ਚੰਡੀਗੜ੍ਹ: ਦਿੱਲੀ ਲਾਲ ਕਿਲ੍ਹਾ ਹਿੰਸਾ ਮਾਮਲੇ ਵਿੱਚ ਕਰਾਈਮ ਬ੍ਰਾਂਚ ਦੀ ਟੀਮ ਨੂੰ ਇੱਕ ਵੱਡੀ ਕਾਮਯਾਬੀ ਹੱਥ ਲੱਗੀ ਹੈ। ਹਰਿਆਣਾ ਦੇ ਕਰਨਾਲ ‘ਚ ਰਹਿਣ ਵਾਲੇ ਸੁਖਦੇਵ ਸਿੰਘ ਦਿੱਲੀ ਪੁਲੀਸ ਦੀ ਕ੍ਰਾਈਮ ਬ੍ਰਾਂਚ ਨੂੰ ਲਾਲ ਕਿਲ੍ਹਾ ਹਿੰਸਾ ਮਾਮਲੇ ਵਿੱਚ ਲੋੜੀਂਦਾ ਸੀ, ਜਿਸਨੂੰ ਅੱਜ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਚੰਡੀਗੜ੍ਹ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਚੰਡੀਗੜ੍ਹ ਤੋਂ ਸੁਖਦੇਵ ਸਿੰਘ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਉਸ ਨੂੰ ਕ੍ਰਾਈਮ ਬ੍ਰਾਂਚ ਦੀ ਟੀਮ ਪੁੱਛਗਿੱਛ ਦੇ ਲਈ ਦਿੱਲੀ ਲੈ ਗਈ ਹੈ।
ਸੁਖਦੇਵ ਸਿੰਘ ਦੀ ਗ੍ਰਿਫ਼ਤਾਰੀ ਦੌਰਾਨ ਕ੍ਰਾਈਮ ਬ੍ਰਾਂਚ ਦੀ ਟੀਮ ਨੂੰ ਇੱਕ ਖ਼ੁਫ਼ੀਆ ਜਾਣਕਾਰੀ ਮਿਲੀ ਸੀ ਕਿ ਉਹ ਚੰਡੀਗੜ੍ਹ ਦੇ ਵਿੱਚ ਮੌਜੂਦ ਹੈ ਜਿਸ ਤੋਂ ਬਾਅਦ ਕ੍ਰਾਈਮ ਬ੍ਰਾਂਚ ਨੇ ਚੰਡੀਗੜ੍ਹ ਪੁਲੀਸ ਨੂੰ ਸੰਪਰਕ ਕੀਤਾ ਅਤੇ ਸੁਖਦੇਵ ਸਿੰਘ ਨੂੰ ਇੰਡਸਟਰੀਅਲ ਏਰੀਆ ਫੇਜ਼ 1 ‘ਚ ਸੈਂਟਰਾ ਮਾਲ ਨੇੜ੍ਹਿਓਂ ਦਬੋਚ ਲਿਆ।
26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਕਿਸਾਨਾਂ ਵੱਲੋਂ ਟਰੈਕਟਰ ਮਾਰਚ ਕੱਢਿਆ ਗਿਆ ਸੀ ਜਿਸ ਦੌਰਾਨ ਕੁਝ ਲੋਕਾਂ ਨੇ ਪੁਲੀਸ ਦੀਆਂ ਸਾਰੀਆਂ ਰੋਕਾਂ ਤੋੜਦੇ ਹੋਏ ਲਾਲ ਕਿਲ੍ਹੇ ਵੱਲ ਕੂਚ ਕੀਤਾ ਸੀ। ਇੱਥੇ ਪਹੁੰਚ ਕੇ ਲਾਲ ਕਿਲ੍ਹੇ ‘ਤੇ ਕੇਸਰੀ ਝੰਡਾ ਫਹਿਰਾ ਦਿੱਤਾ ਸੀ। ਜਿਸ ਤੋਂ ਬਾਅਦ ਪੁਲੀਸ ਨੇ ਕਾਰਵਾਈ ਕਰਦੇ ਹੋਏ ਇਸ ਹਿੰਸਾ ਮਾਮਲੇ ਵਿੱਚ ਦੇਸ਼ਧ੍ਰੋਹ ਸਮੇਤ ਯੂਏਪੀਏ ਦੀ ਧਾਰਾ ਜੋੜ ਦਿੱਤੀ ਹੈ।