ਨਵੀਂ ਦਿੱਲੀ : ਕੋਰੋਨਾ ਦੀ ਦੂਜੀ ਲਹਿਰ ‘ਚ 400 ਤੋਂ ਵੱਧ ਡਾਕਟਰਾਂ ਦੀ ਜਾਨ ਜਾ ਚੁੱਕੀ ਹੈ। ਇੰਡੀਅਨ ਮੈਡੀਕਲ ਐਸੋਸੀਏਸ਼ਨ (IMA) ਵਲੋਂ ਜਾਰੀ ਅੰਕੜਿਆਂ ਮੁਤਾਬਕ ਹੁਣ ਤੱਕ ਸਭ ਤੋਂ ਜ਼ਿਆਦਾ ਦਿੱਲੀ ਦੇ 100 ਡਾਕਟਰ ਸ਼ਾਮਲ ਹਨ।
ਦਿੱਲੀ ਤੋਂ ਬਾਅਦ ਬਿਹਾਰ ‘ਚ 96 ਡਾਕਟਰਾਂ ਦੀ ਮੌਤ ਹੋਈ ਹੈ। ਉੱਤਰ ਪ੍ਰਦੇਸ਼ ਦੇ 41 ਡਾਕਟਰਾਂ ਨੇ ਕੋਰੋਨਾ ਵਾਇਰਸ ਦੀ ਲਪੇਟ ‘ਚ ਆਕੇ ਦਮ ਤੋੜ ਦਿੱਤਾ ਹੈ। ਗੁਜਰਾਤ ਵਿੱਚ 31 ਡਾਕਟਰਾਂ ਦੀ ਮੌਤ ਹੋਈ ਹੈ। ਜਦਕਿ ਆਂਧਰਾ ਪ੍ਰਦੇਸ਼ ਵਿੱਚ 26, ਮਹਾਰਾਸ਼ਟਰ ਵਿੱਚ 15, ਮੱਧ ਪ੍ਰਦੇਸ਼ ਵਿੱਚ 13, ਅਸਮ ਵਿੱਚ 3, ਗੋਆ ਵਿੱਚ 2, ਹਰਿਆਣਾ ਵਿੱਚ ਦੋ ਡਾਕਟਰਾਂ ਦੀ ਜਾਨ ਗਈ ਹੈ। ਪੰਜਾਬ ਵਿੱਚ ਇੱਕ ਅਤੇ ਪੁਡੁਚੇਰੀ ਵਿੱਚ ਵੀ ਇੱਕ ਡਾਕਟਰ ਦੀ ਮੌਤ ਹੋਈ ਹੈ ।
ਦੇਸ਼ ‘ਚ ਜਾਰੀ ਸਿਹਤ ਵਿਵਸਥਾ ਅਤੇ ਡਾਕਟਰਾਂ ਦੀ ਕਮੀ ਦੇ ਵਿਚਾਲੇ ਇਹ ਅੰਕੜੇ ਨਿਸ਼ਚਿਤ ਤੌਰ ‘ਤੇ ਸਰਕਾਰ ਨੂੰ ਪਰੇਸ਼ਾਨ ਕਰ ਸਕਦੇ ਹਨ।
ਦੱਸ ਦਈਏ ਕਿ ਦੇਸ਼ ਇਸ ਸਮੇਂ ਕੋਰੋਨਾ ਦੀ ਦੂਜੀ ਲਹਿਰ ਦਾ ਸਾਹਮਣਾ ਕਰ ਰਿਹਾ ਹੈ। ਹਰ ਦਿਨ ਮਾਮਲੇ ਵੱਧ ਰਹੇ ਹਨ, ਜਿਸ ਦੇ ਚੱਲਦਿਆਂ ਕੇਂਦਰ ਸਰਕਾਰ ਤੇ ਸੂਬਾ ਸਰਕਾਰਾਂ ਸਖ਼ਤੀ ਵਰਤ ਰਹੀਆਂ ਹਨ ਤਾਂ ਜੋ ਇਹ ਇਨਫੈਕਸ਼ਨ ਆਪਣੇ ਪੈਰ ਨਾ ਪਸਾਰ ਸਕੇ।
ਸਿਹਤ ਮੰਤਰਾਲੇ ਵਲੋਂ ਜਾਰੀ ਅੰਕੜਿਆਂ ਮੁਤਾਬਕ ਬੀਤੇ 24 ਘੰਟਿਆਂ ਦੌਰਾਨ ਦੇਸ਼ ‘ਚ 2,57,299 ਨਵੇਂ ਮਾਮਲੇ ਸਾਹਮਣੇ ਆਏ ਹਨ। ਜਿਸ ਨਾਲ ਕੁੱਲ ਪਾਜ਼ਿਟਿਵ ਮਾਮਲਿਆਂ ਦੀ ਗਿਣਤੀ 2,62,89,290 ਹੋ ਗਈ ਹੈ। ਉੱਥੇ ਹੀ 4,194 ਮੌਤਾਂ ਦਰਜ ਕੀਤੀਆਂ ਗਈਆਂ ਹਨ।