ਇਟਲੀ ਦੇ ਗੁਰਦੁਆਰਾ ਸਾਹਿਬ ਤੋਂ ਬਾਹਰ ਨਿਕਲਦੇ ਸਮੇਂ 2 ਭਾਰਤੀ ਨਾਗਰਿਕਾਂ ਦੀ ਗੋਲੀ ਮਾਰ ਕੇ ਹੱਤਿਆ, ਹਮਲਾਵਰ ਫਰਾਰ

Global Team
2 Min Read

 ਰੋਮ: ਇਟਲੀ ਦੇ ਇੱਕ ਗੁਰਦੁਆਰਾ ਸਾਹਿਬ ਤੋਂ ਬਾਹਰ ਨਿਕਲਦੇ ਸਮੇਂ ਦੋ ਭਾਰਤੀਆਂ ਦੀ ਗੋਲੀ ਮਾਰ ਕੇ ਹੱਤਿਆ ਕੀਤੇ ਜਾਣ ਤੋਂ ਬਾਅਦ ਇਟਲੀ ਵਿੱਚ ਸਨਸਨੀ ਫੈਲ ਗਈ ਹੈ। ਇਹ ਘਟਨਾ ਇਟਲੀ ਦੇ ਬਰਗਾਮੋ ਸੂਬੇ ਦੇ ਕੋਵੋ ਸ਼ਹਿਰ ਵਿੱਚ ਵਿਸਾਖੀ ਤਿਉਹਾਰ ਦੌਰਾਨ ਵਾਪਰੀ ਹੈ। ਦੱਸਿਆ ਜਾ ਰਿਹਾ ਹੈ ਕਿ ਹਮਲਾਵਰ ਗੁਰਦੁਆਰੇ ਤੋਂ ਬਾਹਰ ਨਿਕਲਦੇ ਸਮੇਂ ਦੋ ਭਾਰਤੀ ਵਿਅਕਤੀਆਂ ਨੂੰ ਗੋਲੀ ਮਾਰ ਕੇ ਭੱਜ ਗਿਆ ਸੀ।

ਇਟਲੀ ਦੇ ਸਥਾਨਿਕ ਮੀਡੀਆ ਨੇ ਐਤਵਾਰ ਨੂੰ ਦੱਸਿਆ ਕਿ ਹਮਲਾ ਸ਼ੁੱਕਰਵਾਰ ਦੀ ਅੱਧੀ ਰਾਤ ਤੋਂ ਕੁਝ ਮਿੰਟ ਪਹਿਲਾਂ ਹੋਇਆ ਹੈ। ਰਿਪੋਰਟ ਅਨੁਸਾਰ ਇਹ ਘਟਨਾ ਸ਼ਹਿਰ ਦੇ ਸਨਅਤੀ ਖੇਤਰ ‘ਚ ਸਥਿਤ ਗੁਰਦੁਆਰਾ ਮਾਤਾ ਸਾਹਿਬ ਕੌਰ ਜੀ ਦੇ ਸਾਹਮਣੇ ਚੌਕ ‘ਚ ਵਾਪਰੀ ਹੈ। ਮ੍ਰਿਤਕਾਂ ਦੀ ਪਛਾਣ ਰਗਿੰਦਰ ਸਿੰਘ (48 ਸਾਲ) ਵਾਸੀ ਕੋਵੋ ਅਤੇ ਗੁਰਮੀਤ ਸਿੰਘ (48 ਸਾਲ) ਵਾਸੀ ਅਗਨਾਡੇਲੋ ਵਜੋਂ ਹੋਈ ਹੈ।

ਰਿਪੋਰਟ ਅਨੁਸਾਰ ਹਮਲਾਵਰ ਆਦਮੀਆਂ ਕੋਲ ਗਿਆ, ਉਨ੍ਹਾਂ ‘ਤੇ ਗੋਲੀ ਚਲਾ ਦਿੱਤੀ ਅਤੇ ਫਿਰ ਕਾਰ ‘ਚ ਫਰਾਰ ਹੋ ਗਿਆ। ਮੁੱਢਲੀ ਜਾਂਚ ਅਨੁਸਾਰ ਅਚਾਨਕ ਹੋਈ ਲੜਾਈ ਖ਼ੂਨ-ਖ਼ਰਾਬੇ ਵਿੱਚ ਬਦਲਣ ਦੀ ਸੰਭਾਵਨਾ ਤੋਂ ਇਨਕਾਰ ਕੀਤਾ ਗਿਆ ਹੈ।  ਇੱਕ ਗਵਾਹ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਗੋਲੀ ਚਲਾਉਣ ਵਾਲਾ ਵੀ “ਇੱਕ ਭਾਰਤੀ” ਸੀ ਜੋ ਅਕਸਰ ਉਸੇ ਗੁਰਦੁਆਰੇ ਵਿੱਚ ਆਉਂਦਾ ਸੀ। ਗਵਾਹ ਦੇ ਅਨੁਸਾਰ, ਇੱਕ ਤੀਜਾ ਵਿਅਕਤੀ ਵੀ ਇੱਕ ਗੋਲੀ ਨਾਲ ਜ਼ਖਮੀ ਹੋ ਗਿਆ ਸੀ। ਘਟਨਾ ਤੋਂ ਅਗਲੇ ਦਿਨ ਸ਼ਨੀਵਾਰ ਨੂੰ ਨੇੜਲੇ ਸਥਾਨਿਕ ਸੰਸਥਾਵਾਂ ਨਾਲ ਵਿਸਾਖੀ ਦੇ ਅਧਿਕਾਰਤ ਜਸ਼ਨ ਦੀ ਯੋਜਨਾ ਬਣਾਈ ਗਈ ਸੀ।

Share This Article
Leave a Comment