ਤਿੰਨ ਸਾਬਕਾ ਜੱਜ ਤੇ ਕਈ ਸਾਬਕਾ ਵੱਡੇ ਅਧਿਕਾਰੀ ਕਿਰਤੀ ਕਿਸਾਨ ਸ਼ੇਰੇ ਪੰਜਾਬ ਪਾਰਟੀ ਵਿੱਚ ਸ਼ਾਮਲ

TeamGlobalPunjab
2 Min Read

ਚੰਡੀਗੜ੍ਹ :(ਦਰਸ਼ਨ ਸਿੰਘ ਖੋਖਰ): ਕਿਰਤੀ ਕਿਸਾਨ ਸ਼ੇਰੇ- ਏ -ਪੰਜਾਬ ਪਾਰਟੀ ਨੂੰ ਅੱਜ ਉਸ ਵੇਲੇ ਵੱਡਾ ਹੁਲਾਰਾ ਮਿਲਿਆ ਜਦੋਂ 3 ਸਾਬਕਾ ਜੱਜ, ਕੁਝ ਸਾਬਕਾ ਫੌਜੀ ਅਫਸਰਾਂ ਇਕ ਸਾਬਕਾ ਏਡੀਜੀਪੀ ਅਤੇ ਹੋਰ ਕਈ ਸਾਬਕਾ ਅਧਿਕਾਰੀਆਂ ਨੇ ਇਸ ਪਾਰਟੀ ਵਿੱਚ ਸ਼ਮੂਲੀਅਤ ਕੀਤੀ।

ਪਾਰਟੀ ਪ੍ਰਧਾਨ ਚੰਨਣ ਸਿੰਘ ਸਿੱਧੂ ਅਤੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਆਈ ਏ ਐਸ , ਐੱਸ ਆਰ ਲੱਧੜ ਨੇ ਇਸ ਮੌਕੇ ਕਿਹਾ ਕਿ ਪੰਜਾਬ ਦੇ ਲੋਕ ਸਿਆਸੀ ਬਦਲ ਦੀ ਤਲਾਸ਼ ਵਿੱਚ ਹਨ । ਵਧੀਆ ਸਿਆਸੀ ਬਦਲ ਕਿਰਤੀ ਕਿਸਾਨ ਸ਼ੇਰੇ ਪੰਜਾਬ ਪਾਰਟੀ ਹੀ ਦੇ ਸਕਦੀ ਹੈ।

ਇਸ ਮੌਕੇ ਕੈਪਟਨ ਚੰਨਣ ਸਿੰਘ ਸਿੱਧੂ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਵੀ ਬੋਲਦੇ ਤਾਂ ਬਥੇਰਾ ਹਨ ਪਰ ਅਮਲੀ ਤੌਰ ‘ਤੇ ਕੁਝ ਨਹੀਂ ਕਰਦੇ। ਉਨ੍ਹਾਂ ਸਾਬਕਾ ਆਈਪੀਐਸ ਅਧਿਕਾਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਆਮ ਆਦਮੀ ਪਾਰਟੀ ਵਿੱਚ ਕੀਤੀ ਸ਼ਮੂਲੀਅਤ ‘ਤੇ ਵੀ ਸਵਾਲ ਖੜ੍ਹੇ ਕੀਤੇ ਅਤੇ ਕਿਹਾ ਕਿ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਵੀ ਕੋਟਕਪੂਰਾ ਅਤੇ ਬੇਅਦਬੀ ਮਾਮਲੇ ਦੀ ਜਾਂਚ ਸਹੀ ਤਰੀਕੇ ਨਾਲ ਨਹੀਂ ਕੀਤੀ ਜਿਸ ਕਾਰਨ ਇਨਸਾਫ਼ ਵਿੱਚ ਦੇਰੀ ਹੋਈ ਹੈ। ਸਿੱਧੂ ਨੇ ਕਿਹਾ ਕਿ ਪੰਜਾਬ ਵਿੱਚ ਮਾਫੀਆ ਰਾਜ ਦਾ ਖ਼ਾਤਮਾ ਕਰਕੇ ਪੰਜਾਬ ਨੂੰ ਤਰੱਕੀ ਵੱਲ ਲਿਜਾਇਆ ਜਾ ਸਕਦਾ ਹੈ ਅਤੇ ਪੰਜਾਬ ‘ਚ ਤਰੱਕੀ ਦੇ ਨਵੇਂ ਦਿਸਹੱਦੇ ਖੋਲ੍ਹਣ ਵਾਸਤੇ ਚੰਗੀ ਖੇਤੀ ਅਤੇ ਉਦਯੋਗਿਕ ਕ੍ਰਾਂਤੀ ਦੀ ਜ਼ਰੂਰਤ ਹੈ ਜੋ ਉਨ੍ਹਾਂ ਦੀ ਪਾਰਟੀ ਲੈ ਕੇ ਆਵੇਗੀ।

ਇਸ ਪਾਰਟੀ ਵਿੱਚ ਸਾਬਕਾ ਏਡੀਜੀਪੀ ਮਹਾਂਰਾਸ਼ਟਰ ਸੁਰਿੰਦਰ ਕੁਮਾਰ, ਤਿੰਨ ਸਾਬਕਾ ਜੱਜ ਡੀ.ਐਸ. ਮਲਵਈ, ਹਰਜਿੰਦਰਪਾਲ ਸਿੰਘ ਅਤੇ ਬਲਦੇਵ ਸਿੰਘ, ਸਾਬਕਾ ਬ੍ਰਿਗੇਡੀਅਰ ਨਰਿੰਦਰ ਸਿੰਘ ਤੇ ਹਰਵੰਤ ਸਿੰਘ, ਸਾਬਕਾ ਚੀਫ ਇੰਜਨੀਅਰ ਜੇ ਜੇ ਕੁਮਾਰ, ਸੂਬੇਦਾਰ ਮੇਜਰ ਰਣਜੀਤ ਸਿੰਘ, ਮੁਹੰਮਦ ਸੁਲੇਮਾਨ, ਨਿਗਰਾਨ ਇੰਜਨੀਅਰ ਅਤੇ ਇੱਕ ਦਰਜਨ ਹੋਰਨਾਂ ਸਾਬਕਾ ਅਧਿਕਾਰੀਆਂ ਨੇ ਇਸ ਪਾਰਟੀ ਵਿੱਚ ਸ਼ਮੂਲੀਅਤ ਕੀਤੀ।

Share This Article
Leave a Comment