ਅੰਮ੍ਰਿਤਸਰ: ਅੰਮ੍ਰਿਤਸਰ ਜ਼ਿਲ੍ਹੇ ਦਾ ਇੱਕ ਪਰਿਵਾਰ ਜਿਸ ਦਾ ਇੱਕ ਪੁੱਤ ਪਿਛਲੇ 34 ਸਾਲ ਤੋਂ ਪਾਕਿਸਤਾਨ ਦੀ ਕੋਟ ਲਖਪਤ ਸਥਿਤ ਜੇਲ੍ਹ ਵਿੱਚ ਬੰਦ ਹੈ। ਉਸਦਾ ਰਾਹ ਵੇਖਦੇ – ਵੇਖਦੇ ਪਰਿਵਾਰ ਦੇ ਦੀਆਂ ਅੱਖਾਂ ਦੇ ਹੰਝੂ ਸੁੱਕ ਚੁੱਕੇ ਹਨ। ਬਜ਼ੁਰਗ ਹੋ ਚੁੱਕੇ ਮਾਤਾ-ਪਿਤਾ ਦੇ ਦਿਲ ਵਿੱਚ ਬਸ ਇੱਕ ਹੀ ਇੱਛਾ ਹੈ ਕਿ ਕਿਸੇ ਤਰ੍ਹਾਂ ਮਰਨ ਤੋਂ ਪਹਿਲਾਂ ਇੱਕ ਵਾਰ ਉਸ ਨੂੰ ਜੀਅ ਭਰ ਕੇ ਵੇਖ ਲੈਣ। ਨਾਨਕ ਸਿੰਘ ਨਾਮ ਦਾ ਇਹ ਮੁੰਡਾ ਸਿਰਫ਼ 7 ਸਾਲ ਦਾ ਸੀ ਜਦੋਂ ਗਲਤੀ ਨਾਲ ਦੋ ਦੇਸ਼ਾਂ ਦੇ ਵਿੱਚ ਸਰਹੱਦ ਨੂੰ ਟੱਪ ਗਿਆ ।
ਅੰਮ੍ਰਿਤਸਰ ਦੇ ਅਜਨਾਲਾ ਸੈਕਟਰ ‘ਚ ਰਾਵੀ ਨਦੀ ਨਾਲ ਲਗਦੇ ਪਿੰਡ ਬੇਦੀ ਛੰਨਾ ਦੇ ਰਤਨ ਸਿੰਘ ਦੱਸਦੇ ਹਨ ਕਿ 1985 ਵਿੱਚ ਜਦੋਂ ਪਰਿਵਾਰ ਖੇਤਾਂ ਵਿੱਚ ਗਿਆ ਸੀ ਤਾਂ ਉਨ੍ਹਾਂ ਦਾ 7 ਸਾਲ ਦਾ ਪੁੱਤਰ ਨਾਨਕ ਸਿੰਘ ਖੇਡਦੇ ਹੋਏ ਸਰਹੱਦ ਪਾਰ ਕਰ ਪਾਕਿਸਤਾਨ ਵਿੱਚ ਜਾ ਪਹੁੰਚਿਆ। ਇਸ ਤੋਂ ਬਾਅਦ ਜਦੋਂ ਪਾਕਿਸਤਾਨੀ ਰੇਂਜਰਸ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਵਾਪਸ ਕਰਨ ਤੋਂ ਇਨਕਾਰ ਕਰ ਦਿੱਤਾ। ਫਿਰ ਇਸ ਵਾਰੇ ਥਾਣਾ ਰਮਦਾਸ ‘ਚ ਸੂਚਨਾ ਦਿੱਤੀ ਗਈ ਤਾਂ ਪਾਕਿਸਤਾਨ ਵੱਲੋਂ ਉਨ੍ਹਾਂ ਦੀਆਂ ਕੁੱਝ ਮੈਸਾਂ ਵਾਪਸ ਕਰਨ ਦੇ ਬਦਲੇ ਨਾਨਕ ਸਿੰਘ ਨੂੰ ਭੇਜਣ ਦੀ ਗੱਲ ਕਹੀ ਪਰ ਇਹ ਗਰੀਬ ਪਰਿਵਾਰ ਨਾ ਤਾਂ ਉਨ੍ਹਾਂ ਮੈਸਾਂ ਨੂੰ ਲਭ ਸਕਦਾ ਸੀ ਅਤੇ ਨਾ ਹੀ ਨਵੀਂਆਂ ਮੈਸਾਂ ਖਰੀਦਕੇ ਦੇਣ ਦੀ ਹਾਲਤ ਵਿੱਚ ਸੀ । ਦੱਸਿਆ ਜਾਂਦਾ ਹੈ ਕਿ 1990 – 91 ਵਿੱਚ ਪਾਕਿਸਤਾਨ ਦੀਆਂ ਜੇਲਾਂ ਵਿੱਚ ਬੰਦ ਲੋਕਾਂ ਦੀ ਸੂਚੀ ਆਈ ਤਾਂ ਪਤਾ ਚਲਿਆ ਕਿ ਨਾਨਕ ਸਿੰਘ ਵੀ ਪਾਕ ਦੀ ਕੋਟ ਲਖਪਤ ਜੇਲ੍ਹ ਵਿੱਚ ਬੰਦ ਹੈ ।
ਸੂਚੀ ਦੇ ਮੁਤਾਬਕ ਨਾਨਕ ਸਿੰਘ ਦੇ ਪਿਤਾ ਦਾ ਨਾਮ, ਪਤਾ ਸਮੇਤ ਬਾਕੀ ਜਾਣਕਾਰੀ ਉਹੀ ਸੀ ਪਰ ਉਸਦਾ ਨਾਮ ਬਦਲ ਕੇ ਨਾਨਕ ਸਿੰਘ ਦੀ ਬਜਾਏ ਕੱਕੜ ਸਿੰਘ ਰੱਖਿਆ ਹੋਇਆ ਸੀ। ਇੱਕ ਸੰਸਥਾ ਨੇ ਰਿਹਾਈ ਦੀਆਂ ਕੋਸ਼ਿਸ਼ਾਂ ਦੇ ਚਲਦਿਆਂ ਉੱਥੇ ਇੱਕ ਵਕੀਲ ਵੀ ਕੀਤਾ ਪਰ ਨਾਮ ਬਦਲਿਆ ਹੋਣ ਕਾਰਨ ਗੱਲ ਫਿਰ ਸਿਰੇ ਨਹੀਂ ਚੜ੍ਹ ਸਕੀ ।
ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਬੇਟੇ ਦਾ ਨਾਮ ਵੀ ਠੀਕ ਉਸੇ ਤਰ੍ਹਾਂ ਹੀ ਬਦਲਿਆ ਗਿਆ ਜਿਵੇਂ ਸਰਬਜੀਤ ਸਿੰਘ ਦਾ ਨਾਮ ਬਦਲ ਦਿੱਤਾ ਸੀ। ਉਨ੍ਹਾਂ ਨੂੰ ਸ਼ੱਕ ਹੈ ਕਿ ਗੁਆਂਢੀ ਮੁਲਕ ਨਾਨਕ ਸਿੰਘ ਦੇ ਨਾਲ ਵੀ ਸਰਬਜੀਤ ਸਿੰਘ ਵਰਗਾ ਹੀ ਸਲੂਕ ਕਰ ਸਕਦਾ ਹੈ। ਪਿਤਾ ਰਤਨ ਸਿੰਘ ਅਤੇ ਮਾਂ ਪਿਆਰੀ ਦੀ ਇੱਛਾ ਹੈ ਕਿ ਮਰਨ ਤੋਂ ਪਹਿਲਾਂ ਇੱਕ ਵਾਰ ਉਹ ਆਪਣੇ ਪੁੱਤ ਨੂੰ ਜੀਅ ਭਰਕੇ ਵੇਖ ਲਵੇ।
ਉਥੇ ਹੀ ਪਿੰਡ ਵਾਲਿਆਂ ਨੂੰ ਸਮਝ ਨਹੀਂ ਆ ਰਿਹਾ ਕਿ ਆਖਰ ਕਿਸ ਜੁਰਮ ਵਿੱਚ ਨਾਨਕ ਸਿੰਘ ਨੂੰ ਜੇਲ੍ਹ ਵਿੱਚ ਪਾਇਆ ਗਿਆ। ਜਦੋਂ ਉਹ ਸਰਹੱਦ ਪਾਰ ਕਰ ਗਿਆ ਸੀ ਤਾਂ ਉਦੋਂ ਸਿਰਫ਼ 7 ਸਾਲ ਦਾ ਸੀ ਅਤੇ 7 ਸਾਲ ਦਾ ਬੱਚਾ ਤਾਂ ਅੱਤਵਾਦੀ ਵੀ ਨਹੀਂ ਹੋ ਸਕਦਾ। ਪਰਿਵਾਰ ਨੇ ਭਾਰਤ ਸਰਕਾਰ ਨੂੰ ਕਈ ਪੱਤਰ ਲਿਖੇ ਪਰ ਅੱਜ ਤੱਕ ਕਿਸੇ ਵੀ ਸਰਕਾਰ ਨੇ ਉਨ੍ਹਾਂ ਦੀ ਸੁਣਵਾਈ ਨਹੀਂ ਕੀਤੀ।