ਸ਼ਿਕਾਗੋ : ਅਮਰੀਕਾ ਵਿਚ ਦੋ ਪੰਜਾਬੀਆਂ ਨੂੰ ਕੋ.ਕੀਨ ਸਣੇ ਗ੍ਰਿਫ਼ਤਾਰ ਕੀਤਾ ਗਿਆ ਹੈ। ਇਲੀਨੌਇ ਸਟੇਟ ਪੁਲਿਸ ਦਾ ਕਹਿਣਾ ਹੈ ਕਿ ਆਇਓਵਾ ਸੂਬੇ ਦੀ ਸਰਹੱਦ ਨੇੜੇ ਇੰਟਰਸਟੇਟ 80 ’ਤੇ ਇਕ ਸੈਮੀ-ਟ੍ਰੇਲਰ ਦੀ ਤਲਾਸ਼ੀ ਦੌਰਾਨ 1146 ਪਾਊਂਡ ਕੋਕੀਨ ਬਰਾਮਦ ਕੀਤੀ ਗਈ ਹੈ। ਜਿਸ ਤੋਂ ਬਾਅਦ ਕੈਨੇਡਾ ਦੇ ਉਨਟਾਰੀਓ ਸੂਬੇ ਨਾਲ ਸਬੰਧਤ ਵੰਸ਼ਪ੍ਰੀਤ ਸਿੰਘ ਤੇ ਮਨਪ੍ਰੀਤ ਸਿੰਘ ਵਿਰੁੱਧ ਵੱਖ ਵੱਖ ਦੋਸ਼ ਆਇਦ ਕਰ ਦਿਤੇ ਗਏ। ਇਲੀਨੌਇ ਸਟੇਟ ਪੁਲਿਸ ਦੇ ਡਾਇਰੈਕਟਰ ਬਰੈਂਡਨ ਕੈਲੀ ਨੇ ਦੱਸਿਆ ਕਿ ਆਪਣੀਆਂ ਕਮਿਊਨਿਟੀਜ਼ ਨੂੰ ਖਤਰਨਾਕ ਨਸ਼ਿਆਂ ਤੋਂ ਸੁਰੱਖਿਅਤ ਰੱਖਣ ਦੇ ਉਪਰਾਲੇ ਤਹਿਤ ਨਸ਼ਾ ਤਸਕਰਾਂ ਦੀ ਨਕੇਲ ਕਸੀ ਜਾ ਰਹੀ ਹੈ ਅਤੇ ਹਾਈਵੇਜ਼ ਤੋਂ ਲੰਘਦੇ ਟਰੱਕਾਂ ਦੀ ਤਲਾਸ਼ੀ ਲੈਣ ਦਾ ਸਿਲਸਿਲਾ ਜਾਰੀ ਹੈ। ਦਸਣਾ ਬਣਦਾ ਹੈ ਕਿ ਅਮਰੀਕਾ ਵਿਚ ਪੰਜਾਬੀ ਟਰੱਕ ਡਰਾਈਵਰਾਂ ਕੋਲੋਂ ਭਾਰੀ ਮਾਤਰਾ ਵਿਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਜਾਣ ਦਾ ਇਹ ਕੋਈ ਪਹਿਲਾ ਮਾਮਲਾ ਸਾਹਮਣੇ ਨਹੀਂ ਆਇਆ।
ਵੰਸ਼ਪ੍ਰੀਤ ਸਿੰਘ (27) ਅਤੇ ਮਨਪ੍ਰੀਤ ਸਿੰਘ ( 36) ਨੂੰ ਅਦਾਲਤ ‘ਚ ਪਹਿਲੀ ਪੇਸ਼ੀ ਹੋਣ ਤੱਕ ਹੈਨਰੀ ਕਾਊਂਟੀ ਦੀ ਜੇਲ ਵਿਚ ਰੱਖਿਆ ਗਿਆ ਹੈ। ਦੱਸ ਦਈਏ ਕਿ ਸਤੰਬਰ ਮਹੀਨੇ ਦੌਰਾਨ ਇੰਡਿਆਨਾ ਸੂਬੇ ਵਿਚ ਇਟੋਬੀਕੋ ਦੇ ਨਸੀਬ ਚਿਸ਼ਤੀ 300 ਪਾਊਂਡ ਕੋਕੀਨ ਸਣੇ ਕਾਬੂ ਕੀਤਾ ਗਿਆ। ਬੀਤੀ 15 ਅਕਤੂਬਰ ਨੂੰ ਪੀਲ ਰੀਜਨ ਨਾਲ ਸਬੰਧਤ 29 ਸਾਲ ਦੇ ਸੁਖਜਿੰਦਰ ਸਿੰਘ ਨੂੰ ਮਿਸ਼ੀਗਨ ਵਿਖੇ ਨਸ਼ਾ ਤਸਕਰੀ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਮੁਤਾਬਕ ਸੁਖਜਿੰਦਰ ਸਿੰਘ ਕੋਲੋਂ ਕਥਿਤ ਤੌਰ ’ਤੇ 16.5 ਮਿਲੀਅਨ ਡਾਲਰ ਦੀ ਕੋਕੀਨ ਬਰਾਮਦ ਕੀਤੀ ਗਈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।