ਦੇਸ਼ ਦੇ 50 ਥਰਮਲ ਪਲਾਂਟਾਂ ਵਿੱਚ ਕੋਲੇ ਦੀ ਭਾਰੀ ਕਮੀ, ਸਿਰਫ਼ 9 ਦਿਨ ਦਾ ਬਚਿਆ ਭੰਡਾਰ

Global Team
3 Min Read

ਨਵੀਂ ਦਿੱਲੀ: ਦੇਸ਼ ਵਿੱਚ ਬਿਜਲੀ ਦੀ ਮੰਗ ਵਧਣ ਅਤੇ ਮਾਨਸੂਨ ਕਾਰਨ ਕੋਲੇ ਦੀ ਸਪਲਾਈ ਪ੍ਰਭਾਵਿਤ ਹੋਣ ਦਾ ਅਸਰ ਹੁਣ ਥਰਮਲ ਪਾਵਰ ਪਲਾਂਟਾਂ ਦੇ ਭੰਡਾਰ ‘ਤੇ ਨਜ਼ਰ ਆ ਰਿਹਾ ਹੈ। ਕੇਂਦਰੀ ਬਿਜਲੀ ਅਥਾਰਟੀ (CEA) ਦੇ ਅੰਕੜਿਆਂ ਮੁਤਾਬਕ, 2 ਸਤੰਬਰ ਤੱਕ ਦੇਸ਼ ਦੇ 50 ਪਾਵਰ ਪਲਾਂਟਾਂ ਵਿੱਚ ਕੋਲੇ ਦਾ ਸਟਾਕ ‘ਕ੍ਰਿਟੀਕਲ’ ਪੱਧਰ ‘ਤੇ ਪਹੁੰਚ ਗਿਆ ਸੀ।

ਇਨ੍ਹਾਂ ਪਲਾਂਟਾਂ ਦੀ ਕੁੱਲ ਉਤਪਾਦਨ ਸਮਰੱਥਾ ਲਗਭਗ 224 ਗੀਗਾਵਾਟ ਹੈ। ਬੁੱਧਵਾਰ ਤੱਕ ਇਨ੍ਹਾਂ ਕੋਲ ਲਗਭਗ 28.2 ਮਿਲੀਅਨ ਟਨ ਕੋਲਾ ਮੌਜੂਦ ਸੀ, ਜਦਕਿ ਨਿਰਧਾਰਤ ਲੋੜ 58.7 ਮਿਲੀਅਨ ਟਨ ਹੈ। ਇਸ ਤਰ੍ਹਾਂ ਉਪਲਬਧ ਕੋਲਾ ਲੋੜ ਦਾ ਸਿਰਫ਼ 48 ਫ਼ੀਸਦੀ ਰਹਿ ਗਿਆ ਹੈ।

ਸਿਰਫ਼ 9 ਦਿਨ ਲਈ ਕੋਲਾ ਉਪਲਬਧ

ਅੰਕੜਿਆਂ ਅਨੁਸਾਰ, ਜੇਕਰ ਪਲਾਂਟ 85 ਫ਼ੀਸਦੀ ਪਲਾਂਟ ਲੋਡ ਫੈਕਟਰ (PLF) ‘ਤੇ ਚੱਲਦੇ ਹਨ ਤਾਂ ਮੌਜੂਦਾ ਸਟਾਕ ਲਗਭਗ 9 ਦਿਨਾਂ ਦੀ ਲੋੜ ਪੂਰੀ ਕਰ ਸਕਦਾ ਹੈ। ਆਮ ਹਾਲਾਤ ਵਿੱਚ ਇਨ੍ਹਾਂ ਪਲਾਂਟਾਂ ਕੋਲ ਘੱਟੋ-ਘੱਟ 19 ਦਿਨਾਂ ਦਾ ਕੋਲਾ ਬੈਕਅਪ ਹੋਣਾ ਚਾਹੀਦਾ ਹੈ।

ਨਿਯਮਾਂ ਮੁਤਾਬਕ ਜਦੋਂ ਕਿਸੇ ਪਲਾਂਟ ਵਿੱਚ ਨਿਰਧਾਰਤ ਮਾਪਦੰਡ ਦੇ 25 ਫ਼ੀਸਦੀ ਤੋਂ ਵੀ ਘੱਟ ਕੋਲਾ ਰਹਿ ਜਾਂਦਾ ਹੈ ਤਾਂ ਉਸ ਨੂੰ ‘ਕ੍ਰਿਟੀਕਲ’ ਸ਼੍ਰੇਣੀ ਵਿੱਚ ਰੱਖਿਆ ਜਾਂਦਾ ਹੈ। ਇਨ੍ਹਾਂ 50 ਪਲਾਂਟਾਂ ਵਿੱਚੋਂ 45 ਘਰੇਲੂ ਕੋਲੇ, 4 ਆਯਾਤ ਕੀਤੇ ਕੋਲੇ ਅਤੇ ਇੱਕ ਪਲਾਂਟ ਕੋਲੇ ਦੀ ਧੁਆਈ ਤੋਂ ਬਾਅਦ ਬਚਣ ਵਾਲੇ ਅਵਸ਼ੇਸ਼ ‘ਤੇ ਨਿਰਭਰ ਹੈ।

ਸਰਕਾਰ ਦੀ ਪਲਾਂਟਾਂ ‘ਤੇ ਨਜ਼ਰ

ਕੋਲਾ ਮੰਤਰਾਲੇ ਦੇ ਅਧਿਕਾਰੀਆਂ ਮੁਤਾਬਕ, ਸੰਵੇਦਨਸ਼ੀਲ ਪਲਾਂਟਾਂ ਦੀ ਇੱਕ ਅੰਤਰ-ਮੰਤਰਾਲੀ ਟੀਮ ਵੱਲੋਂ ਹਰ ਰੋਜ਼ ਨਿਗਰਾਨੀ ਕੀਤੀ ਜਾ ਰਹੀ ਹੈ। ਇਨ੍ਹਾਂ ਪਲਾਂਟਾਂ ਤੱਕ ਲਗਾਤਾਰ ਕੋਲਾ ਭੇਜਣ ਦੀ ਪ੍ਰਕਿਰਿਆ ਵੀ ਜਾਰੀ ਹੈ।

ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ CEA ਦੇ ਨਿਯਮਾਂ ਤਹਿਤ ਕਿਸੇ ਪਲਾਂਟ ਨੂੰ ‘ਕ੍ਰਿਟੀਕਲ’ ਸ਼੍ਰੇਣੀ ਵਿੱਚ ਰੱਖਣਾ ਨਿਯਮਤ ਨਿਗਰਾਨੀ ਦਾ ਹਿੱਸਾ ਹੈ। ਇਸ ਦਾ ਮਤਲਬ ਇਹ ਨਹੀਂ ਕਿ ਪਲਾਂਟਾਂ ਲਈ ਕੋਲੇ ਦੀ ਸਪਲਾਈ ਬੰਦ ਹੋ ਰਹੀ ਹੈ। ਇਸ ਦੇ ਉਲਟ, ਅਜਿਹੇ ਪਲਾਂਟਾਂ ‘ਤੇ ਵਧੇਰੇ ਧਿਆਨ ਦੇ ਕੇ ਤਰਜੀਹ ਦੇ ਆਧਾਰ ‘ਤੇ ਕਾਰਵਾਈ ਕੀਤੀ ਜਾਂਦੀ ਹੈ।

ਮਾਨਸੂਨ ਨਾਲ ਸਪਲਾਈ ‘ਤੇ ਅਸਰ

ਅਧਿਕਾਰੀਆਂ ਅਨੁਸਾਰ, 85 ਫ਼ੀਸਦੀ PLF ‘ਤੇ ਪਲਾਂਟਾਂ ਲਈ ਮਿਆਰੀ ਕੋਲੇ ਦੀ ਲੋੜ ਲਗਭਗ 3.1 ਮਿਲੀਅਨ ਟਨ ਪ੍ਰਤੀ ਦਿਨ ਹੈ, ਜਦਕਿ ਅਸਲ ਰੋਜ਼ਾਨਾ ਖਪਤ ਕਰੀਬ 2.4 ਮਿਲੀਅਨ ਟਨ ਰਹਿੰਦੀ ਹੈ।

ਹਰ ਸਾਲ ਮਾਨਸੂਨ ਦੌਰਾਨ ਖਾਣਾਂ ਅਤੇ ਆਵਾਜਾਈ ਵਿੱਚ ਰੁਕਾਵਟਾਂ ਕਾਰਨ ਕੋਲੇ ਦੀ ਸਪਲਾਈ ਪ੍ਰਭਾਵਿਤ ਹੁੰਦੀ ਹੈ। ਹਾਲਾਂਕਿ ਸਤੰਬਰ ਵਿੱਚ ਬਾਰਿਸ਼ ਘਟਣ ਦੇ ਨਾਲ ਸਪਲਾਈ ਦੀ ਸਥਿਤੀ ਵਿੱਚ ਸੁਧਾਰ ਆਉਣਾ ਸ਼ੁਰੂ ਹੋ ਜਾਂਦਾ ਹੈ।

ਕੁਝ ਪਲਾਂਟਾਂ ਦੀ ਮੈਂਟੇਨੈਂਸ ਟਲੀ

ਇਸ ਮਾਮਲੇ ‘ਤੇ ਬਿਜਲੀ ਮੰਤਰਾਲੇ ਵੱਲੋਂ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ। ਹਾਲਾਂਕਿ ਸੂਤਰਾਂ ਮੁਤਾਬਕ, ਬਿਜਲੀ ਉਤਪਾਦਨ ਵਿੱਚ ਕਿਸੇ ਤਰ੍ਹਾਂ ਦੀ ਰੁਕਾਵਟ ਨਾ ਆਵੇ, ਇਸ ਲਈ ਕੁਝ ਕੋਲਾ-ਆਧਾਰਿਤ ਪਲਾਂਟਾਂ ਨੂੰ ਆਪਣੀ ਨਿਯਮਤ ਮੈਂਟੇਨੈਂਸ ਅੱਗੇ ਪਾਉਣ ਲਈ ਕਿਹਾ ਗਿਆ ਹੈ।

Share This Article
Leave a Comment