Home / ਓਪੀਨੀਅਨ / 26 ਦੇ ਕਿਸਾਨ ਸੱਦੇ ਨੂੰ ਭਰਵਾਂ ਹੁੰਗਾਰਾ! ਕੀ ਭਾਜਪਾ ਕੰਧ ‘ਤੇ ਲਿਖਿਆ ਪੜ੍ਹੇਗੀ?

26 ਦੇ ਕਿਸਾਨ ਸੱਦੇ ਨੂੰ ਭਰਵਾਂ ਹੁੰਗਾਰਾ! ਕੀ ਭਾਜਪਾ ਕੰਧ ‘ਤੇ ਲਿਖਿਆ ਪੜ੍ਹੇਗੀ?

-ਜਗਤਾਰ ਸਿੰਘ ਸਿੱਧੂ:  ਵੱਖ-ਵੱਖ ਰਾਜਸੀ ਦਲਾਂ ਵਲੋਂ 26 ਮਈ ਦੇ ਕਿਸਾਨਾਂ ਵਲੋਂ ਕੌਮੀ ਪੱਧਰ ‘ਤੇ ਕਾਲਾ ਦਿਵਸ ਮਨਾਉਣ ਦੇ ਸੱਦੇ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ। ਭਾਜਪਾ ਨੂੰ ਸਭ ਤੋਂ ਤਾਜ਼ਾ ਅਤੇ ਕਰਾਰੀ ਹਾਰ ਦੇਣ ਵਾਲੀ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਸਮੇਤ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਸੂਬਾਈ ਸਰਕਾਰਾਂ ਅਤੇ ਰਾਜਸੀ ਧਿਰਾਂ ਨੇ ਕਿਸਾਨ ਜਥੇਬੰਦੀਆਂ ਦੇ ਸੰਘਰਸ਼ ਦੀ ਹਮਾਇਤ ਵਿਚ ਦਿੱਤੇ ਸੱਦੇ ਨੂੰ ਭਰਵਾਂ ਹੁੰਗਾਰਾ ਦਿੱਤਾ ਹੈ। ਇਸ ਵਿਚ ਕਾਂਗਰਸ ਪਾਰਟੀ ਸਮੇਤ ਕਈ ਖੇਤਰੀ ਪਾਰਟੀਆਂ ਦੀ ਹਮਾਇਤ ਹਾਸਲ ਹੈ।

ਉਂਜ ਤਾਂ ਕਿਸਾਨ ਜਥੇਬੰਦੀਆਂ ਦੇ ਅੰਦੋਲਨ ਨੂੰ ਪਹਿਲਾਂ ਵੀ ਦੇਸ਼ ਦੇ ਸਾਰੇ ਹਿਸਿਆਂ ਵਿਚੋਂ ਹਮਾਇਤ ਮਿਲ ਰਹੀ ਹੈ ਪਰ ਇਹ ਪਹਿਲਾ ਮੌਕਾ ਹੈ ਜਦੋਂ ਕਈ ਰਾਜਸੀ ਧਿਰਾਂ ਨੇ ਆਪਣੇ ਮਤਭੇਦਾਂ ਤੋਂ ਉਪਰ ਉੱਠ ਕੇ 26 ਮਈ ਦੇ ਕਿਸਾਨ ਸੱਦੇ ਨੂੰ ਸਮਰਥਨ ਦਿੱਤਾ ਹੈ। ਇਸ ਨਾਲ ਇਹ ਵੀ ਸਪਸ਼ਟ ਸੁਨੇਹਾ ਦਿੱਤਾ ਹੈ ਕਿ ਪੰਜਾਬ ਵਿਚੋਂ ਉਠੇ ਕਿਸਾਨ ਅੰਦੋਲਨ ਨੂੰ ਹੁਣ ਪੂਰੇ ਮੁਲਕ ਦੇ ਲੋਕਾਂ ਨੇ ਆਪਣੇ ਕਲਾਵੇ ਵਿਚ ਲੈ ਲਿਆ ਹੈ। ਭਾਜਪਾ ਦੀਆਂ ਇਹ ਦਲੀਲਾਂ ਰੱਦ ਹੋ ਗਈਆਂ ਹਨ ਕਿ ਇਹ ਅੰਦੋਲਨ ਪੰਜਾਬ ਜਾਂ ਹਰਿਆਣਾ ਦੇ ਕੁਝ ਹਿੱਸੇ ਦੇ ਕਿਸਾਨਾ ਦਾ ਹੈ।

ਕੇਂਦਰ ਦੀ ਮੋਦੀ ਸਰਕਾਰ ਨੇ ਤਿੰਨ ਕਾਲੇ ਖੇਤੀ ਕਾਨੂੰਨਾਂ ਦੇ ਹੱਕ ਵਿਚ ਰਾਤੋ-ਰਾਤ ਕੁਝ ਕਿਸਾਨਾ ਜਥੇਬੰਦੀਆਂ ਵੀ ਖੜੀਆਂ ਕਰ ਲਈਆਂ ਪਰ ਇਸ ਨਾਲ ਅੰਦੋਲਨ ਨੂੰ ਢਾਹ ਨਾ ਲਾ ਸਕੀਆਂ। ਖਾਲਿਸਤਾਨੀ ਅਤੇ ਨਕਸਲੀ ਪੈਤੜੇਂ, ਦੇਸ਼ ਵਿਰੋਧੀ ਫਤਵਾ ਦੇਣ ਅਤੇ ਹੋਰ ਕਈ ਤਰ੍ਹਾਂ ਦੇ ਦੂਸ਼ਣ ਅੰਦੋਲਨ ਦੀ ਅੱਗ ਦੀ ਭੱਠੀ ਵਿਚ ਰਾਖ ਹੋ ਗਏ।

ਹੁਣ ਕਰੋਨਾ ਮਹਾਮਾਰੀ ਦਾ ਨਵਾਂ ਪੈਤੜਾਂ ਸ਼ੁਰੂ ਹੋ ਗਿਆ ਹੈ। ਇਸ ਬਾਰੇ ਕੋਈ ਦੋਰ ਰਾਏ ਨਹੀਂ ਹੈ ਕਿ ਕੋਰੋਨਾਂ ਦੀ ਮਹਾਮਾਰੀ ਨਾਲ ਦੁਨੀਆਂ ਪੀੜਤ ਹੈ ਅਤੇ ਭਾਰਤ ਵਿਚ ਤਾਂ ਵੱਡੀ ਮਾਰ ਪਈ ਹੈ। ਪਰ ਕੀ ਭਾਰਤ ਵਿਚ ਕੋਰੋਨਾਂ ਦੀ ਮਾਰ ਲਈ ਕਿਸਾਨ ਜਿੰਮੇਵਾਰ ਹਨ?ਜਿਹੜੇ ਦਿਉਕੱਦ ਸ਼ਹਿਰਾਂ ਅਤੇ ਕਾਲੋਨੀਆਂ ਵਿਚ ਸਭ ਤੋਂ ਵੱਡੀ ਮਾਰ ਪਈ ਹੈ ਉਥੇ ਤਾਂ ਕਿਸਾਨ ਰਹਿੰਦਾ ਹੀ ਨਹੀਂ। ਫਿਰ ਇਸ ਬਿਮਾਰੀ ਨੂੰ ਸਾਲ ਤੋਂ ਵਧੇਰੇ ਸਮਾਂ ਨਿਕਲ ਚੁੱਕਾ ਹੈ ਤਾਂ ਸਰਕਾਰ ਨੇ ਇਸ ਦੀ ਰੋਕਥਾਮ ਲਈ ਵਿਆਪਕ ਉਪਰਾਲੇ ਕਿਉਂ ਨਹੀਂ ਕੀਤੇ?

ਕਿਸਾਨਾਂ ਦਾ ਕਹਿਣਾ ਹੈ ਕਿ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਲਈ ਮੋਦੀ ਸਰਕਾਰ ਕੋਰੋਨਾ ਦਾ ਹਥਿਆਰ ਇਸਤੇਮਾਲ ਕਰ ਰਹੀ ਹੈ ਪਰ ਉਹ ਡਰਨ ਵਾਲੇ ਨਹੀਂ ਹਨ ਅਤੇ ਨਾਂ ਹੀ ਘਰਾਂ ਨੂੰ ਪਰਤਨ ਵਾਲੇ ਹਨ। ਹੈਰਾਨੀ ਤਾਂ ਇਹ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਰੋਨਾ ਨੂੰ ਕਿਸਾਨਾ ਵਿਰੁੱਧ ਵਰਤਨਾ ਸ਼ੁਰੂ ਕਰ ਦਿਤਾ ਹੈ। ਕੀ ਕਿਸਾਨ ਅੰਦੋਲਨ ਦਾ ਨਾਂ ਲੈ ਕੇ ਕੈਪਟਨ ਸਰਕਾਰ ਸਿਹਤ ਢਾਂਚੇ ਦੀਆਂ ਵੱਡੀਆਂ ਖਾਮੀਆਂ ਤੋਂ ਦੋਸ਼ਮੁਕਤ ਹੋ ਜਾਵੇਗੀ? ਹੁਣ ਨਵਜੋਤ ਸਿੱਧੂ ਨੇ ਵੀ ਆਪਣੇ ਘਰ ‘ਤੇ ਕਿਸਾਨਾ ਦੀ ਹਮਾਇਤ ਵਿਚ ਕਾਲਾ ਝੰਡਾ ਲਹਿਰਾ ਦਿੱਤਾ ਹੈ। ਪੰਜਾਬ ਦੀਆਂ ਦੂਜੀਆਂ ਰਾਜਸੀ ਧਿਰਾਂ ਨੇ ਵੀ ਇਸ ਅੰਦੋਲਨ ਦੀ ਹਮਾਇਤ ਕੀਤੀ ਹੈ। ਕਿਸਾਨ ਅੰਦੋਲਨ ਦੀ ਹਮਾਇਤ ਵਿੱਚ ਨਵਜੋਤ ਸਿੰਘ ਸਿੱਧੂ ਨੇ ਆਪਣੀ ਪਟਿਆਲਾ ਵਿਚਲੀ ਯਾਦਵਿੰਦਰਾ ਕਲੋਨੀ ਵਿਚ ਕੋਠੀ ਦੇ ਬਨੇਰੇ ਉਪਰ ਕਾਲਾ ਝੰਡਾ ਚੜ੍ਹਾ ਕੇ ਇਕ ਸਬੂਤ ਪੇਸ਼ ਕੀਤਾ ਹੈ। ਇਸ ਸਮੇਂ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਵੀ ਹਾਜ਼ਰ ਸਨ। ਝੰਡਾ ਲਹਿਰਾਉਣ ਸਬੰਧੀ ਨਵਜੋਤ ਸਿੱਧੂ ਵੱਲੋਂ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵੀ ਅਪਲੋਡ ਕੀਤੀ ਗਈ ਜਿਸ ਵਿੱਚ ਨਵਜੋਤ ਸਿੱਧੂ ਕਹਿ ਰਹੇ ਕਿ ਹਕੂਮਤ ਦੀਆਂ ਮਾਰੂ ਨੀਤੀਆਂ ਦੇ ਕਾਰਨ ਛੋਟੇ ਤੋਂ ਵੱਡੇ ਕਿਸਾਨ ਮੁਸ਼ਕਲਾਂ ਝੱਲ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਉਡੀਕਦਾ ਹੈ ਅਤੇ ਪੰਜਾਬ ਦੀ ਕਿਸਾਨੀ ਉਡੀਕਦੀ ਹੈ ਕਿ ਪੰਜਾਬ ਕਦੋਂ ਖੁਦਮੁਖਤਾਰੀ ਦੇ ਰਾਹ ਚੱਲੇਗਾ। ਕ੍ਰਿਕਟਰ ਤੋਂ ਸਿਆਸਤਦਾਨ ਬਣੇ ਸਿੱਧੂ ਆਖ ਰਹੇ ਹਨ ਕਿ ਢਾਈ ਦਹਾਕਿਆਂ ਤੋਂ ਪੰਜਾਬ ਅੰਦਰ ਵਧ ਰਿਹਾ ਕਰਜ਼ਾ, ਘਟ ਰਹੀ ਆਮਦਨ ਤੇ ਘਟ ਰਹੀ ਉਪਜ ਹਰ ਛੋਟੇ ਤੋਂ ਵੱਡੇ ਕਿਸਾਨ ਨੂੰ ਸੰਘਰਸ਼ ਲਈ ਮਜਬੂਰ ਕਰ ਰਹੀ ਹੈ।

 

ਕੇਂਦਰ ਸਰਕਾਰ ਵੱਲੋਂ ਥੋਪੇ ਗਏ ਤਿੰਨ ਕਾਲੇ ਖੇਤੀ ਵਿਰੋਧੀ ਕਾਨੂੰਨਾਂ ਦੀ ਆਲੋਚਨਾ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਕਾਨੂੰਨ ਪਹਿਲਾਂ ਤੋਂ ਹੀ ਗੰਭੀਰ ਸੰਕਟ ਵਿੱਚੋਂ ਲੰਘ ਰਹੀ ਕਿਸਾਨੀ ਨੂੰ ਡੋਬਣ ਲਈ ਲਿਆਂਦੇ ਗਏ ਹਨ। ਇਹ ਕਾਨੂੰਨ ਨਾ ਸਿਰਫ਼ ਕਿਸਾਨ, ਬਲਕਿ ਛੋਟੇ ਵਪਾਰੀ ਅਤੇ ਮਜ਼ਦੂਰ ਦੀ ਰੋਜ਼ੀ ਰੋਟੀ ’ਤੇ ਵੀ ਲੱਤ ਮਾਰ ਰਹੇ ਹਨ ਜਿਸ ਖਿਲਾਫ ਦੇਸ਼ ਭਰ ਦੇ ਕਿਸਾਨਾਂ ਵੱਲੋਂ ਦਿੱਲੀ ਦੀਆਂ ਬਰੂਹਾਂ ’ਤੇ ਛੇ ਮਹੀਨਿਆਂ ਤੋਂ ਧਰਨੇ ਦੇਣ ਲਈ ਮਜਬੂਰ ਹਨ।

ਕੀ ਭਾਜਪਾ ਕੰਧ ‘ਤੇ ਲਿਖਿਆ ਪੜ੍ਹੇਗੀ? ਕਿਸਾਨ ਅੰਦੋਲਨ ਚਲਾ ਰਹੀਆਂ ਜਥੇਬੰਦੀਆਂ ਅਤੇ ਉਹਨਾਂ ਦੇ ਹਮਾੲਤੀ ਪਿਛਲੇ 6 ਮਹੀਨੇ ਤੋਂ ਇਸ ਜਵਾਬ ਦਾ ਸਬਰ ਨਾਲ ਇੰਤਜ਼ਾਰ ਕਰ ਰਹੇ ਹਨ।

Check Also

ਮੋਦੀ ਸਰਕਾਰ ਨੇ ਧੱਕੇ-ਜ਼ੋਰੀ ਪਾਸ ਕੀਤੇ ਖੇਤੀ ਬਿੱਲ; ਬਾਦਸ਼ਾਹ ਸਲਾਮਤ ਨੇ ਕੀਤੇ ਰੱਦ

-ਗੁਰਮੀਤ ਸਿੰਘ ਪਲਾਹੀ; ‘ਚਿੜੀਓ ਜੀ ਪਓ, ਚਿੜੀਓ ਮਰ ਜਾਓ’ ਦਾ ਵਰਤਾਰਾ ਮੋਦੀ ਸਰਕਾਰ ਨੇ ਜਿਸ …

Leave a Reply

Your email address will not be published. Required fields are marked *