20ਵੀਂ ਸਦੀ ਦੇ ਅਕਾਲੀਆਂ ਦੀਆਂ ਲਾਸਾਨੀ ਕੁਰਬਾਨੀਆਂ  – ਮੋਰਚਾ ਗੁਰੂ ਕਾ ਬਾਗ

TeamGlobalPunjab
5 Min Read

20ਵੀਂ ਸਦੀ ਦੇ ਅਕਾਲੀਆਂ ਦੀਆਂ ਲਾਸਾਨੀ ਕੁਰਬਾਨੀਆਂ  – ਮੋਰਚਾ ਗੁਰੂ ਕਾ ਬਾਗ

ਡਾ. ਗੁਰਦੇਵ ਸਿੰਘ*

ਸਿੱਖ ਕੌਮ ਦਾ ਇਤਿਹਾਸ ਵਧੇਰੇ ਕਰਕੇ ਸ਼ਹੀਦੀਆਂ ਤੇ ਕੁਰਬਾਨੀਆਂ ਨਾਲ ਓਤ ਪੋਤ ਹੈ। ਸਿੱਖਾਂ ਨੇ ਜਿੱਥੇ ਸਮੇਂ ਸਮੇਂ ਭਗੌਤੀ ਦੀ ਭਰਪੂਰ ਵਰਤੋਂ ਕੀਤੀ ਹੈ ਉੱਥੇ ਸ਼ਾਤਮਈ ਢੰਗ ਨਾਲ ਵੀ ਕਈ ਮੈਦਾਨ ਫਤਿਹ ਕੀਤੇ ਹਨ। ਇਸ ਦੇ ਲਈ ਚਾਹੇ ਸਿੱਖਾਂ ਨੂੰ ਬਿਆਨ ਨਾ ਕੀਤਾ ਜਾਣ ਵਾਲਾ ਤਸ਼ੱਦਦ ਹੀ ਕਿਉਂ ਹੀ ਨਾ ਝੱਲਣਾ ਪਿਆ ਹੋਵੇ। ਅਜਿਹਾ ਹੀ ਸੰਘਰਸ਼ 1922 ਈਸਵੀ ਨੂੰ ਅੰਮ੍ਰਿਤਸਰ ਦੀ ਧਰਤੀ ਤੇ ਵਿਢਿਆ ਗਿਆ ਜੋ ਸਿੱਖ ਇਤਿਹਾਸ ਵਿੱਚ ਗੁਰੂ ਕੇ ਬਾਗ ਦੇ ਮੋਰਚੇ ਦੇ ਰੂਪ ਵਿੱਚ ਅੰਕਿਤ ਹੈ। ਇਹ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਦਾ ਸ਼ੁਰੂਆਤੀ ਸਮਾਂ ਸੀ। ਇਸ ਮੋਰਚੇ ਵਿੱਚ ਓਸ ਸਮੇਂ ਦੇ ਜੁਝਾਰੂ ਅਕਾਲੀਆਂ ਨੇ ਬਹੁਤ ਹੀ ਬਹਾਦਰੀ ਨਾਲ ਸ਼ਾਂਤਮਈ ਢੰਗ ਨਾਲ ਮਹੰਤ ਸੁੰਦਰ ਦਾਸ ਤੋਂ ਗੁਰੂ ਕੇ ਬਾਗ ਦੇ ਪ੍ਰਬੰਧ ਪੰਥ ਦੇ ਹੱਥਾਂ ਵਿੱਚ ਲਿਆਂਦਾ।

ਅਸਲ ਵਿੱਚ ਖਾਲਸਾ ਰਾਜ ਦੌਰਾਨ ਗੁਰੂ ਘਰਾਂ ਨੂੰ ਵੱਡੀਆਂ ਜਾਗੀਰਾਂ ਲਗਾਈਆਂ ਗਈਆਂ ਸਨ ਜਿਨਾਂ ਨੂੰ ਬਾਅਦ ਵਿੱਚ ਗੁਰੁਘਰਾਂ ‘ਤੇ ਕਾਬਜ ਮਹੰਤਾਂ ਵਲੋਂ ਆਪਣੀ ਨਿੱਜੀ ਜਾਇਦਾਦ ਦੇ ਰੂਪ ਵਿੱਚ ਵਰਤਣਾ ਸ਼ੁਰੂ ਕਰ ਦਿੱਤਾ। ਇਸ ਦੇ ਨਾਲ-ਨਾਲ ਉਨ੍ਹਾਂ ਵਲੋਂ ਗੁਰ ਮਰਿਯਦਾ ਨੂੰ ਵੀ ਢਾਹ ਲਾਉਣ ਵਿੱਚ ਵੀ ਕੋਈ ਕਸਰ ਨਹੀਂ ਛੱਡੀ ਗਈ। ਉਹ ਕਿਹੜਾ ਨੀਚ ਕੰਮ ਨਹੀਂ ਸੀ ਜਿਹੜਾ ਗੁਰੂ ਘਰਾਂ ਵਿੱਚ ਨਹੀਂ ਹੋਇਆ, ਮੀਟ ਸ਼ਰਾਬ ਦਾ ਸੇਵਨ ਇੱਥੋਂ ਤਕ ਔਰਤਾਂ ਦੀ ਇੱਜਤਾਂ ਨਾਲ ਸ਼ਰੇਆਮ ਖੇਡਿਆ ਜਾਣਾ ਆਮ ਹੋ ਗਿਆ ਸੀ। ਉਹ ਚਾਹੇ ਤਰਨਤਾਰਨ ਸਾਹਿਬ ਹੋਵੇ, ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਦਾ ਗੁਰੂ ਘਰ ਹੀ ਕਿਉਂ ਨਾ ਹੋਵੇ। ਬਹੁਤਾਤ ਸਾਰੇ ਵੱਡੇ ਗੁਰੂ ਘਰਾਂ ਦੇ ਅਜਿਹੇ ਹੀ ਹਲਾਤ ਹੋ ਚੁੱਕੇ ਸਨ। ਅਜਿਹੇ ਹੀ ਹਲਾਤ ਗੁਰੂ ਕੇ ਬਾਗ ਦੇ ਸਨ ਜਿਸ ਨੂੰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਤੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਚਰਨ ਛੋਹ ਪ੍ਰਾਪਤ ਹੈ। ਇੱਥੇ ਦਾ ਮਹੰਤ ਸੁੰਦਰ ਦਾਸ ਬਹੁਤ ਹੀ ਦੁਰਾਚਾਰੀ ਤੇ ਆਯਾਸ਼ ਰੁਚੀਆਂ ਦਾ ਮਾਲਕ ਸੀ। ਉਸ ਨੂੰ ਅੰਗਰੇਜ਼ ਸਰਕਾਰ ਦੀ ਪੂਰੀ ਹਮਾਇਤ ਵੀ ਹਾਸਲ ਸੀ ।

- Advertisement -

ਗੁਰੂ ਕੇ ਬਾਗ ਦੇ ਮੋਰਚੇ ਦੀ ਸ਼ੁਰੂਆਤ 8 ਅਗਸਤ 1922 ਨੂੰ ਪੰਜ ਸਿੱਖਾਂ ਦੀ ਗ੍ਰਿਫਤਾਰੀ ਤੋਂ ਹੋਈ। ਇਹ ਸਿੰਘ ਗੁਰੂ ਕੇ ਬਾਗ ਦੀ ਜ਼ਮੀਨ ਤੋਂ ਗੁਰੂ ਕੇ ਲੰਗਰਾਂ ਲਈ ਲਕੜਾਂ ਲੈਣ ਗਏ ਸਨ। ਸਿੱਖਾਂ ਨੇ ਇਨ੍ਹਾਂ ਸਿੰਘਾਂ ਦੀ ਗ੍ਰਿਫਤਾਰੀ ਦੇ ਵਿਰੋਧ ਵਿੱਚ ਗੁਰਮਤਾ ਕਰਕੇ ਪਹਿਲਾਂ 200 ਸਿੰਘਾਂ ਦਾ ਜਥਾ ਅੰਮ੍ਰਿਤਸਰ ਤੋਂ ਫਿਰ ਗੁਰਦਾਸਪੁਰ ਤੋਂ 100 ਸਿੰਘਾਂ ਦਾ ਜਥਾ ਗੁਰੂ ਕੇ ਬਾਗ ਨੂੰ ਭੇਜਿਆ। ਇਸ ਤਰ੍ਹਾਂ 17 ਨਵੰਬਰ 1922 ਤਕ ਵੱਖ ਵੱਖ ਜਥੇ ਗੁਰੂ ਕੇ ਬਾਗ ਲਈ ਰਵਾਨਾ ਹੁੰਦੇ ਰਹੇ ਜਿਨ੍ਹਾਂ ’ਤੇ ਅੰਗਰੇਜ ਸਰਕਾਰ ਨੇ ਅੰਨਾ ਤਸ਼ੱਦਦ ਕੀਤਾ ਪਰ ਸਿੱਖਾਂ ਨੇ ਸੀਅ ਤਕ ਨਾ ਕੀਤੀ। ਸਿੱਖਾਂ ‘ਤੇ ਹੋ ਰਹੇ ਇਸ ਜ਼ੁਲਮ ਨੇ ਸਮਾਜ ਦੇ ਹਰ ਵਰਗ ਨੂੰ ਝੰਝੋੜ ਕੇ ਰੱਖ ਦਿੱਤਾ। ਹਰੇਕ ਵਰਗ ਦੇ ਲੋਕ ਭਾਰੀ ਗਿਣਤੀ ਵਿੱਚ ਗੁਰੂ ਕੇ ਬਾਗ ਪਹੁੰਚਣ ਲੱਗੇ। ਅੰਗਰੇਜ਼ ਪਾਦਰੀ ਸੀ.ਐਫ. ਐਡਂਰੀਊਜ਼, ਪੰਡਤ ਮਦਨ ਮੋਹਨ ਮਾਲਵੀਆ, ਪ੍ਰੋ. ਰੁਚੀ ਰਾਮ ਸਾਹਨੀ, ਹਕੀਮ ਅਜਮਲ ਖਾਨ, ਸ੍ਰੀਮਤੀ ਸਰੋਜਨੀ ਨਾਇਡੂ ਆਦਿ ਨੇ ਸਿੱਖਾਂ ਦੇ ਹੱਕ ਵਿੱਚ ਹਾਅ ਦਾ ਨਾਹਰਾ ਮਾਰਿਆ।ਪਾਦਰੀ ਸੀ.ਐਫ. ਐਂਡਰੀਊਜ਼ (C. F. Andrews) ਨੇ ਤਾਂ ਸਿੱਖਾਂ ‘ਤੇ ਹੋਏ ਇਸ ਅਣਮਨੁੱਖੀ ਵਰਤਾਰੇ ਸਬੰਧੀ ਕਿਹਾ ਕਿ ਮੈਂ ਅੱਜ ਅਨੇਕ ਮਸੀਹਾਂ ਉੱਤੇ ਅਤਿਆਚਾਰ ਹੁੰਦਾ ਤਕਿਆ। ਉਸ ਵਲੋਂ ਉਚ ਅਧਕਾਰੀਆਂ ਤਕ ਪਹੁੰਚ ਕੀਤੀ ਗਈ ਜਿਸ ਕਾਰਨ ਸਿੱਖਾਂ ‘ਤੇ ਹੁੰਦਾ ਤਸ਼ੱਦਦ ਰੁਕਿਆ।

ਗੁਰੂ ਕੇ ਬਾਗ ਦੇ ਮੋਰਚੇ ਦੌਰਾਨ ਅੱਠ ਸੋ ਤੋਂ ਵੱਧ ਸਿੱਖ ਜਖ਼ਮੀ ਹੋਏ ਤੇ ਪੰਜ ਹਜ਼ਾਰ ਤੋਂ ਵੱਧ ਸਿੱਖ ਗ੍ਰਿਫ਼ਤਾਰ ਹੋਏ ਅਤੇ ਕਈ ਸ਼ਹਾਦਤਾਂ ਹੋਈਆਂ। ਪੰਡਤ ਮੇਲਾ ਰਾਮ ਵਫਾ ਆਪਣੀ ਕਵਿਤਾ ਰਾਹੀਂ ਗੁਰੂ ਕੇ ਬਾਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਇਸ ਤਰ੍ਹਾਂ ਦਿੱਤੀ ਏ:

ਤਿਰੀ ਕੁਰਬਾਨੀਉਂ ਕੀ ਧੂਮ ਹੈ ਆਜ ਇਸ ਜ਼ਮਾਨੇ ਮੇਂ,

ਬਹਾਦਰ ਹੈ ਅਗਰ ਕੋਈ ਤੋ ਵੋਹ ਇਕ ਤੂ ਅਕਾਲੀ ਹੈ।

ਜ਼ਾਲਮੋਂ ਕੀ ਲਾਠੀਆਂ ਤੂ ਨੇ ਸਹੀ,  ਸੀਨਾ-ਏ-ਸਪਰ ਹੋ ਕਰ,

- Advertisement -

ਲੁਤਫ਼ ਇਸ ਪੈ ਕਿ ਲਬ ਪਹਿ, ਸ਼ਿਕਾਇਤ ਹੈ ਨਾ ਗਾਲੀ ਹੈ।

ਅਖੀਰ ਸਰ ਗੰਗਾ ਰਾਮ ਨੇ ਗੁਰੂ ਕੇ ਬਾਗ ਦੀ ਜ਼ਮੀਨ ਮਹੰਤ ਤੋਂ ਲੀਜ਼ ‘ਤੇ ਲੈ ਕੇ ਅਕਾਲੀਆਂ ਨੂੰ ਇਸ ਵਿੱਚ ਜਾਣ ਦੀ ਖੁੱਲ੍ਹ ਦੇ ਦਿੱਤੀ। ਇਸ ਤਰ੍ਹਾਂ ਇਸ ਮੋਰਚੇ ਦਾ ਅੰਤ ਹੋਇਆ। ਪੰਡਤ ਮਦਨ ਮੋਹਨ ਮਾਲਵੀਆ ਨੇ ਸਿੱਖਾਂ ਦਾ ਕੇਸ ਲੜਿਆ ਤੇ 14 ਮਾਰਚ 1923 ਨੂੰ ਸਾਰੇ ਪੰਥਕ ਆਗੂ ਜੇਲੋਂ ਬਾਹਰ ਆਏ। ਸਿੱਖਾਂ ਨੇ ਸਮੇਂ ਸਮੇਂ ‘ਤੇ ਅਨੇਕ ਅਜਿਹੇ ਸ਼ੰਘਰਸ਼ ਕੀਤੇ ਨੇ ਜਿਸ ਦੇ ਫਲਸਰੂਪ ਸਿੱਖੀ ਦਾ ਵਿਸ਼ਵਪੱਧਰ ‘ਤੇ ਪਾਸਾਰ ਹੋਇਆ ਹੈ।

* gurdevsinghdr@gmail.com

Share this Article
Leave a comment