ਵਾਸ਼ਿੰਗਟਨ : ਅਮਰੀਕਾ ਦੇ ਸੈਨ ਡਿਏਗੋ ‘ਚ ਜਲ ਸੈਨਾ ਦੇ ਇਕ ਨੇਵੀ ਬੇਸ ‘ਤੇ ਹੋਏ ਧਮਾਕੇ ਤੋਂ ਬਾਅਦ ਅੱਗ ਲੱਗਣ ਨਾਲ ਲਗਭਗ 21 ਲੋਕ ਝੁਲਸ ਗਏ। ਯੂਐਸਸੀ ਪੈਸੀਫਿਕ ਫਲੀਟ ‘ਚ ‘ਨੇਵਲ ਸਰਫੇਸ ਫੋਰਸ’ ਦੇ ਬੁਲਾਰੇ ਮਾਈਕ ਰੈਨੇ ਨੇ ਦੱਸਿਆ ਕਿ ‘ਯੂਐਸਐਸ ਬੋਨਹੋਮੇ ਰਿਚਰਡ’ ਨੂੰ ਐਤਵਾਰ ਸਵੇਰੇ ਨੌਂ ਵਜੇ ਦੇ ਕਰੀਬ ਅੱਗ ਲੱਗ ਗਈ। ਰੈਨੇ ਨੇ ਇੱਕ ਸੰਖੇਪ ਬਿਆਨ ‘ਚ ਦੱਸਿਆ ਕਿ ਇਸ ਹਾਦਸੇ ਦੌਰਾਨ ਅੱਗ ‘ਚ ਝੁਲਸੇ ਜਲ ਸੈਨਾ ਦੇ 17 ਕਰਮਚਾਰੀਆਂ ਅਤੇ ਚਾਰ ਹੋਰ ਨਾਗਰਿਕਾਂ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਇਨ੍ਹਾਂ ਸਾਰਿਆਂ ਦੀ ਹਾਲਤ ਹੁਣ ਸਥਿਰ ਹੈ। ਸਮੁੰਦਰੀ ਜ਼ਹਾਜ਼ ਵਿਚ ਹੋਏ ਧਮਾਕੇ ਅਤੇ ਅੱਗ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਰੈਨੇ ਨੇ ਅੱਗੇ ਦੱਸਿਆ ਕਿ ਹਾਦਸੇ ਸਮੇਂ ਲਗਭਗ 160 ਲੋਕ ਸਮੁੰਦਰੀ ਜਹਾਜ਼ ‘ਤੇ ਸਵਾਰ ਸਨ। ਇਸ ਦੇ ਨਾਲ ਹੀ ਐਤਵਾਰ ਨੂੰ ਨੇਵੀ ਨੇ ਇਕ ਬਿਆਨ ‘ਚ ਕਿਹਾ ਸੀ ਕਿ ਸਥਾਨਕ ਹਸਪਤਾਲ ‘ਚ 17 ਸੈਨਿਕ ਅਤੇ ਚਾਰ ਨਾਗਰਿਕ ਜ਼ੇਰੇ ਇਲਾਜ ਹਨ ਅਤੇ ਉਨ੍ਹਾਂ ਦੀ ਹਾਲਤ ਹੁਣ ਠੀਕ ਹੈ। ਸਮੁੰਦਰੀ ਜਹਾਜ਼ ‘ਤੇ ਹਰ ਕਿਸੇ ਨਾਲ ਸੰਪਰਕ ਕੀਤਾ ਗਿਆ ਹੈ ਅਤੇ ਫਾਇਰ ਟੀਮਾਂ ਨੂੰ ਅੱਗ‘ ਤੇ ਕਾਬੂ ਪਾਉਣ ਲਈ ਨਿਰਦੇਸ਼ ਦਿੱਤੇ ਗਏ ਹਨ।
ਦੱਸਿਆ ਜਾ ਰਿਹਾ ਹੈ ਕਿ ਰੋਜ਼ਾਨਾਂ ਦੀ ਦੇਖਭਾਲ ਦੌਰਾਨ ਜਹਾਜ਼ ਨੂੰ ਅੱਗ ਲੱਗ ਗਈ। ਸਮੁੰਦਰੀ ਜਹਾਜ਼ ‘ਤੇ ਚਾਲਕ ਦਲ ਦੇ ਮੈਂਬਰਾਂ ਦੀ ਗਿਣਤੀ ਲਗਭਗ 1000 ਹੈ। ਨੇਵੀ ਨੇ ਸੁਰੱਖਿਆ ਦੇ ਮੱਦੇਨਜ਼ਰ ਐਤਵਾਰ ਨੂੰ ਸਮੁੰਦਰੀ ਜਹਾਜ਼ ਵਿਚ ਸਵਾਰ ਸਾਰੇ ਮਲਾਹਾਂ ਨੂੰ ਹਟਾ ਦਿੱਤਾ ਹੈ।