ਮਾਸਕੋ : ਸਾਇਬੇਰੀਆ ਦੇ ਇੱਕ ਬਿਜਲੀ ਘਰ ਦੇ ਭੰਡਾਰਨ ਕੇਂਦਰ ਤੋਂ ਲਗਭਗ 20 ਹਜ਼ਾਰ ਟਨ ਡੀਜ਼ਲ ਤੇਲ ਲੀਕ ਹੋਣ ਤੋਂ ਬਾਅਦ ਸਾਇਬੇਰੀਆ ‘ਚ ਐਮਰਜੈਂਸੀ ਲਗਾ ਦਿੱਤੀ ਗਈ ਹੈ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਇਸ ਘਟਨਾ ਤੋਂ ਬਾਅਦ ਸਾਇਬੇਰੀਆ ‘ਚ ਐਮਰਜੈਂਸੀ ਦਾ ਐਲਾਨ ਕੀਤਾ ਹੈ।
ਇਹ ਘਟਨਾ ਸ਼ੁੱਕਰਵਾਰ ਨੂੰ ਮਾਸਕੋ ਤੋਂ 2,900 ਕਿਲੋਮੀਟਰ ਦੂਰ ਨੌਰਿਲਸਕ ਸ਼ਹਿਰ ਦੇ ਬਾਹਰੀ ਖੇਤਰ ‘ਚ ਸਥਿਤ ਬਿਜਲੀ ਘਰ ਵਿੱਚ ਵਾਪਰੀ। ਤੇਲ ਨੂੰ ਅੰਬਰਨਯਾ ਨਦੀ ਵਿਚ ਮਿਲਣ ਤੋਂ ਰੋਕਣ ਲਈ ਬਲੌਕਰ ਲਗਾਏ ਗਏ ਹਨ ਤਾਂ ਜੋ ਤੇਲ ਨਦੀ ‘ਚ ਨਾ ਮਿਲੇ। ਅੰਬਰਨਯਾ ਨਦੀ ‘ਚੋਂ ਇੱਕ ਝੀਲ ਨਿਕਲਦੀ ਹੈ ਜੋ ਅੱਗੇ ਜਾ ਕੇ ਇੱਕ ਨਦੀ ਵਿੱਚ ਮਿਲ ਜਾਂਦੀ ਹੈ। ਇਹ ਨਦੀ ਆਰਕਟਿਕ ਮਹਾਂਸਾਗਰ ਵੱਲ ਜਾਂਦੀ ਹੈ।
ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਬੁੱਧਵਾਰ ਨੂੰ ਇਸ ਘਟਨਾ ਬਾਰੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਇਸ ਘਟਨਾ ‘ਤੇ ਜਲਦੀ ਤੋਂ ਜਲਦੀ ਕਾਬੂ ਪਾਉਣ ਦੇ ਆਦੇਸ਼ ਦਿੱਤੇ। ਹਾਲਾਂਕਿ ਵਰਲਡ ਵਾਈਲਡ ਲਾਈਫ ਫੰਡ-ਰੂਸ ਦੇ ਡਾਇਰੈਕਟਰ ਅਲੈਕਸੀ ਨਿਜਨੀਕੋਵ ਨੇ ਕਿਹਾ ਕਿ ਇਸ ਘਟਨਾ ਨਾਲ ਮੱਛੀ ਅਤੇ ਹੋਰ ਸਰੋਤਾਂ ਨੂੰ ਭਾਰੀ ਨੁਕਸਾਨ ਹੋਵੇਗਾ। ਇਸ ਘਟਨਾ ‘ਚ ਕੁਲ ਮਿਲਾ ਕੇ ਇੱਕ ਕਰੋੜ 30 ਲੱਖ ਡਾਲਰ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ।
ਦੂਜੇ ਪਾਸੇ ਜੇਕਰ ਦੇਸ਼ ‘ਚ ਕੋਰੋਨਾ ਮਹਾਮਾਰੀ ਦੀ ਗੱਲ ਕਰੀਏ ਤਾਂ ਰੂਸ ‘ਚ ਹੁਣ ਤੱਕ ਕੋਰੋਨਾ ਦੇ 4 ਲੱਖ 32 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ 5200 ਤੋਂ ਵਧ ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ। ਦੱਸ ਦਈਏ ਕਿ ਕੋਰੋਨਾ ਸੰਕਰਮਿਤ ਮਰੀਜ਼ਾਂ ਦੇ ਲਿਹਾਜ਼ ਨਾਲ ਰੂਸ ਦੁਨੀਆ ‘ਚ ਤੀਜੇ ਨੰਬਰ ‘ਤੇ ਹੈ। ਅਮਰੀਕਾ ਅਤੇ ਬ੍ਰਾਜ਼ੀਲ ਤੋਂ ਬਾਅਦ ਕੋਰੋਨਾ ਦੇ ਸਭ ਤੋਂ ਵੱਧ ਮਾਮਲੇ ਰੂਸ ‘ਚ ਸਾਹਮਣੇ ਆਏ ਹਨ। ਹਾਂਲਾਕਿ ਰੂਸ ‘ਚ ਮੌਤ ਦਰ ਬਾਕੀ ਦੇਸ਼ਾਂ ਦੇ ਮੁਕਾਬਲੇ ਬਹੁਤ ਘੱਟ ਹੈ।