ਮੈਲਬਰਨ: ਆਸਟਰੇਲੀਆ ਪੁਲਿਸ ਨੇ ਦੋ ਭਾਰਤੀਆਂ ਸਣੇ 7 ਲੋਕਾਂ ਨੂੰ ਜੇਬ ਕੱਟਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ। ਵੀਰਵਾਰ ਨੂੰ ਫੜੇ ਗਏ ਦੋਸ਼ੀਆਂ ‘ਚ ਤਿੰਨ ਔਰਤਾਂ ਵੀ ਸ਼ਾਮਲ ਸਨ ਤੇ ਗਰੋਹ ਦੇ ਪੰਜ ਮੈਂਬਰ ਸ੍ਰੀਲੰਕਾਈ ਨਾਗਰਿਕ ਹਨ। ਦੋ ਗ੍ਰਿਫਤਾਰ ਕੀਤੇ ਗਏ ਭਾਰਤੀ ਨਾਗਰਿਕਾਂ ਵਿੱਚ ਇੱਕ ਮਹਿਲਾ ਵੀ ਸ਼ਾਮਲ ਹੈ।
ਇਹ ਪਿਛਲੇ ਦੋ ਮਹੀਨੇ ਤੋਂ ਮੈਲਬਰਨ ਦੇ ਸੈਂਟਰਲ ਬਿਜ਼ਨਸ ਡਿਸਟਰਿਕਟ ਵਿੱਚ ਟਰੇਨ, ਬੱਸ ‘ਚ ਸਫਰ ਕਰਨ ਵਾਲੇ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਸਨ। ਕਈ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੇ ਇਨ੍ਹਾਂ ਨੂੰ ਫੜਨ ਲਈ ‘ਆਪਰੇਸ਼ਨ ਗੇਲਫੋਰਸ’ ਚਲਾਇਆ ਸੀ ।
ਵਿਕਟੋਰੀਆ ਪੁਲਿਸ ਦੀ ਪ੍ਰਵਕਤਾ ਮੇਲਿਸਾ ਸੀਚ ਨੇ ਕਿਹਾ ਗਰੋਹ ਦੇ ਸਾਰੇ ਮੈਬਰਾਂ ਨੂੰ ਵੱਖ – ਵੱਖ ਥਾਵਾਂ ਤੋਂ ਗ੍ਰਿਫਤਾਰ ਕੀਤਾ ਗਿਆ। ਆਸਟਰੇਲੀਅਨ ਬੋਰਡਰ ਪੁਲਿਸ ਇਨ੍ਹਾਂ ਵਿਦੇਸ਼ੀ ਨਾਗਰਿਕਾਂ ਨੂੰ ਡਿਪੋਰਟ ਕਰਨ ‘ਤੇ ਵਿਚਾਰ ਕਰ ਸਕਦੀ ਹੈ ਇਨ੍ਹਾਂ ਸਾਰਿਆਂ ‘ਤੇ ਚੋਰੀ ਦਾ ਮਾਮਲਾ ਦਰਜ ਕੀਤਾ ਗਿਆ ਹੈ।
ਪੁਲਿਸ ਨੇ ਟੀਮ ਬਣਾ ਕੇ ਪ੍ਰਮੁੱਖ ਥਾਵਾਂ ‘ਤੇ ਰੱਖੀ ਨਜ਼ਰ
ਸਾਰਜੈਂਟ ਕਰਿਸ ਓ ਬਰੀਨ ਨੇ ਕਿਹਾ ਕਿ ਅਸੀਂ ਸ਼ਹਿਰ ਵਿੱਚ ਹੋ ਰਹੀ ਚੋਰੀਆਂ ਅਤੇ ਜੇਬ ਕੱਟਣ ਦੇ ਮਾਮਲਿਆਂ ਦੀ ਜਾਂਚ ਕੀਤੀ। ਦੋਸ਼ੀ ਮੌਕੇ ਦੇ ਹਿਸਾਬ ਨਾਲ ਇਕੱਠੇ ਮਿਲ ਕੇ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਵਿਕਟੋਰੀਆ ਪੁਲਿਸ ਨੇ ਇਸਨੂੰ ਗੰਭੀਰਤਾ ਨਾਲ ਲਿਆ ਤੇ ਕਈ ਟੀਮਾਂ ਬਣਾ ਕੇ ਪ੍ਰਮੁੱਖ ਥਾਵਾਂ ‘ਤੇ ਨਜ਼ਰ ਰੱਖੀ ਅਤੇ ਦੋਸ਼ੀਆਂ ਨੂੰ ਕਾਬੂ ਕਰ ਲਿਆ ।