ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ-2 ਦਾ 96 ਸਾਲ ਦੀ ਉਮਰ ‘ਚ ਹੋਇਆ ਦੇਹਾਂਤ

Rajneet Kaur
3 Min Read

ਨਿਊਜ਼ ਡੈਸਕ: ਬ੍ਰਿਟੇਨ ਦੀ ਸਭ ਤੋਂ ਲੰਬੇ ਸਮੇਂ ਤੱਕ ਰਾਜ ਕਰਨ ਵਾਲੀ ਮਹਾਰਾਣੀ ਐਲਿਜ਼ਾਬੈਥ II ਦਾ ਵੀਰਵਾਰ ਨੂੰ ਸਕਾਟਲੈਂਡ ਦੇ ਬਾਲਮੋਰਲ ਕੈਸਲ ਵਿਖੇ ਦੇਹਾਂਤ ਹੋ ਗਿਆ। ਉਹ 96 ਸਾਲ ਦੇ ਸਨ। ਬੁੱਧਵਾਰ ਤੋਂ ਉਨ੍ਹਾਂ ਦੀ ਸਿਹਤ ਵਿਗੜ ਰਹੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਡਾਕਟਰਾਂ ਦੀ ਸਖਤ ਨਿਗਰਾਨੀ ਹੇਠ ਰੱਖਿਆ ਗਿਆ ਸੀ। ਉਨ੍ਹਾਂ ਦੇ ਦੇਹਾਂਤ ‘ਤੇ ਬ੍ਰਿਟੇਨ ‘ਚ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਗਿਆ ਹੈ ਅਤੇ ਦੇਸ਼ ਦੇ ਰਾਸ਼ਟਰੀ ਝੰਡੇ ਨੂੰ ਨੀਵਾਂ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਕਈ ਦੇਸ਼ਾਂ ਦੇ ਰਾਜ ਮੁਖੀਆਂ ਨੇ ਵੀ ਉਨ੍ਹਾਂ ਦੇ ਦੇਹਾਂਤ ‘ਤੇ ਦੁੱਖ ਜਤਾਇਆ ਹੈ।

ਸ਼ਾਹੀ ਪਰਿਵਾਰ ਨੇ ਵੀਰਵਾਰ ਨੂੰ ਜਾਰੀ ਇਕ ਬਿਆਨ ‘ਚ ਕਿਹਾ ਕਿ ਮਹਾਰਾਣੀ ਐਲਿਜ਼ਾਬੈਥ II ਨੇ ਵੀਰਵਾਰ ਦੁਪਹਿਰ ਨੂੰ ਬਾਲਮੋਰਲ ‘ਚ ਸ਼ਾਂਤੀ ਨਾਲ ਆਖਰੀ ਸਾਹ ਲਿਆ। ਉਹ ਬ੍ਰਿਟੇਨ ਵਿੱਚ ਸਭ ਤੋਂ ਲੰਬੇ ਸਮੇਂ ਤੱਕ ਰਾਜ ਕਰਨ ਵਾਲੇ ਸ਼ਾਹੀ ਪਰਿਵਾਰ ਦੇ ਮੈਂਬਰ ਸਨ। ਉਨ੍ਹਾਂ ਦੀ ਦੇਹ ਨੂੰ ਅੰਤਿਮ ਸੰਸਕਾਰ ਲਈ ਸ਼ੁੱਕਰਵਾਰ ਨੂੰ ਲੰਡਨ ਲਿਜਾਇਆ ਜਾਵੇਗਾ।

ਉਨ੍ਹਾਂ ਦੀ ਸਿਹਤ ਬਾਰੇ ਚਿੰਤਾਵਾਂ ਵਧਣ ਤੋਂ ਬਾਅਦ ਵੀਰਵਾਰ ਸਵੇਰੇ ਉਨ੍ਹਾਂ ਦਾ ਪਰਿਵਾਰ ਏਬਰਡੀਨਸ਼ਾਇਰ ਵਿੱਚ ਉਨ੍ਹਾਂ ਦੀ ਸਕਾਟਿਸ਼ ਅਸਟੇਟ ਵਿੱਚ ਇਕੱਠਾ ਹੋਣਾ ਸ਼ੁਰੂ ਹੋਗਿਆ ਸੀ। ਵੇਲਜ਼ ਦੇ ਸਾਬਕਾ ਪ੍ਰਿੰਸ, ਚਾਰਲਸ (73) ਹੁਣ ਬ੍ਰਿਟੇਨ ਦੇ ਨਵੇਂ ਬਾਦਸ਼ਾਹ ਹਨ। ਨਵੇਂ ਰਾਜੇ ਨੂੰ ਅਧਿਕਾਰਤ ਤੌਰ ‘ਤੇ ਕਿੰਗ ਚਾਰਲਸ III ਵਜੋਂ ਜਾਣਿਆ ਜਾਵੇਗਾ। ਇਸ ਦੀ ਅਧਿਕਾਰਤ ਪੁਸ਼ਟੀ ਕੀਤੀ ਗਈ ਹੈ।

ਸ਼ਾਹੀ ਪਰਿਵਾਰ ਦੁਆਰਾ ਜਾਰੀ ਇੱਕ ਬਿਆਨ ਵਿੱਚ, ਨਵੇਂ ਬਾਦਸ਼ਾਹ ਚਾਰਲਸ ਨੇ ਕਿਹਾ: “ਮੇਰੀ ਪਿਆਰੀ ਮਾਂ, ਮਹਾਰਾਣੀ ਦਾ ਦੇਹਾਂਤ ਮੇਰੇ ਅਤੇ ਮੇਰੇ ਪਰਿਵਾਰ ਦੇ ਸਾਰੇ ਮੈਂਬਰਾਂ ਲਈ ਡੂੰਘੇ ਦੁੱਖ ਦਾ ਪਲ ਹੈ। ਮੈਂ ਜਾਣਦਾ ਹਾਂ ਕਿ ਉਨ੍ਹਾਂ ਦੇ ਦਿਹਾਂਤ ਦਾ ਦੁੱਖ ਦੇਸ਼ ਅਤੇ ਰਾਸ਼ਟਰਮੰਡਲ ਅਤੇ ਦੁਨੀਆ ਭਰ ਦੇ ਅਣਗਿਣਤ ਲੋਕਾਂ ਦੁਆਰਾ ਮਹਿਸੂਸ ਕੀਤਾ ਜਾਵੇਗਾ।”

ਬ੍ਰਿਟੇਨ ਦੀ ਨਵ-ਨਿਯੁਕਤ ਪ੍ਰਧਾਨ ਮੰਤਰੀ ਲਿਜ਼ ਟਰਸ ਨੇ ਮਹਾਰਾਣੀ ਦੇ ਦੇਹਾਂਤ  ਦੀ ਖਬਰ ‘ਤੇ ਕਿਹਾ: “ਅਸੀਂ ਸਾਰੇ ਡੂੰਘੇ ਦੁੱਖ ਵਿੱਚ ਹਾਂ। ਇਹ ਦੇਸ਼ ਅਤੇ ਦੁਨੀਆ ਲਈ ਬਹੁਤ ਵੱਡਾ ਧੱਕਾ ਹੈ।ਉਨ੍ਹਾਂ ਨੇ ਮਹਾਰਾਣੀ ਨੂੰ “ਇੱਕ ਚੱਟਾਨ ਦੱਸਿਆ ਹੈ ਜਿਸ ਉੱਤੇ ਆਧੁਨਿਕ ਬ੍ਰਿਟੇਨ ਬਣਾਇਆ ਗਿਆ ਸੀ”। ਉਨ੍ਹਾਂ ਕਿਹਾ, ”ਅੱਜ ਬ੍ਰਿਟੇਨ ਜੋ ਮਹਾਨ ਦੇਸ਼ ਹੈ, ਉਹ ਉਨ੍ਹਾਂ ਦੀ ਬਦੌਲਤ ਹੈ।

ਮਹਾਰਾਣੀ ਐਲਿਜ਼ਾਬੈਥ II ਦਾ ਜਨਮ 21 ਅਪ੍ਰੈਲ 1926 ਨੂੰ ਲੰਡਨ ਦੇ ਮੇਫੇਅਰ ਇਲਾਕੇ ਦੀ ਬਰਾਊਟਨ ਸਟਰੀਟ ‘ਤੇ ਹੋਇਆ ਸੀ। ਉਹ ਯੌਰਕ ਦੇ ਡਿਊਕ ਅਤੇ ਡਚੇਸ ਦੀ ਪਹਿਲੀ ਬੱਚੀ ਸੀ। ਉਸਦੇ ਪਿਤਾ ਬਾਅਦ ਵਿੱਚ ਬ੍ਰਿਟੇਨ ਦੇ ਕਿੰਗ ਜਾਰਜ-6 ਬਣੇ, ਮਾਂ ਮਹਾਰਾਣੀ ਐਲਿਜ਼ਾਬੈਥ ਬਣੇ ਸਨ।

Disclaimer: This article is provided for informational purposes only.  The information should not be taken to represent the opinions, policy, or views of Global Punjab TV, nor any of its staff, employees, or affiliates.

Share This Article
Leave a Comment