ਐਸਟੀਐਫ ਨੇ 197 ਕਿਲੋਂ ਹੈਰੋਇਨ ਮਾਮਲੇ ‘ਚ ਅਕਾਲੀ ਆਗੂ ਅਨਵਰ ਮਸੀਹ ਨੂੰ ਕੀਤਾ ਗ੍ਰਿਫਤਾਰ

TeamGlobalPunjab
2 Min Read

ਅੰਮ੍ਰਿਤਸਰ: ਸਪੈਸ਼ਲ ਟਾਸਕ ਫੋਰਸ ਅਤੇ ਨਾਰਕੋਟਿਕਸ ਸੈਂਟਰਲ ਬਿਊਰੋ ਵੱਲੋਂ ਇੱਕ ਸੰਯੁਕਤ ਆਪਰੇਸ਼ਨ ਦੌਰਾਨ 194 ਕਿੱਲੋਗ੍ਰਾਮ ਹੈਰੋਇਨ ਅਤੇ ਸਿੰਥੈਟਿਕ ਡਰਗ ਬਣਾਉਣ ਲਈ ਵਰਤੇ ਜਾਣ ਵਾਲੇ ਖਤਰਨਾਕ ਕੈਮਿਕਲਾਂ ਦੀ ਬਰਾਮਦਗੀ ਵਿੱਚ ਸਬਾਰਡੀਨੇਟ ਸਰਵਿਸਿਜ਼ ਬੋਰਡ (ਐਸਐਸਬੀ) ਦੇ ਸਾਬਕਾ ਮੈਂਬਰ ਅਤੇ ਅਕਾਲੀ ਆਗੂ ਨੂੰ ਵੀ ਬੁੱਧਵਾਰ ਗ੍ਰਿਫਤਾਰ ਕਰ ਲਿਆ ਗਿਆ ਹੈ। ਐਸਟੀਐਫ ਨੇ ਅਨਵਰ ਮਸੀਹ ਨੂੰ ਅਦਾਲਤ ਵਿੱਚ ਪੇਸ਼ ਕਰ ਦੋ ਦਿਨਾਂ ਦਾ ਰਿਮਾਂਡ ਲੈ ਲਿਆ ਹੈ।

ਇਸ ਗੱਲ ਦੀ ਜਾਣਕਾਰੀ ਐਸਟੀਐਫ ਦੇ ਏਆਈਜੀ ਰਸ਼ਪਾਲ ਸਿੰਘ ਨੇ ਦਿੱਤੀ ਹੈ। ਇਸ ਤੋਂ ਪਹਿਲਾਂ ਦੋ ਮਨੀ ਐਕਸਚੇਂਜਰਾਂ ਨੂੰ ਪੁਲਿਸ ਦੋ ਦਿਨ ਪਹਿਲਾਂ ਗ੍ਰਿਫਤਾਰ ਕਰ ਚੁੱਕੀ ਹੈ। ਐਸਟੀਐਫ ਦੇ ਸੂਤਰਾਂ ਮੁਤਾਬਕ ਦੋਵੇਂ ਭਰਾ ਹਨ ਤੇ ਹੁਣ ਤੱਕ 25 ਲੱਖ ਦੀ ਡਰਗ ਮਨੀ ਦਿੱਲੀ ਤੋਂ ਅਰੈਸਟ ਹੋਏ ਇੱਕ ਹੋਰ ਮਨੀ ਐਕਸਚੇਂਜਰ ਹਰਮੀਤ ਸਿੰਘ ਜ਼ਰੀਏ ਟਰਾਂਸਫਰ ਕਰ ਚੁੱਕੇ ਹਨ।

ਸਪੈਸ਼ਲ ਟਾਸਕ ਫੋਰਸ ਵੱਲੋਂ ਗ੍ਰਿਫਤਾਰ ਕੀਤੇ ਗਏ ਦੋਵੇਂ ਮਨੀ ਐਕਸਚੇਂਜਰਾਂ ਵਾਰੇ ਖੁਲਾਸਾ ਨਹੀਂ ਕਰ ਰਹੀ ਹੈ। ਇਨ੍ਹਾਂ ਦੋਵਾਂ ਦੇ ਤਾਰ ਸਰਹੱਦ ਪਾਰ ਦੇ ਇੰਟਰਨੈਸ਼ਨਲ ਤਸਕਰਾਂ ਦੇ ਨਾਲ ਜੁੜੇ ਹੋਣ ਦੀ ਸੰਭਾਵਨਾ ਹੈ। ਹਰਮੀਤ ਦੀ ਗ੍ਰਿਫਤਾਰੀ ਨਾਲ ਕਈ ਖੁਲਾਸੇ ਹੋ ਰਹੇ ਹਨ। ਇਸ ਰੈਕੇਟ ਵਿੱਚ ਸ਼ਾਮਲ ਅਨਵਰ ਮਸੀਹ ਗ੍ਰਿਫਤਾਰ ਹੋਣ ਵਾਲਾ ਪਹਿਲਾ ਸਿਆਸੀ ਆਗੂ ਹੈ।

ਜ਼ਿਕਰਯੋਗ ਹੈ ਕਿ ਸੁਲਤਾਨਵਿੰਡ ਦੇ ਇਕ ਘਰ ਵਿੱਚ ਨਾਜਾਇਜ ਡਰੱਗ ਫੈਕਟਰੀ ਚਲਦੀ ਸੀ ਜਿੱਥੋਂ ਇਨ੍ਹਾਂ ਨਸ਼ਿਆਂ ਦੀ ਬਰਾਮਦਗੀ ਕੀਤੀ ਗਈ ਸੀ। ਇਹ ਘਰ ਅਨਵਰ ਮਸੀਹ ਦੇ ਨਾਂ ‘ਤੇ ਰਜਿਸਟਰ ਹੈ। ਹਾਲਾਂਕਿ ਮਸੀਹ ਵੱਲੋਂ ਦਾਅਵਾ ਕੀਤਾ ਜਾ ਰਿਹਾ ਸੀ ਕਿ ਉਸਨੇ 6 ਮੁਲਜਮਾਂ ਨੂੰ ਇਹ ਮਕਾਨ ਕਿਰਾਏ ‘ਤੇ ਦਿੱਤਾ ਸੀ। ਜਿਨ੍ਹਾਂ ਨੂੰ ਉਥੋਂ ਗ੍ਰਿਫਤਾਰ ਕਰ ਲਿਆ ਗਿਆ ਪਰ ਉਹ ਮਕਾਨ ਕਿਰਾਏ ‘ਤੇ ਦੇਣ ਸਬੰਧੀ ਕੋਈ ਲਿਖਤੀ ਦਸਤਾਵੇਜ਼ ਜਾ ਕਿਰਾਇਆਨਾਮਾ ਪੇਸ਼ ਕਰਨ ਵਿੱਚ ਅਸਫਲ ਰਿਹਾ ਅਤੇ ਆਲੇ-ਦੁਆਲੇ ਦੇ ਲੋਕ ਵੀ ਇੱਥੇ ਰਹਿੰਦੇ ਕਿਸੇ ਵੀ ਕਿਰਾਏਦਾਰ ਤੋਂ ਅਣਜਾਣ ਸਨ।
ਪੁਲਿਸ ਵੱਲੋਂ ਕੀਤੀ ਜਾਂਚ ‘ਚ ਇਹ ਵੀ ਸਾਹਮਣੇ ਆਇਆ ਹੈ ਕਿ ਇਸ ਰੈਕੇਟ ਦਾ ਪਰਦਾਫਾਸ ਕਰਨ ਤੋਂ ਪਹਿਲਾਂ ਦੋਸ਼ੀ ਵੱਲੋਂ ਮਸੀਹ ਦੇ ਘਰ ਨੂੰ ਇੱਕ ਮਹੀਨੇ ਤੋਂ ਵੱਧ ਸਮੇਂ ਤੱਕ ਨਸ਼ਿਆਂ ਨੂੰ ਬਣਾਉਣ ਲਈ ਵਰਤਿਆ ਜਾਂਦਾ ਰਿਹਾ ਹੈ।

Share this Article
Leave a comment