BIG NEWS : ਲੁਧਿਆਣਾ ਦੇ ਦੋ ਸਰਕਾਰੀ ਸਕੂਲਾਂ ਦੇ 20 ਵਿਦਿਆਰਥੀ ਕੋਰੋਨਾ ਪਾਜ਼ੇਟਿਵ

TeamGlobalPunjab
3 Min Read

ਲੁਧਿਆਣਾ : ਪੰਜਾਬ ‘ਚ ਕੋਰੋਨਾ ਦੇ ਮਾਮਲੇ ਮੁੜ ਤੋਂ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਦੀ ਚਿੰਤਾ ਵਧ ਗਈ ਹੈ, ਚਿੰਤਾ ਦਾ ਵੱਡਾ ਕਾਰਨ ਹੈ ਕਿ ਇਹ ਮਾਮਲੇ ਵਿਦਿਆਰਥੀਆਂ ਨਾਲ ਸਬੰਧਤ ਹਨ। ਦਰਅਸਲ ਲੁਧਿਆਣਾ ਦੇ ਦੋ ਸਰਕਾਰੀ ਸਕੂਲਾਂ ‘ਚ 20 ਵਿਦਿਆਰਥੀਆਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ, ਜਿਸ ਤੋਂ ਬਾਅਦ ਮਾਪੇ ਅਤੇ ਬੱਚਿਆਂ ‘ਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਇਹ  ਵਿਦਿਆਰਥੀ ਲੁਧਿਆਣਾ ਦੇ ਬਸਤੀ ਜੋਧੇਵਾਲ ਦੇ ਸਰਕਾਰੀ ਸਕੂਲ ਅਤੇ ਸਰਕਾਰੀ ਹਾਈ ਸਕੂਲ ਕੈਲਾਸ਼ ਨਗਰ ਲੁਧਿਆਣਾ ‘ਚ ਪੜ੍ਹਦੇ ਹਨ।

ਕੋਰੋਨਾ ਪਾਜ਼ੇਟਿਵ ਆਏ 8 ਵਿਦਿਆਰਥੀ ਬਸਤੀ ਜੋਧੇਵਾਲ ਦੇ ਸਰਕਾਰੀ ਸਕੂਲ ਦੀ 11ਵੀਂ ਅਤੇ 12ਵੀਂ ਜਮਾਤ ‘ਚ ਪੜ੍ਹਦੇ ਹਨ। ਸਕੂਲ ਦੇ ਪ੍ਰਿੰਸੀਪਲ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਪ੍ਰਿੰਸੀਪਲ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਸੋਮਵਾਰ ਨੂੰ 11ਵੀਂ ਅਤੇ 12ਵੀਂ ਦੇ 41 ਵਿਦਿਆਰਥੀਆਂ ਦੇ ਰੈਪਿਡ ਟੈਸਟ ਕੀਤੇ ਗਏ, ਜਿਸ ਦੌਰਾਨ 29 ਵਿਦਿਆਰਥੀਆਂ ਦੀ ਰਿਪੋਰਟ ਨੈਗੇਟਿਵ ਆਈ ਜਦੋਂ ਕਿ 8 ਵਿਦਿਆਰਥੀਆਂ ਦੀ ਰਿਪੋਰਟ ਸ਼ੱਕੀ ਪਾਈ ਗਈ।

ਪ੍ਰਿੰਸੀਪਲ ਨੇ ਦੱਸਿਆ ਕਿ ਅੱਜ (ਮੰਗਲਵਾਰ) ਸਵੇਰੇ ਉਨ੍ਹਾਂ ਨੂੰ ਸਰਕਾਰੀ ਡਿਸਪੈਂਸਰੀ ਤੋਂ ਸੂਚਨਾ ਮਿਲੀ ਕਿ 8 ਵਿਦਿਆਰਥੀਆਂ ਦੇ ਸੈਂਪਲ ਪਾਜ਼ੇਟਿਵ ਪਾਏ ਗਏ ਹਨ, ਜਦੋਂ ਕਿ ਬਾਕੀਆਂ ਦੀ ਰਿਪੋਰਟ 14 ਤਾਰੀਖ਼ ਤੱਕ ਆਵੇਗੀ।

ਉਧਰ ਸਰਕਾਰੀ ਹਾਈ ਸਕੂਲ ਕੈਲਾਸ਼ ਨਗਰ ਲੁਧਿਆਣਾ ਦੇ 12 ਵਿਦਿਆਰਥੀਆਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇਨਾਂ ਦੋਵੇਂ ਸਕੂਲਾਂ ਨੂੰ 24 ਅਗਸਤ ਤੱਕ ਬੰਦ ਰੱਖਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ।

- Advertisement -

 ਜ਼ਿਲਾ ਮੈਜਿਸਟਰੇਟ ਲੁਧਿਆਣਾ ਵੱਲੋਂ ਜਾਰੀ ਹੁਕਮਾਂ ਮੁਤਾਬਕ ਦੋਵੇਂ ਸਕੂਲਾਂ ਨੂੰ 14 ਦਿਨਾਂ ਲਈ ਬੰਦ ਕਰ ਦਿੱਤਾ ਗਿਆ ਹੈ ਅਤੇ ਸਕੂਲ ਦੇ ਸਾਰੇ ਸਟਾਫ਼ ਅਤੇ ਵਿਦਿਆਰਥੀਆਂ ਨੂੰ ਕੋਰੋਨਾ ਟੈਸਟ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।

ਦੱਸਣਯੋਗ ਹੈ ਕਿ ਸਕੂਲ ਖੋਲ੍ਹਣ ਤੋਂ ਪਹਿਲਾਂ ਪੰਜਾਬ ਸਰਕਾਰ ਵਲੋਂ ਨਿਰਦੇਸ਼ ਦਿੱਤੇ ਗਏ ਸਨ ਕਿ ਜੇਕਰ ਸਕੂਲ ਵਿੱਚ ਕੋਈ ਵਿਦਿਆਰਥੀ ਜਾਂ ਅਧਿਆਪਕ ਕੋਰੋਨਾ ਪਾਜ਼ੇਟਿਵ ਪਾਇਆ ਜਾਂਦਾ ਹੈ ਤਾਂ ਅਹਿਤਿਆਤ ਦੇ ਤੌਰ ‘ਤੇ ਸਕੂਲ ਅਗਲੇ ਦੋ ਹਫਤਿਆਂ ਲਈ ਬੰਦ ਰੱਖਿਆ ਜਾਵੇਗਾ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਲੁਧਿਆਣਾ ‘ਚ ਦੂਜੀ ਲਹਿਰ ਦੌਰਾਨ ਵੀ ਵੱਡੀ ਗਿਣਤੀ ਕੋਵਿਡ ਕੇਸ ਦਰਜ ਕੀਤੇ ਗਏ ਸਨ ਅਤੇ ਸੂਬੇ ਵਿੱਚ ਸਭ ਤੋਂ ਲੰਮਾ ਸਮਾਂ ਪਾਬੰਦੀਆਂ ਲੁਧਿਆਣਾ ਵਿੱਚ ਹੀ ਲਾਗੂ ਰਹੀਆਂ ਸਨ।

ਫਿਲਹਾਲ ਸਕੂਲਾਂ ਨੂੰ ਖੋਲ੍ਹਣ ਸਬੰਧੀ ਪੰਜਾਬ ਸਰਕਾਰ ਦੇ ਫ਼ੈਸਲੇ ‘ਤੇ ਮੁੜ ਤੋਂ ਸਵਾਲ ਖੜੇ ਹੁੰਦੇ ਨਜ਼ਰ ਆ ਰਹੇ ਹਨ।

- Advertisement -
Share this Article
Leave a comment