ਹੈਲੀਫੈਕਸ: ਕੈਨੇਡਾ ਦੇ ਸੂਬੇ ਨੋਵਾ ਸਕੋਸ਼ੀਆਂ ‘ਚ ਸਥਿਤ ਸ਼ਹਿਰ ਹੈਲੀਫੈਕਸ ਵਿਖੇ ਇੱਕ 23 ਸਾਲਾ ਪੰਜਾਬੀ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ ਨੌਜਵਾਨ ਦੀ ਪਛਾਣ ਮੋਗਾ ਦੇ ਪਿੰਡ ਬੁੱਕਣਵਾਲਾ ਦੇ ਪ੍ਰਭਜੋਤ ਸਿੰਘ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ ਬੀਤੀ ਰਾਤ ਪ੍ਰਭਜੋਤ ਆਪਣੇ ਦੋਸਤ ਦੇ ਘਰ ਗਿਆ ਸੀ ਤੇ ਉੱਥੇ ਉਸ ਦੀ ਕੁਝ ਨੌਜਵਾਨਾਂ ਨਾਲ ਪਾਰਕਿੰਗ ਨੂੰ ਲੈ ਕੇ ਲੜਾਈ ਹੋ ਗਈ, ਜਿਸ ਦੌਰਾਨ ਨੌਜਵਾਨਾਂ ਨੇ ਉਸ ‘ਤੇ ਤੇਜਧਾਰ ਚਾਕੂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ‘ਚ ਪ੍ਰਭਜੋਤ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਤੇ ਉਸਦਾ ਕਾਫੀ ਖੂਨ ਨਿਕਲ ਗਿਆ ਉੱਥੇ ਹੀ ਐਂਬੂਲੈਂਸ ਆਉਣ ਵਿੱਚ ਦੇਰੀ ਹੋਣ ਕਾਰਨ ਪ੍ਰਭਜੋਤ ਦੀ ਮੌਤ ਹੋ ਗਈ।
ਦੱਸ ਦਈਏ ਕਿ 23 ਸਾਲਾ ਪ੍ਰਭਜੋਤ ਸਿੰਘ ਚਾਰ ਸਾਲ ਪਹਿਲਾਂ ਹੀ ਸਟੂਡੈਂਟ ਵੀਜ਼ਾ ‘ਤੇ ਕੈਨੇਡਾ ਆਇਆ ਸੀ ਅਤੇ ਉਸ ਨੇ ਪੀ.ਆਰ. ਅਪਲਾਈ ਕੀਤੀ ਹੋਈ ਸੀ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਕੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।