ਚੰਡੀਗੜ੍ਹ : ਪੰਜਾਬ ‘ਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੇ ਸੋਮਵਾਰ ਨੂੰ ਤਿੰਨ ਸਾਲ ਪੂਰੇ ਹੋਣ ‘ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੇ ਦਾਅਵਿਆਂ ਨੂੰ ਮੂਲੋਂ ਰੱਦ ਕਰਦੇ ਹੋਏ ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸਰਕਾਰ ‘ਤੇ ਤਿੱਖੇ ਸ਼ਬਦਾਂ ‘ਚ ਪਲਟਵਾਰ ਕੀਤਾ ਹੈ।
ਪਾਰਟੀ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜੋ ਝੂਠ ਦਾ ਪੁਲੰਦਾ ਸਰਕਾਰ ਨੇ ਇਸ ਬਜਟ ਇਜਲਾਸ ਦੌਰਾਨ ਪੰਜਾਬ ਦੇ ਰਾਜਪਾਲ ਵੱਲੋਂ ਵਿਧਾਨ ਸਭਾ ‘ਚ ਬੁਲਵਾਇਆ ਸੀ, ਉਸੇ ਝੂਠੇ ਅਤੇ ਗੁਮਰਾਹਕੁਨ ਖਰੜੇ ਨੂੰ ਹੋਰ ਮਿਰਚ-ਮਸਾਲਾ ਲਗਾ ਕੇ ਮੁੱਖ ਮੰਤਰੀ ਨੇ ਅੱਜ ‘ਅੰਗਰੇਜ਼ੀ’ ‘ਚ ਦੁਹਰਾ ਦਿੱਤਾ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕਾਂਗਰਸ ਅਤੇ ਅਕਾਲੀ-ਭਾਜਪਾ ਦੇ ਰੂਪ ‘ਚ ਪੰਜਾਬ ਨੂੰ 1992 ਤੋਂ ਲਗਾਤਾਰ ਨਖਿੱਧ ਤੋਂ ਨਖਿੱਧ ਸਰਕਾਰਾਂ ਟੱਕਰੀਆਂ ਹਨ, ਜਿਨ੍ਹਾਂ ਨੇ ਦੇਸ਼ ਦੇ ਸਭ ਤੋਂ ਖ਼ੁਸ਼ਹਾਲ ਅਤੇ ਬਜਟ ਸਰਪਲੱਸ ਸੂਬੇ ਨੂੰ ਅੱਤ ਦਾ ਕਰਜ਼ਾਈ ਕਰ ਦਿੱਤਾ। ਸਰਕਾਰ ਖ਼ੁਦ 2.5 ਲੱਖ ਕਰੋੜ ਦਾ ਕਰਜ਼ ਪੰਜਾਬ ਸਿਰ ਮੰਨਦੀ ਹੈ, ਪਰੰਤੂ ਅਸਲੀਅਤ ‘ਚ ਇਹ ਕਰਜ਼ 4 ਲੱਖ ਕਰੋੜ ਤੋਂ ਪਾਰ ਹੈ, ਕਿਉਂਕਿ ਬਾਦਲਾਂ ਵਾਂਗ ਕੈਪਟਨ ਸਰਕਾਰ ਵੀ ਮਾਰਕਫੈੱਡ ਪਨਸਪ ਆਦਿ ਕਾਰਪੋਰੇਸ਼ਨ ਸਿਰ ਚੁੱਕੇ ਜਾ ਰਹੇ ਅੰਨ੍ਹੇ ਕਰਜ਼ ਨੂੰ ਜਨਤਕ ਹੀ ਨਹੀਂ ਕੀਤਾ ਜਾਂਦਾ।
ਚੀਮਾ ਨੇ ਕਿਹਾ ਕਿ ਕੈਪਟਨ ਸਰਕਾਰ ਦੇ ਤਿੰਨ ਸਾਲਾਂ ਰਾਜ ਦੌਰਾਨ ਇੱਕ ਵੀ ਪੈਮਾਨਾ ਤਰੱਕੀ ਜਾ ਵਿਕਾਸ ਦੀ ਵਕਾਲਤ ਨਹੀਂ ਕਰ ਰਿਹਾ। ਸੂਬੇ ਦੀ ਜੀਐਸਡੀਪੀ 6.9 ਪ੍ਰਤੀਸ਼ਤ ਤੋਂ ਲੁੜ੍ਹਕ ਕੇ 6.0 ਪ੍ਰਤੀਸ਼ਤ ਤੇ ਆ ਗਈ, ਜਦਕਿ 7.8 ਪ੍ਰਤੀਸ਼ਤ ਨਾਲ ਬੇਰੁਜ਼ਗਾਰੀ ਦੀ ਦਰ ਦੇਸ਼ ਭਰ ਵਿਚੋਂ ਸਭ ਤੋਂ ਵੱਧ ਗਈ ਹੈ। ਇਸੇ ਤਰਾਂ ਸਾਲ 2016-17 ‘ਚ 6.3 ਪ੍ਰਤੀਸ਼ਤ ਦੇ ਮੁਕਾਬਲੇ ਖੇਤੀ ਦੀ ਵਿਕਾਸ ਦਰ 2018-19 ‘ਚ ਮਹਿਜ਼ 2.3 ਪ੍ਰਤੀਸ਼ਤ ਅਤੇ ਮੈਨੂਫੈਕਚਰਿੰਗ ਵਿਕਾਸ ਦਰ ਕ੍ਰਮਵਾਰ 6.1 ਪ੍ਰਤੀਸ਼ਤ ਤੋਂ ਘੱਟ ਕੇ 5.8 ਪ੍ਰਤੀਸ਼ਤ ਰਹਿ ਗਈ ਹੈ।
ਚੀਮਾ ਨੇ ਕਿਹਾ ਕਿ ਜੋ ਵੀ ਸੂਬਾ ਜਾਂ ਦੇਸ਼ ਕਰਜ਼ੇ ਦੀਆਂ ਕਿਸ਼ਤਾਂ ਤੇ ਵਿਆਜ ਮੋੜਨ ਲਈ ਨਵੇਂ ਕਰਜ਼ੇ ਚੁੱਕ ਰਿਹਾ ਹੋਵੇ, ਉੱਥੇ ਤਰੱਕੀ ਤੇ ਵਿਕਾਸ ਦੀਆਂ ਗੱਲਾਂ ਲੋਕਾਂ ਨੂੰ ਗੁਮਰਾਹ ਕਰਨ ਲਈ ਕੀਤੀਆਂ ਜਾਂਦੀਆਂ ਹਨ। ਚੀਮਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਵੀ ਗੱਲ ਸੂਬੇ ਦੀ ਆਮਦਨੀ ਵਧਾਉਣ ਦੀ ਨਹੀਂ ਕੀਤੀ। ਸਗੋਂ ਇਹ ਕਹਿ ਕੇ, ‘ਮੈਂ ਇੱਥੇ ਮਾਫ਼ੀਆ ਨਹੀਂ ਚੱਲਣ ਦੇਵਾਂਗਾ’ ਇਸ ਗੱਲ ‘ਤੇ ਮੋਹਰ ਲਗਾ ਦਿੱਤੀ ਕਿ ਬਾਦਲਾਂ ਵਾਲਾ ਮਾਫ਼ੀਆ ਰਾਜ ਜਿਉਂ ਦਾ ਤਿਉਂ ਚੱਲ ਰਿਹਾ ਹੈ। ਚੀਮਾ ਨੇ ਕਿਹਾ ਕਿ ਕੈਪਟਨ ਤਿੰਨ ਸਾਲਾਂ ਬਾਅਦ ਵੀ ਛਾਤੀ ਠੋਕ ਕੇ ਨਹੀਂ ਕਹਿ ਸਕੇ ਕਿ ‘ਮੈਂ ਸੂਬੇ ‘ਚ ਮਾਫ਼ੀਆ ਜੜ੍ਹੋਂ ਪੁੱਟ ਦਿੱਤਾ ਹੈ।” ਚੀਮਾ ਨੇ ਕਿਹਾ ਕਿ ਰੇਤ ਮਾਫ਼ੀਆ, ਸ਼ਰਾਬ ਮਾਫ਼ੀਆ, ਟਰਾਂਸਪੋਰਟ ਮਾਫ਼ੀਆ ਸਮੇਤ ਸਾਰੇ ਮਾਫ਼ੀਆ ਉਸੇ ਧੜੱਲੇ ਨਾਲ ਚੱਲ ਰਹੇ ਹਨ, ਜਿਵੇਂ ਬਾਦਲਾਂ ਵੇਲੇ ਚੱਲਦਾ ਸੀ।
ਚੀਮਾ ਨੇ ਕਿਹਾ ਕਿ ਸੂਬੇ ‘ਚ ਕਾਨੂੰਨ ਵਿਵਸਥਾ ਬਦ ਤੋਂ ਬਦਤਰ ਹੋ ਰਹੀ ਹੈ। ਨਸ਼ਾ ਤਸਕਰਾਂ ਦੇ ਹੌਸਲੇ ਬੁਲੰਦ ਹਨ, ਨਸ਼ਾ ਤਸਕਰੀ ਦੇ ਮਗਰਮੱਛ ਉਸੇ ਤਰਾਂ ਬੇਲਗ਼ਾਮ ਘੁੰਮ ਰਹੇ ਹਨ, ਜਿਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਖੁੱਲ੍ਹੇ ਘੁੰਮ ਰਹੇ ਹਨ ਅਤੇ ਸਰਕਾਰੀ ਤੰਤਰ ਨਾਲ ਮਿਲ ਕੇ ਸਬੂਤ ਨਸ਼ਟ ਕਰ ਰਹੇ ਹਨ।
ਚੀਮਾ ਨੇ ਇਸ ਮੌਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਵੱਲੋਂ ਕੀਤੀ ਟਿੱਪਣੀ ‘ਤੇ ਅਫ਼ਸੋਸ ਜਤਾਉਂਦਿਆਂ ਕਿਹਾ ਕਿ ਸਰਕਾਰ ਨਸ਼ੇ ਦੇ ਤਸਕਰਾਂ ਅਤੇ ਬੇਅਦਬੀ ਕਰਨ ਵਾਲਿਆਂ ਨੂੰ ਸਲਾਖ਼ਾਂ ਪਿੱਛੇ ਸੁੱਟ ਕੇ ਵੋਟਾਂ ਬਟੋਰਨ ਦੀ ਘਟੀਆ ਸੋਚ ਰੱਖਦੀ ਹੈ। ਜਦੋਂਕਿ ਅਜਿਹੇ ਗੁਨਾਹ ਕਰਨ ਵਾਲਿਆਂ ਨੂੰ ਸਜਾ ਦੇਣਾ ਸਰਕਾਰਾਂ ਦੀ ਜ਼ਿੰਮੇਵਾਰੀ ਹੁੰਦੀ ਹੈ। ਜਦਕਿ ਵੋਟਾਂ ਕੰਮਾਂ ਦੇ ਆਧਾਰ ‘ਤੇ ਮੰਗੀਆਂ ਜਾਣੀਆਂ ਚਾਹੀਦੀਆਂ ਹਨ। ਜਿਵੇਂ ਦਿੱਲੀ ‘ਚ ਅਰਵਿੰਦ ਕੇਜਰੀਵਾਲ ਨੇ ‘ਕੰਮ ਦੀ ਸਿਆਸਤ ਦਾ ਨਵਾਂ ਵਿਕਾਸ ਮਾਡਲ ਦਿੱਤਾ ਹੈ।
ਚੀਮਾ ਨੇ ਕਿਹਾ ਕਿ ਬਜ਼ੁਰਗਾਂ, ਵਿਧਵਾਵਾਂ, ਪੈਨਸ਼ਨਰਾਂ, ਮੁਲਾਜ਼ਮਾਂ, ਬੇਰੁਜ਼ਗਾਰਾਂ, ਕਿਸਾਨਾਂ-ਮਜ਼ਦੂਰਾਂ, ਵਪਾਰੀਆਂ-ਕਾਰੋਬਾਰੀਆਂ, ਦਲਿਤਾਂ ਸਮੇਤ ਸਾਰੇ ਵਰਗਾਂ ਨਾਲ ਕੈਪਟਨ ਸਰਕਾਰ ਨੇ ਧੋਖੇ-ਦਰ-ਧੋਖੇ ਕੀਤੇ ਹਨ, ਜਨਤਾ 2022 ‘ਚ ਇਸ ਦਾ ਸਬਕ ਕਾਂਗਰਸ ਨੂੰ ਸਿਖਾਏਗੀ।