ਅੰਮ੍ਰਿਤਸਰ: ਜ਼ਿਲ੍ਹੇ ਦੇ ਸੁਲਤਾਨਵਿੰਡ ਰੋਡ ‘ਤੇ ਸਥਿਤ ਗੁਰੂ ਨਾਨਕ ਪੁਰਾ ਦੀ ਗਲੀ ਨੰਬਰ 2 ਵਿੱਚ ਭਾਰੀ ਬਰਸਾਤ ਕਾਰਨ ਵੀਰਵਾਰ ਅੱਧੀ ਰਾਤ ਨੂੰ ਤਿੰਨ ਮੰਜ਼ਿਲਾ ਇਮਾਰਤ ਢਹਿਢੇਰੀ ਹੋ ਗਈ। ਹਾਦਸੇ ਵਿੱਚ 8 ਸਾਲਾ ਬੱਚੇ ਸਣੇ ਤਿੰਨ ਲੋਕਾਂ ਦੀ ਮੌਤ ਹੋਈ ਹੈ।
ਆਸਪਾਸ ਦੇ ਲੋਕਾਂ ਨੇ ਤੁਰੰਤ ਮੌਕੇ ‘ਤੇ ਬਚਾਅ ਕਾਰਜ ਸ਼ੁਰੂ ਕੀਤਾ ਅਤੇ 10 ਦੇ ਲਗਭਗ ਲੋਕਾਂ ਨੂੰ ਮਲਬੇ ‘ਚੋਂ ਕਿਸੇ ਤਰ੍ਹਾਂ ਬਾਹਰ ਕੱਢਿਆ। ਹਾਲਾਂਕਿ ਘਟਨਾ ਵਾਰੇ ਪਤਾ ਚਲਦੇ ਹੀ ਬੀ ਡਿਵੀਜ਼ਨ ਥਾਣੇ ਦੀ ਪੁਲਿਸ ਅਤੇ ਦਮਕਲ ਵਿਭਾਗ ਮੌਕੇ ‘ਤੇ ਪਹੁੰਚ ਗਿਆ ਸੀ, ਪਰ ਮਲਬਾ ਹਟਾਉਣ ‘ਚ ਹੋਈ ਦੇਰੀ ਕਾਰਨ 8 ਸਾਲਾ ਬੱਚੇ ਅਤੇ ਉਸਦੇ ਪਿਤਾ ਦੀ ਮੌਤ ਹੋ ਚੁੱਕੀ ਸੀ।
ਗਰਾਉਂਡ ਫਲੋਰ ‘ਤੇ ਰਹਿ ਰਹੇ 70 ਸਾਲਾ ਬਜ਼ੁਰਗ ਵੀ ਮਲਬੇ ਵਿੱਚ ਦਬ ਗਏ, ਜਦੋਂ ਤੱਕ ਦਮਕਲ ਵਿਭਾਗ ਦੀ ਟੀਮ ਖੁਦਾਈ ਕਰਦੇ ਹੋਏ ਹੇਠਾਂ ਪਹੁੰਚੀ ਉਨ੍ਹਾਂ ਦੀ ਵੀ ਮੌਤ ਹੋ ਚੁੱਕੀ ਸੀ।
ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਇਸ ਇਮਾਰਤ ਵਿੱਚ 4 ਪਰਿਵਾਰ ਕਿਰਾਏ ‘ਤੇ ਰਹਿ ਰਹੇ ਸਨ। ਲੋਕਾਂ ਨੇ ਦੋ ਬੱਚੀਆਂ ਅਤੇ ਇੱਕ ਮਹਿਲਾ ਨੂੰ ਕਿਸੇ ਤਰ੍ਹਾਂ ਕੰਧ ਤੋੜ ਕੇ ਬਚਾਇਆ।