ਟੋਰਾਂਟੋ : ਕੈਨੇਡਾ ਦੇ ਨਿਆਗਰਾ ਫਾਲਜ਼ ਇਲਾਕੇ ਵਿੱਚ ਘੁੰਮਣ ਗਏ ਤਿੰਨ ਭਾਰਤੀ ਨੌਜਵਾਨ ਦਰਿਆ ਦੇ ਤੇਜ਼ ਪਾਣੀ ਵਿੱਚ ਰੁੜ੍ਹ ਗਏ ਜਿਨ੍ਹਾਂ ‘ਚੋਂ ਇੱਕ ਮੁਟਿਆਰ ਦੀ ਲਾਸ਼ ਬਰਾਮਦ ਹੋ ਗਈ ਹੈ, ਜਦਕਿ ਦੋ ਹਾਲੇ ਲਾਪਤਾ ਦੱਸੇ ਜਾ ਰਹੇ ਹਨ। ਲਾਪਤਾ ਨੌਜਵਾਨਾਂ ‘ਚੋਂ ਇਕ ਕੇਰਲ ਅਤੇ ਦੂਜਾ ਆਂਧਰਾ ਪ੍ਰਦੇਸ਼ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ। ਨਿਆਗਰਾ ਰੀਜਨਲ ਪੁਲੀਸ ਵੱਲੋਂ ਲਾਪਤਾ ਨੌਜਵਾਨਾਂ ਦੀ ਸ਼ਨਾਖਤ ਜਨਤਕ ਨਹੀਂ ਕੀਤੀ ਗਈ, ਪਰ ਇਨ੍ਹਾਂ ‘ਚੋਂ ਇੱਕ ਕੋਲਮ ਸ਼ਹਿਰ ਨਾਲ ਸਬੰਧਤ ਆਨੰਥੂ ਕ੍ਰਿਸ਼ਨਾ ਦੱਸਿਆ ਜਾ ਰਿਹਾ ਹੈ ਜੋ ਕਿ ਇੰਜੀਨੀਅਰ ਦੀ ਪੜ੍ਹਾਈ ਕਰ ਰਿਹਾ ਸੀ। ਕ੍ਰਿਸ਼ਨਾ ਆਪਣੇ ਦੋਸਤਾਂ ਨਾਲ ਨਿਆਗਰਾ ਵੈਲੀ ਪਹੁੰਚਿਆ ਸੀ ਜਿੱਥੇ ਉਸ ਦੀ ਇੱਕ ਮਹਿਲਾ ਦੋਸਤ ਤਸਵੀਰਾਂ ਖਿੱਚਦੇ ਸਮੇਂ ਅਚਾਨਕ ਪਾਣੀ ਵਿੱਚ ਰੁੜ੍ਹ ਗਈ। ਉਸ ਨੂੰ ਬਚਾਉਣ ਲਈ ਆਨੰਥੂ ਕ੍ਰਿਸ਼ਨਾ ਨੇ ਵੀ ਪਿੱਛੇ ਛਾਲ ਮਾਰ ਦਿੱਤੀ।

ਐਮਰਜੈਂਸੀ ਦਸਤੇ ਨੇ ਕ੍ਰਿਸ਼ਨਾ ਦੀ ਮਹਿਲਾ ਦੋਸਤ ਨੂੰ ਬਾਹਰ ਕੱਢ ਲਿਆ ਜਿਸ ਨੇ ਬਾਅਦ ‘ਚ ਦਮ ਤੋੜ ਦਿੱਤਾ, ਪਰ ਕ੍ਰਿਸ਼ਨਾ ਦਾ ਹਾਲੇ ਤੱਕ ਕੁਝ ਪਤਾ ਨਹੀਂ ਲੱਗ ਸਕਿਆ। ਨਿਆਗਰਾ ਰੀਜਨਲ ਪੁਲੀਸ ਮੁਤਾਬਕ ਪਾਣੀ ‘ਚੋਂ ਕੱਢੀ ਗਈ ਮੁਟਿਆਰ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਕੁਝ ਸਮੇਂ ਬਾਅਦ ਡਾਕਟਰਾਂ ਨੇ ਉਸ ਨੂੰ ਮ੍ਰਿਤ ਐਲਾਨ ਦਿੱਤਾ। ਉੱਥੇ ਹੀ ਨਿਆਗਰਾ ਪੁਲੀਸ ਕੈਨੇਡੀਅਨ ਕੋਸਟ ਗਾਰਡ ਅਤੇ ਅਮਰੀਕਾ ਦੇ ਕੋਸਟ ਗਾਰਡ ਵਲੋਂ ਆਨੰਥੂ ਕ੍ਰਿਸ਼ਨਾਂ ਦੀ ਭਾਲ ਕੀਤੀ ਜਾ ਰਹੀ ਹੈ।

ਉੱਥੇ ਹੀ ਹੀ ਦੂਜੇ ਪਾਸੇ ਵਿਸ਼ਾਖਾਪਟਨਮ ਸ਼ਹਿਰ ਨਾਲ ਸਬੰਧਤ 26 ਸਾਲ ਦਾ ਅਵਿਨਾਸ਼ ਵੀ ਆਪਣੇ ਦੋਸਤਾਂ ਨਾਲ ਨਿਆਗਰਾ ਘੁੰਮਣ ਗਿਆ ਸੀ ਅਤੇ ਅਚਾਨਕ ਲਾਪਤਾ ਹੋ ਗਿਆ। ਅਵਿਨਾਸ਼ ਤੇ ਪਿਤਾ ਨੇ ਦੱਸਿਆ ਕਿ ਪੁਲੀਸ ਨੂੰ ਉਸ ਦੀ ਕਾਰ, ਆਈਡੀ ਕਾਰਡ, ਮੋਬਾਇਲ ਫੋਨ ਅਤੇ ਕੱਪੜੇ ਬਰਾਮਦ ਹੋ ਗਏ ਹਨ, ਪਰ ਉਹ ਹਾਲੇ ਤੱਕ ਲਾਪਤਾ ਹੈ।