਤਾਲ ਦੇ ਡਾਕਟਰ ਰਵੀ ਕੁਮਾਰ, ਡਾਕਟਰ ਸਰੋਜ, ਚਰਨਜੀਤ ਕੌਰ ਰਜਿੰਦਰ ਸਿੰਘ ਦੀ ਟੀਮ ਨੇ ਸਕੂਲ ਦੇ ਸਟਾਫ਼ ਮੈਂਬਰਾਂ ਅਤੇ 74 ਵਿਦਿਆਰਥੀਆਂ ਦੇ ਰੇਪਿਡ ਟੈਸਟਾਂ ਵਿੱਚੋਂ 6 ਬੱਚਿਆਂ ਦਾ ਟੈਸਟ ਪਾਜ਼ੇਟਿਵ ਨਿਕਲਿਆ।
ਸਰਕਾਰੀ ਹਸਪਤਾਲ ਦੀ ਟੀਮ ਨੇ ਦੱਸਿਆ ਕਿ ਅਜੇ ਛੇਵੀਂ ਕਲਾਸ ਦੇ ਵਿਦਿਆਰਥੀਆਂ ਦੇ ਵੀ ਟੈਸਟ ਹੋਣੇ ਬਾਕੀ ਹਨ। ਪਿਛਲੇ ਕਈ ਦਿਨਾਂ ਤੋਂ ਕੋਈ ਵੀ ਪਾਜ਼ੇਟਿਵ ਮਰੀਜ਼ ਸਾਹਮਣੇ ਨਹੀਂ ਆਇਆ ਸੀ ਅਤੇ ਅੱਜ 6 ਵਿਦਿਆਰਥੀਆਂ ਦੇ ਪਾਜ਼ੇਟਿਵ ਆਉਣ ਕਾਰਨ ਫਿਕਰ ਵੱਧ ਗਈ ਹੈ। ਉਧਰ ਬੱਚਿਆਂ ਦੇ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਜ਼ਿਲ੍ਹਾ ਸਿੱਖਿਆ ਅਫ਼ਸਰ ਵਲੋਂ ਸਕੂਲ ਨੂੰ 15 ਅਗਸਤ ਤਕ ਬੰਦ ਕਰਨ ਲਈ ਕਹਿ ਦਿੱਤਾ ਗਿਆ ਹੈ। ਸਕੂਲ ਪ੍ਰਿੰਸੀਪਲ ਨੇ ਇਸਦੀ ਪੁਸ਼ਟੀ ਕੀਤੀ ਹੈ।
ਇਥੇ ਦੱਸ ਦੇਈਏ ਕਿ ਕੱਲ੍ਹ ਲੁਧਿਆਣਾ ਦੇ 2 ਸਕੂਲਾਂ ਵਿਚੋਂ ਕਰੀਬ 20 ਬੱਚੇ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ ਜਦਕਿ ਪੂਰੇ ਸੂਬੇ ਵਿਚੋਂ 28 ਬੱਚੇ ਕੋਰੋਨਾ ਦੀ ਲਪੇਟ ਵਿਚ ਆਏ ਸਨ।