ਕੈਨੇਡਾ ‘ਚ ਪੰਜਾਬੀ ਠੇਕਾ ਲੁੱਟ ਕੇ ਫਰਾਰ, ਪੁਲਿਸ ਨੇ ਮਗਰ ਲਾਇਆ ਹੈਲੀਕਾਪਟਰ, 2 ਗ੍ਰਿਫ਼ਤਾਰ

Prabhjot Kaur
3 Min Read

ਟੋਰਾਂਟੋ : ਕੈਨੇਡਾ ਦੇ ਉਨਟਾਰੀਓ ਸੂਬੇ ਦੀ ਪੁਲਿਸ ਨੇ 23 ਸਾਲ ਦੇ ਅਜੀਤਪਾਲ ਗਿੱਲ ਅਤੇ 40 ਸਾਲ ਦੇ ਗੁਰਵਿੰਦਰ ਕੰਗ ਨੂੰ ਕਾਬੂ ਕੀਤਾ ਹੈ ਜਿਨ੍ਹਾਂ ਵਿਰੁੱਧ ਸ਼ਰਾਬ ਦਾ ਠੇਕਾ ਲੁੱਟਣ ਅਤੇ ਟਰੱਕ ਲੁੱਟਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਆਇਦ ਕੀਤੇ ਗਏ ਹਨ।

ਡਰਹਮ ਰੀਜਨ ਦੀ ਪੁਲਿਸ ਵੱਲੋਂ ਇਕ ਵੀਡੀਓ ਜਾਰੀ ਕੀਤੀ ਗਈ ਹੈ ਜਿਸ ਵਿਚ ਲਿਕਰ ਕੰਟਰੋਲ ਬੋਰਡ ਆਫ਼ ਉਨਟਾਰੀਓ ਦਾ ਸਟੋਰ ਲੁੱਟ ਕੇ ਫਰਾਰ ਹੋਏ ਸ਼ੱਕੀਆਂ ਦਾ ਪਿੱਛਾ ਕਰਦਿਆਂ ਦਿਖਾਇਆ ਗਿਆ ਹੈ। ਪੁਲਿਸ ਨੇ ਦੱਸਿਆ ਕਿ ਡਰਹਮ ਰੀਜਨ ਵਿਚ ਪੈਂਦੇ ਕੋਰਟਿਸ ਸ਼ਹਿਰ ਦੇ ਕਿੰਗ ਸਟ੍ਰੀਟ ਈਸਟ ਅਤੇ ਟਾਊਨਲਾਈਨ ਰੋਡ ਇਲਾਕੇ ਵਿਚ ਮੰਗਲਵਾਰ ਸ਼ਾਮ ਇਕ ਸ਼ਰਾਬ ਦੇ ਠੇਕਾ ਲੁੱਟਣ ਦੀ ਇਤਲਾਹ ਮਿਲੀ। ਪੁਲਿਸ ਮੁਤਾਬਕ ਦੋ ਜਣਿਆਂ ਨੇ ਠੇਕਾ ਲੁੱਟਿਆ ਅਤੇ ਇੱਕ ਪਿਕਅੱਪ ਟਰੱਕ ‘ਚ ਸ਼ਰਾਬ ਦੀਆਂ ਬੋਤਲਾਂ ਲੱਦ ਕੇ ਲੈ ਗਏ। ਇਸੇ ਦੌਰਾਨ ਬੋਅਮਨਵਿਲ ਵਿਖੇ ਹਾਈਵੇਅ 2 ‘ਤੇ ਸ਼ਕੀਆ ਨੇ ਇਕ ਗੱਡੀ ਨੂੰ ਟੱਕਰ ਮਾਰ ਦਿਤੀ। ਇਹ ਥਾਂ ਲੁੱਟ ਵਾਲੇ ਸ਼ਰਾਬ ਦੇ ਸਟੋਰ ਤੋਂ 9 ਕਿਲੋਮੀਟਰ ਪੂਰਬ ਵੱਲ ਸੀ ਅਤੇ ਹਾਦਸੇ ਦੌਰਾਨ ਪਿਕਅਪ ਟਰੱਕ ਦਾ ਕਾਫੀ ਨੁਕਸਾਨ ਹੋ ਗਿਆ। ਹਾਦਸੇ ਕਾਰਨ ਸ਼ਕਕਿਆਂ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ ਪਰ ਉਹ ਮੌਕੇ ਤੋਂ ਫਰਾਰ ਹੋ ਗਏ।

ਪੁਲਿਸ ਨੇ ਸ਼ੱਕੀਆਂ ਦੀ ਗੱਡੀ ਲੋਕ ਲਈ ਜੋ ਹਾਈਵੇਅ 401 ਤੇ ਪੱਛਮ ਵੱਲ ਜਾ ਰਹੀ ਸੀ। ਇਸੇ ਦੌਰਾਨ ਡਰਹਮ ਪੁਲਿਸ ਦੇ ਹੈਲੀਕਾਪਟਰ ਨੇ ਸ਼ੱਕੀਆਂ ਦੀ ਗੱਡੀ ‘ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਅਤੇ ਸੜਕੀ ਰਸਤੇ ਪਿੱਛਾ ਕਰਨਾ ਬੰਦ ਕਰ ਦਿੱਤਾ ਗਿਆ। ਪੁਲਿਸ ਮੁਤਾਬਕ ਵਿਟਬੀ ਵਿਖੇ ਪਹੁੰਚ ਕੇ ਸ਼ੱਕੀਆਂ ਹਾਈਵੇਅ ਛੱਡ ਦਿਤਾ ਅਤੇ ਸ਼ਹਿਰ ਦੇ ਸਾਊਥ ਬਲੇਅਰ ਸਟ੍ਰੀਟ ਤੇ ਵਾਟਰ ਸਟ੍ਰੀਟ ਇਲਾਕੇ ਵੱਲ ਚਲੇ ਗਏ। ਸ਼ੱਕੀਆਂ ਵਲੋਂ ਇਥੋਂ ਇੱਕ ਟ੍ਰੈਕਟਰ ਟਰੇਲਰ ਖੋਹਣ ਦਾ ਯਤਨ ਕੀਤਾ ਗਿਆ ਪਰ ਪੁਲਿਸ ਅਫਸਰਾਂ ਦੇ ਸਮੇਂ ਸਿਰ ਪੁੱਜਣ ਸਦਕਾ ਕੋਸ਼ਿਸ਼ ਅਸਫ਼ਲ ਹੋ ਗਈ ਅਤੇ ਦੋਵੇਂ ਅੜਿਕ ਆ ਗਏ।

ਪੁਲਿਸ ਵੱਲੋਂ ਜਾਰੀ ਫੁਟੇਜ ਵਿਚ ਦੇਖਿਆ ਜਾ ਸਕਦਾ ਹੈ ਕਿ ਉਹ ਹਾਈਵੇਅ 401 ਤੇ ਬਹੁਤ ਜ਼ਿਆਦਾ ਤੇਜ਼ ਰਫ਼ਤਾਰ ਨਾਲ ਪਿਕਅੱਪ ਟਰੱਕ ਚਲਾ ਰਹੇ ਸਨ। ਇਸ ਤੋਂ ਪਹਿਲਾਂ ਕਿ ਉਹ ਟਰੈਕਟਰ ਟ੍ਰੇਲਰ ਖੋਹ ਕੇ ਫਰਾਰ ਹੁੰਦੇ, ਪੁਲਿਸ ਨੇ ਘੇਰਾ ਪਾ ਲਿਆ। ਬਰੈਂਪਟਨ ਦੇ ਅਜੀਤਪਾਲ ਗਿੱਲ ਵਿਰੁੱਧ 13 ਦੋਸ਼ ਆਇਦ ਕੀਤੇ ਗਏ ਹਨ ਜਦਕਿ ਬਰੈਂਪਟਨ ਦੇ ਹੀ ਗੁਰਵਿੰਦਰ ਕੰਗ ਵਿਰੁੱਧ 11 ਦੋਸ਼ ਲੱਗੇ ਹਨ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਸ਼ਰਾਬ ਦਾ ਸਟੋਰ ਲੁੱਟਣ ਦੀ ਘਟਨਾ ਜਾਂ ਬਰੈਂਪਟਨ ਨਾਲ ਸਬੰਧਤ ਇਨ੍ਹਾਂ ਦੋਹਾਂ ਜਣਿਆਂ ਬਾਰੇ ਕਈ ਹੋਰ ਜਾਣਕਾਰੀ ਹੋਵੇ ਤਾਂ ਉਹ ਤੁਰੰਤ ਜਾਂਚਕਰਤਾਵਾਂ ਨਾਲ ਸੰਪਰਕ ਕਰੋ।

- Advertisement -

Share this Article
Leave a comment