’21 ਗਿਆ ’22 ਆਇਆ, ਹਾਕਮਾਂ ਲਈ ਕੀ ਲਿਆਇਆ ?

TeamGlobalPunjab
7 Min Read

ਗੁਰਮੀਤ ਸਿੰਘ ਪਲਾਹੀ

ਦੇਸ਼ ਦੇ ਹਾਕਮਾਂ ਲਈ 2021 ਸਾਲ ਭਾਰੀ ਰਿਹਾ। ਜਿਹੜੇ ਹਾਕਮ ਨਿਰੰਤਰ ਲੋਕ ਵਿਰੋਧੀ ਫ਼ੈਸਲੇ ਲੈ ਕੇ ਕਾਰਪੋਰੇਟਾਂ ਦੀਆਂ ਝੋਲੀਆਂ ਭਰ ਰਹੇ ਸਨ, ਮਨ ਆਈਆਂ ਕਰ ਰਹੇ ਸਨ, ਜਿਹੜੇ ਮੈਂ ਨਾ ਮਾਨੂੰ ਵਾਲਾ ਵਤੀਰਾ ਅਪਣਾਈ ਬੈਠੇ ਸਨ, ਉਹਨਾਂ ਨੂੰ ਦੇਸ਼ ਦੇ ਕਿਸਾਨਾਂ ਅੱਗੇ ਝੁਕਣਾ ਪਿਆ। ਕਾਲੇ ਖੇਤੀ ਕਾਨੂੰਨ ਰੱਦ ਕਰਨੇ ਪਏ ।ਇਹ ਕਿਸਾਨਾਂ ਦੀ ਇਤਿਹਾਸਿਕ ਜਿੱਤ ਸੀ, ਜਿਹਨਾ ਇਕ ਸਾਲ ਦੇ ਸਖ਼ਤ ਸੰਘਰਸ਼ ਨਾਲ ਨਵੇਂ ਦਿਸਹੱਦੇ ਸਿਰਜੇ।

ਸਾਲ 2021 ‘ਚ ਕੇਂਦਰੀ ਹਾਕਮ ਧਿਰ ਨੂੰ ਪੱਛਮੀ ਬੰਗਾਲ ‘ਚ ਵੱਡੀ ਹਾਰ ਹੋਈ। ਜਿਸ ਢੰਗ ਨਾਲ “ਆਇਆ ਰਾਮ ਗਿਆ ਰਾਮ” ਦੀ ਸਿਆਸਤ ਪੱਛਮੀ ਬੰਗਾਲ ਵਿੱਚ ਖੇਡੀ ਗਈ, ਰਿਆਇਤਾਂ ਦੇ ਗੱਫੇ ਬੰਗਾਲੀਆਂ ਨੂੰ ਬਖਸ਼ੇ। ਸਾਮ, ਦਾਮ, ਦੰਡ ਦਾ ਦਮਨਕਾਰੀ ਚੱਕਰ ਬੰਗਾਲ ‘ਚ ਖੇਡਿਆ ਗਿਆ, ਉਹ ਵੀ ਭਾਜਪਾ ਨੂੰ ਰਾਸ ਨਾ ਆਇਆ। ਬੰਗਾਲੀ ਭਾਜਪਾ ਦੇ ਭਰਮਜਾਲ ‘ਚ ਨਾ ਫਸੇ।ਇਹੋ ਖੇਡ ਸਾਲ 2021 ‘ਚ ਪੰਜਾਬ ਅਤੇ ਯੂ਼.ਪੀ. ‘ਚ ਖੇਡੀ ਜਾਣ ਲੱਗ ਪਈ ਹੈ, ਜਿਥੇ ਤਿੰਨ ਹੋਰ ਰਾਜਾਂ ‘ਚ ਵੀ ਵਿਧਾਨ ਸਭਾ ਚੋਣਾਂ ਹੋ ਰਹੀਆਂ ਹਨ।
ਹਾਕਮਾਂ ਲਈ ਇਹਨਾ ਚੋਣਾਂ ਦੀ ਕਿੰਨੀ ਮਹੱਤਤਾ ਹੈ, ਉਹ ਇਸ ਗੱਲ ਤੋਂ ਵੇਖੀ ਜਾ ਸਕਦੀ ਹੈ ਕਿ ਪ੍ਰਧਾਨ ਮੰਤਰੀ ਤਿੰਨ ਚੱਕਰ ਕੁਝ ਦਿਨਾਂ ਚ ਯੂ.ਪੀ. ਦੇ ਲਗਾ ਚੁੱਕੇ ਹਨ। ਪੰਜਾਬ ‘ਚ ਵੀ ਜਨਵਰੀ ਦੇ ਪਹਿਲੇ ਹਫ਼ਤੇ ਪੁੱਜਣਗੇ।

ਸਾਲ 2022 ਭਾਰਤ ਵਾਸੀਆਂ ਲਈ ਬਹੁਤ ਮਹੱਤਵਪੂਰਨ ਵਰ੍ਹਾ ਹੈ। ਇਸ ਵਰ੍ਹੇ ਦੀਆਂ ਚੋਣਾਂ ਨੇ 2024 ਦੀਆਂ ਲੋਕ ਸਭਾ ਚੋਣਾਂ ਲਈ ਕਿਸੇ ਵੀ ਸਿਆਸੀ ਧਿਰ ਜਾਂ ਧਿਰਾਂ ਦਾ ਰਾਜ ਭਾਗ ਲਈ ਰਾਹ ਪੱਧਰਾ ਕਰਨਾ ਹੈ।
ਸਾਲ 2022 ‘ਚ ਸੱਤ ਵਿਧਾਨ ਸਭਾਵਾਂ ਦੀਆਂ ਚੋਣਾਂ ਹੋਣੀਆਂ ਹਨ, ਪੰਜ ਸੂਬਿਆਂ ਦੀਆਂ ਫਰਵਰੀ-ਮਾਰਚ ਵਿੱਚ ਅਤੇ ਦੋ ਸੂਬਿਆਂ ਦੀਆਂ ਨਵੰਬਰ-ਦਸੰਬਰ 2022 ਵਿੱਚ। ਇਸੇ ਵਰ੍ਹੇ ਜੁਲਾਈ ਵਿੱਚ ਦੇਸ਼ ਦੇ ਰਾਸ਼ਟਰਪਤੀ ਦੀ ਚੋਣ ਹੋਣੀ ਹੈ ਅਤੇ 74 ਰਾਜ ਸਭਾ ਮੈਂਬਰ ਵੀ ਜੁਲਾਈ ‘ਚ ਚੁਣੇ ਜਾਣੇ ਹਨ।

- Advertisement -

ਫਰਵਰੀ-ਮਾਰਚ 2022 ‘ਚ ਜਿਹਨਾ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਹੋਣੀਆ ਹਨ, ਉਹਨਾ ਵਿੱਚੋਂ ਚਾਰ ਰਾਜਾਂ ‘ਚ ਭਾਜਪਾ ਦਾ ਅਤੇ ਇੱਕ ਵਿੱਚ ਕਾਂਗਰਸ ਦਾ ਰਾਜ ਹੈ। 4 ਭਾਜਪਾ ਰਾਜਾਂ ‘ਚ ਉੱਤਰਪ੍ਰਦੇਸ਼, ਉਤਰਾਖੰਡ, ਮਣੀਪੁਰ, ਗੋਆ ਸ਼ਾਮਲ ਹਨ ਜਦਕਿ ਪੰਜਾਬ ‘ਚ ਕਾਂਗਰਸ ਦਾ ਰਾਜ ਭਾਗ ਹੈ। ਉੱਤਰਪ੍ਰਦੇਸ਼ ਅਤੇ ਉੱਤਰਾਖੰਡ ਵਿੱਚ ਤਾਂ ਪਿਛਲੀਆਂ ਚੋਣਾਂ ਭਾਜਪਾ ਆਪ ਜਿੱਤੀ ਸੀ ਪਰ ਗੋਆ ਅਤੇ ਮਣੀਪੁਰ ਵਿੱਚ ਦਲ ਬਦਲੀ ਨਾਲ ਭਾਜਪਾ ਨੇ ਸਰਕਾਰਾਂ ਬਣਾ ਲਈਆਂ ਸਨ। ਮਨੀਪੁਰ ‘ਚ ਕਾਂਗਰਸ ਦੇ 28, ਭਾਜਪਾ 21, ਟੀ.ਐਮ.ਸੀ ਇੱਕ ਅਤੇ ਹੋਰ 10 ਵਿਧਾਨ ਸਭਾ ਮੈਂਬਰ ਸਨ। ਇਥੇ ਕਾਂਗਰਸ ਦੀ ਸਰਕਾਰ ਤੋੜਕੇ ਭਾਜਪਾ ਨੇ ਆਪਣੀ ਸਰਕਾਰ ਬਣਾ ਲਈ। ਗੋਆ ‘ਚ ਤਾਂ ਕਾਂਗਰਸ ਦੇ ਜਿੱਤੇ ਹੋਏ ਬਹੁਤੇ ਮੈਂਬਰ ਖਰੀਦਕੇ ਭਾਜਪਾ ਨੇ ਆਪਣੇ ਨਾਲ ਕਰ ਲਏ ਅਤੇ ਸਰਕਾਰ ਬਣਾ ਲਈ। ਯੂ.ਪੀ. ਵਿੱਚ ਕੁੱਲ 403 ਸੀਟਾਂ ਵਿੱਚੋਂ ਭਾਜਪਾ ਨੇ 312 (40 ਫ਼ੀਸਦੀ ਵੋਟਾਂ ਲੈਕੇ), 13 ਭਾਜਪਾ ਸਹਿਯੋਗੀ (2 ਫ਼ੀਸਦੀ ਵੋਟਾਂ ਲੈਕੇ) ਸਰਕਾਰ ਬਣਾ ਲਈ ਸੀ ਜਦਕਿ ਸਮਾਜਵਾਦੀ ਪਾਰਟੀ ਨੇ 21.8 ਫ਼ੀਸਦੀ ਅਤੇ ਬਸਪਾ ਨੇ 22.8 ਫ਼ੀਸਦੀ ਵੋਟਾਂ ਲਈਆਂ ਪਰ ਸਰਕਾਰ ਨਾ ਬਣਾ ਸਕੇ। ਕਾਂਗਰਸ ਨੂੰ ਸਿਰਫ਼ ਕੁੱਲ ਮਿਲਾਕੇ 7 ਸੀਟਾਂ (2 ਫ਼ੀਸਦੀ) ਮਿਲੀਆਂ ਸਨ।

ਪੰਜ ਰਾਜਾਂ ਦੀ 2022 ਫਰਵਰੀ-ਮਾਰਚ ਦੀਆਂ ਚੋਣਾਂ ‘ਚ 690 ਸੀਟਾਂ ਉਤੇ (ਭਾਵ ਕੁੱਲ 132 ਲੋਕ ਸਭਾ ਸੀਟਾਂ ਉਤੇ) ਚੋਣ ਹੋਣੀ ਹੈ। ਇਹਨਾ ਸੀਟਾਂ ਨੇ ਰਾਸ਼ਟਰਪਤੀ ਚੋਣ ਜੋ ਜੁਲਾਈ ਵਿੱਚ ਹੋਣੀ ਹੈ, ਉਤੇ ਵੱਡਾ ਪ੍ਰਭਾਵ ਪਾਉਣਾ ਹੈ, ਕਿਉਂਕਿ ਦੇਸ਼ ਵਿੱਚ ਕੁਲ ਮਿਲਾਕੇ 4120 ਵਿਧਾਨ ਸਭਾ ਸੀਟਾਂ ਹਨ ਅਤੇ ਕੁੱਲ ਮਿਲਾਕੇ 776 ਸੰਸਦ ਮੈਂਬਰ (ਲੋਕ ਸਭਾ ਅਤੇ ਰਾਜ ਸਭਾ) ਰਾਸ਼ਟਰਪਤੀ ਦੀ ਚੋਣ ‘ਚ ਹਿੱਸਾ ਲੈਂਦੇ ਹਨ। ਜੁਲਾਈ 2022 ਵਿੱਚ ਹੀ 245 ਰਾਜ ਸਭਾ ਮੈਂਬਰਾਂ ‘ਚੋਂ 74 ਰਾਜ ਸਭਾ ਦੇ ਮੈਂਬਰਾਂ ਦੀ ਚੋਣ ਹੈ, ਜਿਹਨਾ ਨੂੰ ਵਿਧਾਨ ਸਭਾ ਮੈਂਬਰ ਚੁਣਦੇ ਹਨ। ਸੋ ਰਾਸ਼ਟਰਪਤੀ ਦੀ ਚੋਣ ਵਿੱਚ ਜਿੱਤ ਲਈ ਹਾਕਮ ਧਿਰ ਨੂੰ ਖ਼ਾਸ ਤੌਰ ‘ਤੇ ਪੰਜ ਰਾਜਾਂ ਦੀਆਂ ਚੋਣਾਂ ‘ਚ ਚੰਗੇਰੀ ਕਾਰਗੁਜ਼ਾਰੀ ਦਿਖਾਉਣੀ ਪਵੇਗੀ ਅਤੇ ਵਿਰੋਧੀ ਧਿਰ ਨੂੰ ਹਾਕਮਾਂ ਨੂੰ ਚੀੱਤ ਕਰਨ ਲਈ ਜ਼ੋਰ ਲਾਉਣਾ ਹੋਵੇਗਾ।

ਪੰਜ ਰਾਜਾਂ ਦੀਆਂ ਰਾਸ਼ਟਰਪਤੀ ਇਲੈਕਟੋਰਲ ਵੋਟਾਂ ਦੀ ਕੁੱਲ ਗਿਣਤੀ 1,03, 756 ਹੈ ਜਿਸ ਵਿੱਚੋਂ 83,824 ਵੋਟਾਂ ਇਕੱਲੇ ਯੂ.ਪੀ. ਦੀਆਂ ਹਨ, ਇਸ ਕਰਕੇ ਹਾਕਮ ਧਿਰ ਵਲੋਂ ਯੂ.ਪੀ. ਜਿੱਤਣ ਲਈ ਵੱਡਾ ਜ਼ੋਰ ਲਗਾਇਆ ਜਾ ਰਿਹਾ ਹੈ, ਭਾਵੇਂ ਕਿ ਇਸ ਵੇਰ ਕਾਂਗਰਸ (ਪ੍ਰਿੰਯਕਾ ਗਾਂਧੀ ਦੀ ਅਗਵਾਈ ‘ਚ ) ਬਸਪਾ (ਮਾਇਆਵਤੀ ਦੀ ਅਗਵਾਈ ‘ਚ) ਅਤੇ ਸਮਾਜਵਾਦੀ ਪਾਰਟੀ(ਅਖਿਲੇਸ਼ ਯਾਦਵ ਦੀ ਅਗਵਾਈ ‘ਚ) ਭਾਜਪਾ ਨੂੰ ਹਾਕਮ ਧਿਰ ਬਨਣ ਤੋਂ ਰੋਕਣ ਲਈ ਚੋਣ ਸੰਗਰਾਮ ਵਿੱਚ ਨਿਤਰੇ ਹੋਏ ਹਨ।
ਨਵੰਬਰ-ਦਸੰਬਰ ਵਿੱਚ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਜਿਥੇ ਭਾਜਪਾ ਦਾ ਰਾਜ ਹੈ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਇਹ ਸੱਤ ਰਾਜਾਂ ਦੀਆਂ ਚੋਣਾਂ ‘ਚ ਸਫ਼ਲਤਾ, ਅਸਫ਼ਲਤਾ ਮੋਦੀ ਸਰਕਾਰ ਦੀ 2024 ਦੀਆਂ ਲੋਕ ਸਭਾ ਚੋਣਾਂ ਨਾਲ ਜੁੜੀ ਹੋਈ ਹੈ, ਇਸੇ ਕਰਕੇ ਪ੍ਰਧਾਨ ਮੰਤਰੀ ਅਤੇ ਦੇਸ਼ ਦਾ ਗ੍ਰਹਿਮੰਤਰੀ ਅਮਿਤ ਸ਼ਾਹ ਇਹਨਾ ਚੋਣਾਂ ‘ਚ ਧੂੰਆਧਾਰ ਪ੍ਰਚਾਰ ਕਰ ਰਹੇ ਹਨ ਅਤੇ ਕੇਂਦਰ ਸਰਕਾਰ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਕੇ ਲੋਕਾਂ ਨੂੰ ਸਬਜ਼ ਬਾਗ ਵਿਖਾ ਰਹੇ ਹਨ।

ਦੇਸ਼ ਦੀ ਪਹਿਲੀਆਂ 2014 ਤੇ 2019 ਵਾਲੀਆਂ ਲੋਕ ਸਭਾ ਦੀਆਂ ਚੋਣਾਂ ਤਾਂ ਨਰੇਂਦਰ ਮੋਦੀ ਦੇ ਨਾਮ ਉਤੇ ਲੜੀਆਂ ਗਈਆਂ ਸਨ, ਪਰ ਹੁਣ ਰਾਜਾਂ ਦੀਆਂ ਚੋਣਾਂ ਵੀ ਨਰੇਂਦਰ ਮੋਦੀ ਦੀ ਸਖ਼ਸ਼ੀਅਤ ਅਤੇ ਕਾਰਗੁਜ਼ਾਰੀ ਨੂੰ ਉਭਾਰ ਕੇ ਲੜੀਆਂ ਜਾ ਰਹੀਆਂ ਹਨ ਜਾਂ ਲੜੀਆਂ ਜਾਣਗੀਆਂ, ਕਿਉਂਕਿ ਭਾਜਪਾ ਰਾਜਾਂ ਦੇ ਮੁੱਖ ਮੰਤਰੀ ਦਾ ਸਾਸ਼ਨ ਖ਼ਾਸ ਤੌਰ ‘ਤੇ ਯੂ.ਪੀ. ਦਾ ਸਾਸ਼ਨ ਨਿੱਤ ਭੈੜੀ ਚਰਚਾ ਵਿੱਚ ਰਿਹਾ ਹੈ। ਯੂ.ਪੀ. ‘ਚ ਪ੍ਰੈੱਸ ਦੀ ਆਜ਼ਾਦੀ ਦਾ ਖਤਰੇ ‘ਚ ਪੈਣਾ, ਮਾਫ਼ੀਆ ਰਾਜ ‘ਚ ਵਾਧਾ , ਕਿਸਾਨ ਸੰਘਰਸ਼ ਦੌਰਾਨ ਦੇਸ਼ ਦੇ ਇੱਕ ਮੰਤਰੀ ਦੇ ਭਰਾ ਵਲੋਂ ਕਿਸਾਨਾਂ ਨੂੰ ਦਰੜੇ ਜਾਣਾ, ਕਿਸਾਨ ਸੰਘਰਸ਼ ਦੌਰਾਨ ਕਿਸਾਨਾਂ ਉਤੇ ਕੇਸ ਦਰਜ਼ ਕਰਨਾ ਅਤੇ ਵਿਰੋਧੀ ਧਿਰਾਂ ਦੇ ਲੋਕਾਂ ਉਤੇ ਝੂਠੇ ਮੁਕੱਦਮੇ ਦਰਜ਼ ਹੋਣਾ, ਮਹਿੰਗਾਈ, ਬੇਰੁਜ਼ਗਾਰੀ, ਗੁੰਡਾ ਗਰਦੀ ‘ਚ ਵਾਧੇ ਦੇ ਨਾਲ-ਨਾਲ ਯੂ.ਪੀ. ਦਾ ਆਰਥਿਕ ਪੱਖੋਂ ਕਮਜ਼ੋਰ ਹੋਣਾ ਨਿਸ਼ਾਨੇ ਉਤੇ ਆ ਰਿਹਾ ਹੈ।ਨਰੇਂਦਰ ਮੋਦੀ ਦਾ “ਮੋਦੀ ਹੈ ਤਾਂ ਮੁਮਕਿਨ ਹੈ” ਵਾਲਾ ਅਕਸ ਖ਼ਾਸ ਤੌਰ ‘ਤੇ ਕਰੋਨਾ ਮਹਾਂਮਾਰੀ ਸਮੇਂ ਸਮੁੱਚੇ ਦੇਸ਼ ਵਿੱਚ ਤਾਰ-ਤਾਰ ਹੋਇਆ ਹੈ, ਜਦੋਂ ਖ਼ਾਸ ਤੌਰ ‘ਤੇ ਯੂ.ਪੀ. ‘ਚ ਲਾਸ਼ਾਂ ਨੂੰ ਦਫਨਾਉਣ, ਜਲਾਉਣ ਲਈ ਥਾਂ ਨਹੀਂ ਸੀ ਮਿਲ ਰਿਹਾ, ਸਿਹਤ ਸਹੂਲਤਾਂ ਖ਼ਾਸ ਕਰਕੇ ਆਕਸੀਜਨ ਦੀ ਕਮੀ ਵੇਖਣ ਨੂੰ ਮਿਲ ਰਹੀ ਸੀ।

Share this Article
Leave a comment